International

ਕੋਰੋਨਾ ਨੇ ਅਮਰੀਕਾ ਨੂੰ ਮੁੜ ਝੰਬਿਆ

‘ਦ ਖ਼ਾਲਸ ਬਿਊਰੋ :- ਅਮਰੀਕਾ ਵਿੱਚ ਕੋਵਿਡ-19 ਨੇ ਮੁੜ ਤੋਂ ਹਮਲਾ ਕਰ ਦਿੱਤਾ ਹੈ। ਲੰਘੇ ਕੱਲ੍ਹ ਇੱਕ ਲੱਖ ਦੇ ਕਰੀਬ ਨਵੇਂ ਕੇਸਾਂ ਦੀ ਪੁਸ਼ਟੀ ਹੋਈ ਹੈ। ਵੱਧ ਰਹੀ ਲਾਗ ਕਾਰਨ ਅਮਰੀਕਾ ਦੀ ਸਰਕਾਰ, ਸਿਹਤ ਵਿਭਾਗ ਅਤੇ ਆਮ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਅਮਰੀਕਾ ਵਿੱਚ 50 ਫ਼ੀਸਦੀ ਟੀਕਾਕਰਣ ਦੇ ਦੋ ਡੋਜ਼ ਅਤੇ 70 ਫ਼ੀਸਦ ਬਾਲਗਾਂ ਨੂੰ ਇੱਕ ਡੋਜ਼ ਲੱਗ ਚੁੱਕੀ ਹੈ ਪਰ ਫਿਰ ਵੀ ਕੋਰੋਨਾ ਤੇਜ਼ੀ ਨਾਲ ਪੈਰ ਪਸਾਰਨ ਲੱਗਾ ਹੈ। ਇਸੇ ਸਾਲ ਜਨਵਰੀ ਦੇ ਆਰੰਭ ਵਿੱਚ ਲਗਭਗ ਢਾਈ ਲੱਖ ਦੇ ਕਰੀਬ ਨਵੇਂ ਕੇਸ ਆਉਣ ਲੱਗੇ ਸਨ। ਮਾਰਚ ਵਿੱਚ ਗਿਣਤੀ ਘੱਟ ਕੇ ਬਹੁਤ 11 ਹਜ਼ਾਰ ‘ਤੇ ਆ ਗਈ। ਹੁਣ ਗਿਣਤੀ ਇੱਕ ਦਿਨ ਵਿੱਚ ਅੱਠ ਹਜ਼ਾਰ ਨੂੰ ਵੀ ਪਾਰ ਗਈ ਸੀ। ਇਸ ਵੇਲੇ 44 ਹਜ਼ਾਰ ਅਮਰੀਕੀ ਹਸਪਤਾਲਾਂ ਵਿੱਚ ਦਾਖ਼ਲ ਹਨ। ਫਲੋਰਿਡਾ, ਅਲਾਬਮਾ ਜਾਂ ਜਾਰਜੀ, ਉੱਤਰੀ ਕੈਰੋਲੀਨਾ ਸਮੇਤ ਟਰੇਸੀ ਵਿੱਚ ਮਰੀਜ਼ਾਂ ਦੀ ਗਿਣਤੀ ਸਭ ਤੋਂ ਵਧੇਰੇ ਹੈ।

ਇੱਥੇ ਇਹ ਦੱਸਣਾ ਵਾਜਬ ਰਹੇਗਾ ਕਿ ਅਮਰੀਕਾ ਸਰਕਾਰ ਵੱਲੋਂ ਕੋਰੋਨਾ ਦੀ ਪਹਿਲੀ ਲਹਿਰ ‘ਤੇ ਕਾਬੂ ਪਾ ਲਏ ਜਾਣ ਤੋਂ ਬਾਅਦ ਇਕਦਮ ਖੁੱਲ੍ਹ ਦੇ ਦਿੱਤੀ ਗਈ ਸੀ। ਉੱਥੋਂ ਦੇ ਰਾਸ਼ਟਰਪਤੀ ਸਮੇਤ ਆਮ ਲੋਕਾਂ ਨੇ ਮਾਸਕ ਪਹਿਨਣਾ ਬੰਦ ਕਰ ਦਿੱਤਾ ਸੀ। ਭਾਰਤ ਸਮੇਤ ਦੂਜੇ ਮੁਲਕਾਂ ਨੂੰ ਅਮਰੀਕਾ ਦੇ ਸਿਰ ‘ਤੇ ਪਈ ਨਵੀਂ ਆਫ਼ਤ ਤੋਂ ਸਬਕ ਸਿੱਖਣ ਦੀ ਲੋੜ ਹੈ। ਪੰਜਾਬ ਅਤੇ ਚੰਡੀਗੜ੍ਹ ਵਿੱਚ ਵੀ ਲੌਕਡਾਊਨ ਵਿੱਚੋਂ ਛੋਟਾਂ ਦੇਣ ਤੋਂ ਬਾਅਦ ਲੋਕ ਦੂਰੀ ਰੱਖਣਾ ਅਤੇ ਮਾਸਕ ਲਾਉਣਾ ਭੁੱਲਣ ਲੱਗੇ ਹਨ। ਜਾਣਕਾਰੀ ਤਾਂ ਇਹ ਵੀ ਮਿਲੀ ਹੈ ਕਿ ਅਮਰੀਕਾ ਵਿੱਚ ਬਿਨਾਂ ਕਿਸੇ ਮਨਜ਼ੂਰੀ ਤੋਂ ਲੋਕ ਵੈਕਸੀਨ ਦੀ ਤੀਜੀ ਬੂਸਟਰ ਡੋਜ਼ ਵੀ ਲੈਣ ਲੱਗੇ ਹਨ।