‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਪੂਰੇ ਦੇਸ਼ ਵਿੱਚ ਕੋਰੋਨਾ ਦੇ ਅੰਕੜੇ ਰਿਕਾਰਡ ਤੋੜ ਰਹੇ ਹਨ। ਰੋਜ਼ਾਨਾ ਗਿਣਤੀ 2 ਲੱਖ ਦੇ ਕਰੀਬ ਪਹੁੰਚ ਰਹੀ ਹੈ। ਡਾਕਟਰਾਂ ਨੇ ਕੋਰੋਨਾ ਨੂੰ ਲੈ ਕੇ ਨਵਾਂ ਖੁਲਾਸਾ ਕੀਤਾ ਹੈ ਕਿ ਇਸ ਬਿਮਾਰੀ ਦੀ ਦੂਜੀ ਲਹਿਰ ਇਕ ਤੋਂ ਪੰਜ ਸਾਲ ਦੀ ਉਮਰ ਦੇ ਬੱਚਿਆਂ ਨੂੰ ਖਾਸਕਰਕੇ ਪ੍ਰਭਾਵਤ ਕਰ ਰਹੀ ਹੈ। ਬਾਲ ਰੋਗ ਵਿਗਿਆਨੀਆਂ ਨੇ ਕਿਹਾ ਹੈ ਕਿ ਵਾਇਰਸ ਨਵਜੰਮੇ ਅਤੇ ਨੌਜਵਾਨਾਂ ਨੂੰ ਲਪੇਟੇ ਵਿੱਚ ਲੈ ਰਿਹਾ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਦੀ ਦੂਜੀ ਲਹਿਰ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਫ਼ੈਲ ਰਹੀ ਹੈ। ਇਸ ਵਿੱਚ ਬੁਖ਼ਾਰ ਜ਼ਿਆਦਾ ਦਿਨਾਂ ਤੱਕ ਰਹਿੰਦਾ ਹੈ। ਸਰ ਗੰਗਾ ਰਾਮ ਹਸਪਤਾਲ ਵਿੱਚ ਪੀਡੀਆਟ੍ਰਿਕ ਇੰਟੈਂਸੀਵਿਸਟ ਡਾਕਟਰ ਧੀਰਨ ਗੁਪਤਾ ਨੇ ਦੱਸਿਆ ਕਿ ਹਸਪਤਾਲ ਵਿੱਚ ਦਾਖਲ ਹੋਣ ਵਾਲੇ ਬੱਚਿਆਂ ਦੀ ਗਿਣਤੀ ਸਾਲ 2020 ਦੇ ਮੁਕਾਬਲੇ ਪੰਜ ਗੁਣਾ ਵਧੀ ਹੈ। ਇਸ ਨਵੀਂ ਲਹਿਰ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 7 ਤੋਂ 8 ਬੱਚਿਆਂ ਨੂੰ ਦਾਖਲ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ ਸਭ ਤੋਂ ਛੋਟਾ ਇੱਕ ਨਵਜਾਤ ਬੱਚਾ ਵੀ ਹੈ, ਜਿਸ ਨੂੰ ਕੋਰੋਨਾ ਹੈ।
ਦੱਸ ਦਈਏ ਕਿ ਸਿਹਤ ਵਿਭਾਗ ਵੱਲੋਂ ਸਾਂਝੇ ਕੀਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਵਿੱਚ 16,699 ਤਾਜ਼ਾ ਕੋਵਿਡ -19 ਕੇਸਾਂ ਵਿੱਚ ਪਾਜ਼ੇਟਿਵ ਦਰ ਵਿੱਚ ਤੇਜ਼ੀ ਨਾਲ 20 ਫੀਸਦ ਵਾਧਾ ਹੋਇਆ ਹੈ ਅਤੇ 112 ਮੌਤਾਂ ਹੋਈਆਂ ਹਨ।