‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਰੋਨਾ ਮਹਾਂਮਾਰੀ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦਫਤਰਾਂ ਵਿੱਚ 50 ਫੀਸਦੀ ਅਮਲੇ ਨਾਲ ਹੀ ਕਰਮਚਾਰੀ ਕੰਮ ਕਰਨਗੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਦਾ ਐਲਾਨ ਕਰਦਿਆਂ ਕਿਹਾ ਹੈ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਦੌਰਾਨ ਦਫਤਰ ਮੁਕੰਮਲ ਬੰਦ ਰੱਖਿਆ ਜਾਵੇਗਾ। ਉਨ੍ਹਾਂ ਨੇ ਗੁਰੂ ਘਰ ਆਉਣ ਵਾਲੀ ਸੰਗਤ ਨੂੰ ਵੀ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ਹੈ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਕਰੋਨਾ ਕਾਰਨ ਹਾਲਾਤ ਕਾਫੀ ਨਾਜ਼ੁਕ ਬਣੇ ਹੋਏ ਹਨ। ਇਸ ਤੋਂ ਬਚਣ ਲਈ ਸਿਹਤ ਵਿਭਾਗ ਦੇ ਨਿਯਮਾਂ ਦੀ ਪਾਲਣਾ ਕਰਨ ਦੀ ਜ਼ਰੂਰਤ ਹੈ। ਇਸੇ ਤਹਿਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ 50 ਫੀਸਦੀ ਅਮਲੇ ਦੀ ਹਾਜ਼ਰੀ ਨਾਲ ਚਲਾਏ ਜਾਣਗੇ। ਤਾਲਾਬੰਦੀ ਦੌਰਾਨ ਸ਼ਨੀਵਾਰ ਅਤੇ ਐਤਵਾਰ ਨੂੰ ਦਫ਼ਤਰ ਮੁਕੰਮਲ ਬੰਦ ਰਹਿਣਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇ ਸਾਰੇ ਗੁਰਦੁਆਰਿਆਂ ’ਚ ਇਹ ਆਦੇਸ਼ ਲਾਗੂ ਹੋਣਗੇ।
ਉਨ੍ਹਾਂ ਨੇ ਸੰਗਤ ਨੂੰ ਵੀ ਗੁਰਦੁਆਰਿਆਂ ਵਿੱਚ ਮੱਥਾ ਟੇਕਣ ਆਉਣ ਵੇਲੇ ਸਿਹਤ ਵਿਭਾਗ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਸ ਸੰਕਟ ਦੌਰਾਨ ਸੁਚੇਤ ਰੂਪ ਵਿੱਚ ਵਿਚਰਨ ਦੀ ਲੋੜ ਹੈ। ਸ਼੍ਰੋਮਣੀ ਕਮੇਟੀ ਇਸ ਸੰਕਟਮਈ ਸਮੇਂ ’ਚ ਮਾਨਵਤਾ ਦੀ ਭਲਾਈ ਲਈ ਵਚਨਬੱਧ ਹੈ ਅਤੇ ਇਸੇ ਤਹਿਤ ਹੀ ਵੱਖ-ਵੱਖ ਥਾਂਵਾਂ ’ਤੇ ਇਲਾਜ ਵਾਸਤੇ ਕੇਂਦਰ ਸਥਾਪਿਤ ਕੀਤੇ ਜਾ ਰਹੇ ਹਨ। ਇਨ੍ਹਾਂ ਕੇਂਦਰਾਂ ’ਚ ਮੈਡੀਕਲ ਸਟਾਫ ਦੇ ਨਾਲ-ਨਾਲ ਆਕਸੀਜਨ ਤੇ ਐਮਰਜੈਂਸੀ ਲਈ ਐਂਬੂਲੈਂਸ ਦਾ ਵੀ ਪ੍ਰਬੰਧ ਹੈ।