ਨਵੀਂ ਦਿੱਲੀ : ਭਾਰਤ ਵਿਚ ਇਕ ਦਿਨ ਵਿਚ ਕਰੋਨਾ ਦੇ 11109 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਦੇਸ਼ ਵਿਚ ਹੁਣ ਤੱਕ ਪੀੜਤਾਂ ਦੀ ਗਿਣਤੀ 4,47,97,269 ਹੋ ਗਈ ਹੈ। ਇਹ ਪਿਛਲੇ 236 ਦਿਨਾਂ ਵਿੱਚ ਦਰਜ ਕੀਤੇ ਗਏ ਰੋਜ਼ਾਨਾ ਮਾਮਲਿਆਂ ਦੀ ਸਭ ਤੋਂ ਵੱਧ ਗਿਣਤੀ ਹੈ।
ਇਸ ਦੇ ਨਾਲ ਹੀ ਦੇਸ਼ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ ਵੱਧ ਕੇ 49,622 ਹੋ ਗਈ ਹੈ। ਅੱਜ ਸਵੇਰੇ 8 ਵਜੇ ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਰਿਪੋਰਟ ਮੁਤਾਬਕ ਕਰੋਨਾ ਕਾਰਨ ਦਿੱਲੀ ਅਤੇ ਰਾਜਸਥਾਨ ਵਿੱਚ ਤਿੰਨ-ਤਿੰਨ, ਛੱਤੀਸਗੜ੍ਹ ਅਤੇ ਪੰਜਾਬ ਵਿੱਚ ਦੋ-ਦੋ ਅਤੇ ਹਿਮਾਚਲ ਪ੍ਰਦੇਸ਼, ਕਰਨਾਟਕ, ਕੇਰਲ, ਮੱਧ ਪ੍ਰਦੇਸ਼ ਮਹਾਰਾਸ਼ਟਰ, ਉੜੀਸਾ, ਪੁਡੂਚੇਰੀ, ਤਾਮਿਲਨਾਡੂ, ਉੱਤਰਾਖੰਡ ਵਿੱਚ ਅਤੇ ਉੱਤਰ ਪ੍ਰਦੇਸ਼ ਵਿੱਚ ਇੱਕ-ਇੱਕ ਮਰੀਜ਼ ਦੀ ਮੌਤ ਤੋਂ ਬਾਅਦ ਦੇਸ਼ ਵਿੱਚ ਵਾਇਰਸ ਕਾਰਨ ਜਾਨ ਗੁਆਉਣ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 5,31,064 ਹੋ ਗਈ ਹੈ।
ਹਾਲਾਂਕਿ, ਮਾਹਰਾਂ ਦਾ ਕਹਿਣਾ ਹੈ ਕਿ ਅਗਲੇ 10 ਦਿਨਾਂ ਤੱਕ ਕੋਰੋਨਾ ਦਾ ਸੰਕਰਮਣ ਹੋਰ ਜ਼ਿਆਦਾ ਦਿਖਾਈ ਦੇਵੇਗਾ ਅਤੇ ਇਸ ਤੋਂ ਬਾਅਦ ਇਸ ਦੀ ਗਿਣਤੀ ਵਿੱਚ ਕਾਫ਼ੀ ਕਮੀ ਆਵੇਗੀ।
ਦਰਅਸਲ, ਵੀਰਵਾਰ ਨੂੰ ਭਾਰਤ ਵਿੱਚ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 10,158 ਨਵੇਂ ਮਾਮਲੇ ਸਾਹਮਣੇ ਆਏ, ਜੋ ਪਿਛਲੇ ਲਗਭਗ ਅੱਠ ਮਹੀਨਿਆਂ ਵਿੱਚ ਦਰਜ ਕੀਤੇ ਗਏ ਸਭ ਤੋਂ ਵੱਧ ਰੋਜ਼ਾਨਾ ਮਾਮਲਿਆਂ ਦੀ ਗਿਣਤੀ ਹੈ।
ਪੰਜਾਬ ਵਿਚ ਕੋਰੋਨਾ ਨੇ ਫੜੀ ਰਫਤਾਰ
ਦੂਜੇ ਪਾਸੇ ਪੰਜਾਬ ਵਿਚ ਕੋਰੋਨਾ ਨੇ ਰਫਤਾਰ ਫੜ ਲਈ ਹੈ। ਵੀਰਵਾਰ ਨੂੰ ਸੂਬੇ ਵਿਚ ਕੋਰੋਨਾ ਨਾਲ 2 ਲੋਕਾਂ ਦੀ ਮੌਤ ਹੋ ਗਈ ਜਦੋਂ ਕਿ 321 ਨਵੇਂ ਸੰਕਰਮਿਤ ਸਾਹਮਣੇ ਆਏ। ਕੋਰੋਨਾ ਦੀ ਸੰਕਰਮਣ ਦਰ ਵਧ ਕੇ 7.09 ਫੀਸਦੀ ਪਹੁੰਚ ਗਈ। ਕੋਵਿਡ ਦੇ ਸਰਗਰਮ ਕੇਸਾਂ ਦੀ ਗਿਣਤੀ ਵੀ ਵਧ ਕੇ 1092 ਹੋ ਗਈ ਹੈ। ਇਨ੍ਹਾਂ ਵਿਚੋਂ 19 ਮਰੀਜ਼ ਆਕਸੀਜਨ ‘ਤੇ ਹਨ ਤੇ 6 ਦੀ ਹਾਲਤ ਗੰਭੀਰ ਹੈ।
ਵੀਰਵਾਰ ਨੂੰ ਮੋਹਾਲੀ ਵਿਚ ਕੋਵਿਡ ਦੇ ਸਭ ਤੋਂ ਜ਼ਿਆਦਾ 68 ਮਾਮਲੇ ਸਾਹਮਣੇ ਆਏ। ਲੁਧਿਆਣਾ ‘ਚ 31, ਬਠਿੰਡਾ ‘ਚ 27, ਫਾਜ਼ਿਲਕਾ ‘ਚ 24, ਪਟਿਆਲਾ ‘ਚ 22, ਅੰਮ੍ਰਿਤਸਰ ‘ਚ 19, ਜਲੰਧਰ ‘ਚ 18, ਫਿਰੋਜ਼ਪੁਰ ‘ਚ 16, ਸੰਗਰੂਰ ‘ਚ 14, ਪਠਾਨਕੋਟ ‘ਚ 13, ਮੁਕਤਸਰ ‘ਚ 11, ਹੁਸ਼ਿਆਰਪੁਰ ‘ਚ 10, ਰੋਪੜ ‘ਚ 8, ਬਰਨਾਲਾ ਤ ਮਾਨਸਾ ‘ਚ 7-7, ਗੁਰਦਾਸਪੁਰ ‘ਚ 6, ਫਰੀਦਕੋਟ ਤੇ ਮੋਗਾ ‘ਚ 5-5, ਫਤਿਹਗੜ੍ਹ ਸਾਹਿਬ ‘ਚ 4, ਐੱਸਬੀਐੱਸ ਨਗਰ ‘ਚ 3, ਕਪੂਰਥਲਾ, ਮਾਲੇਰਕੋਟਲਾ ਤੇ ਤਰਨਤਾਰਨ ਵਿਚ 1-1 ਮਾਮਲਾ ਸਾਹਮਣੇ ਆਇਆ।
ਜਲੰਧਰ ਤੇ ਮੋਗਾ ਵਿਚ ਕੋਵਿਡ ਸੰਕਰਮਿਤ 1-1 ਮਰੀਜ਼ ਦੀ ਮੌਤ ਹੋ ਗਈ। ਵੀਰਵਾਰ ਨੂੰ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਕੋਵਿਡ ਦੀ ਜਾਂਚ ਲਈ ਕੁੱਲ 4949 ਸੈਂਪਲ ਇਕੱਠੇ ਕੀਤੇ ਗਏ ਤੇ 4525 ਸੈਂਪਲਾਂ ਦੀ ਜਾਂਚ ਦਾ ਕੰਮ ਵੀ ਕੀਤਾ ਗਿਆ।
ਸਿਹਤ ਵਿਭਾਗ ਨੇ ਦਾਅਵਾ ਕੀਤਾ ਸੀ ਕਿ ਜਲਦ ਹੀ ਪੰਜਾਬ ਵਿਚ ਵੈਕਸੀਨ ਦੀ ਕਮੀ ਦੂਰ ਹੋ ਜਾਵੇਗੀ। ਕੇਂਦਰ ਤੋਂ 35,000 ਵੈਕਸੀਨ ਦੀ ਡੋਜ਼ ਜਲਦ ਮਿਲ ਜਾਵੇਗੀ ਪਰ ਫਿਲਹਾਲ ਇਹ ਮਾਮਲਾ ਲਟਕਿਆ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਨਾਂ ਨਾ ਛਾਪਣ ਦੀ ਸ਼ਰਤ ‘ਤੇ ਕਿਹਾ ਕਿ ਅਜੇ ਕੇਂਦਰ ਕੋਲ ਵੈਕਸੀਨ ਨਹੀਂ ਹੈ ਤੇ ਉਹ ਸੂਬਿਆਂ ਨੂੰ ਕਿਵੇਂ ਦੇਵੇ ਜਦੋਂ ਕਿ ਪੰਜਾਬ ਸਰਕਾਰ ਦਾ ਆਪਣੇ ਪੱਧਰ ‘ਤੇ ਵੈਕਸੀਨ ਖਰੀਦਣ ਦਾ ਮਾਮਲਾ ਲਟਕਿਆ ਹੋਇਆ ਹੈ।