‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਬ੍ਰਿਟੇਨ ਦੇ ਮੁਸਲਿਮ ਭਾਈਚਾਰੇ ਨਾਲ ਸਬੰਧਤ ਬੁੱਧੀਜੀਵੀਆਂ ਤੇ ਲੀਡਰਾਂ ਨੇ ਕਿਹਾ ਹੈ ਕਿ ਕੋਵਿਡ-19 ਟੀਕੇ ਦੀ ਵਰਤੋਂ ਕਰਨ ‘ਤੇ ਰਮਜ਼ਾਨ ਦੇ ਰੋਜ਼ੇ ’ਚ ਕੋਈ ਝਗੜੇ ਵਾਲੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਰਮਜ਼ਾਨ ਦੁਨੀਆ ਭਰ ਦੇ ਮੁਸਲਮਾਨਾਂ ਲਈ ਪਵਿੱਤਰ ਮਹੀਨਾ ਹੈ। ਇਸ ਦੌਰਾਨ ਮੁਸਲਮਾਨ ਸਵੇਰ ਤੋਂ ਸ਼ਾਮ ਤਕ ਖਾਣ-ਪੀਣ ਤੋਂ ਖੁਦ ਨੂੰ ਰੋਕ ਲੈਂਦੇ ਹਨ। ਹਾਲਾਂਕਿ ਰੋਜ਼ੇ ਦੌਰਾਨ ਧਾਰਮਿਕ ਸਿੱਖਿਆ ਮੁਸਲਮਾਨਾਂ ਨੂੰ ‘ਸਰੀਰ ਦੇ ਅੰਦਰ ਕਿਸੇ ਵੀ ਚੀਜ ਦੇ ਦਾਖਲ ਹੋਣ’ ਤੋਂ ਵਰਜਦੀ ਹੈ। ਬ੍ਰਿਟਿਸ਼ ਬੁੱਧੀਜੀਵੀਆਂ ਨੇ ਕਿਹਾ ਹੈ ਕਿ ਇਹ ਨਿਯਮ ਕੋਵਿਡ-19 ਟੀਕੇ ’ਤੇ ਲਾਗੂ ਨਹੀਂ ਹੁੰਦਾ ਹੈ।
ਬਰਮਿੰਘਮ ’ਚ ਗ੍ਰੇਨ ਲੇਨ ਮਸਜਿਦ ਦੇ ਇਮਾਮ ਮੁਸਤਫਾ ਹੁਸੈਨ ਨੇ ਅਰਬ ਨਿਊਜ਼ ਨੂੰ ਦੱਸਿਆ ਹੈ ਕਿ ਟੀਕੇ ’ਚ ਪੋਸ਼ਣ ਦੀ ਕੋਈ ਮਾਤਰਾ ਨਹੀਂ ਹੈ ਅਤੇ ਟੀਕੇ ਬਾਰੇ ਵਿਚਾਰ ਕਰਨ ਸਮੇਂ ਉਸ ਨਾਲ ਸਰੀਰ ਨੂੰ ਕੀ ਮਿਲਦਾ ਹੈ, ਉਸ ’ਤੇ ਵਿਚਾਰ ਕਰਦੇ ਹਾਂ। ਜੇ ਟੀਕਾ ਸਰੀਰ ਨੂੰ ਕੋਈ ਪੌਸ਼ਟਿਕ ਨਹੀਂ ਦਿੰਦਾ ਤਾਂ ਫਿਰ ਤੁਹਾਨੂੰ ਇਸ ਦੀ ਵਰਤੋਂ ਕਰਨ ਦੀ ਮਨਜੂਰੀ ਹੈ, ਭਾਵੇਂ ਤੁਸੀਂ ਰੋਜ਼ਾ ਰਖਿਆ ਹੋਵੇ। ਉਨ੍ਹਾਂ ਕਿਹਾ ਕਿ ਇਸ ਨਾਲ ਤੁਹਾਡਾ ਰੋਜ਼ਾ ਭੰਗ ਨਹੀਂ ਹੋਵੇਗਾ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਅਤੇ ਬੰਗਲਾਦੇਸ਼ ਮੂਲ ਦੇ ਬ੍ਰਿਟਿਸ਼ ਨਾਗਰਿਕ ਪਹਿਲਾਂ ਹੀ ਮਹਾਂਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਣ ਵਾਲੇ ਗਰੁੱਪ ’ਚ ਸ਼ਾਮਲ ਹਨ। ਹਾਲਾਂਕਿ ਵੈਕਸੀਨ ਨਾਲ ਜੁੜੀਆਂ ਗਲਤ ਸੂਚਨਾਵਾਂ ਅਤੇ ਮੁਹਿੰਮ ਕਾਰਨ ਉਨ੍ਹਾਂ ਵੱਲੋਂ ਟੀਕਾਕਰਣ ਤੋਂ ਇਨਕਾਰ ਕਰਨ ਦੀ ਵੱਧ ਸੰਭਾਵਨਾ ਹੈ। ਇਸ ਦਾ ਮੁਕਾਬਲਾ ਕਰਨ ਲਈ ਬ੍ਰਿਟੇਨ ਦੀਆਂ ਮਸਜਿਦਾਂ ਅਤੇ ਇਨ੍ਹਾਂ ਦੇ ਇਮਾਮਾਂ ਨੇ ਲੋਕਾਂ ਨੂੰ ਪ੍ਰੇਰਿਤ ਕਰਨ ’ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ।