‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਦੇਸ਼ ਭਰ ‘ਚ ਕੋਰੋਨਾ ਦੇ ਮਾਮਲੇ ਮੁੜ ਤੋਂ ਵਧਣੇ ਸ਼ੁਰੂ ਹੋ ਗਏ ਹਨ। ਪਿਛਲੇ ਸਾਲ ਮਾਰਚ ਮਹੀਨੇ ਵਿੱਚ ਹੀ ਕੋਰੋਨਾ ਦੇ ਮਾਮਲਿਆਂ ਨੇ ਰਫਤਾਰ ਫੜੀ ਸੀ। ਪੰਜਾਬ ਵਿੱਚ ਅਚਾਨਕ ਕੋਰੋਨਾ ਦੇ ਮਾਮਲੇ ਵਧਣ ਨਾਲ ਸੂਬਾ ਸਰਕਾਰ ਨੇ ਵੀ ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ ਹਨ। ਸਰਕਾਰ ਵੱਲੋਂ ਸਿਹਤ ਵਿਭਾਗ ਨਾਲ ਮੀਟਿੰਗ ਵੀ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ ਸੂਬਾ ਸਰਕਾਰ ਕੋਈ ਵੱਡਾ ਫੈਸਲਾ ਕਰ ਸਕਦੀ ਹੈ। ਸਕੂਲਾਂ ਚ ਬੱਚਿਆਂ ਦੀ ਪੜ੍ਹਾਈ ਤੇ ਪੇਪਰਾਂ ਵਾਲੀਆਂ ਜਮਾਤਾਂ ਲਈ ਸਰਕਾਰ ਨੇ ਪਹਿਲਾਂ ਹੀ ਹੁਕਮ ਜਾਰੀ ਕਰ ਦਿੱਤੇ ਹਨ। ਹਾਲਾਂਖਿ ਹੋਲੀ ਦਾ ਤਿਉਹਾਰ ਵੀ ਆਉਣ ਵਾਲਾ ਹੈ। ਇਸਨੂੰ ਲੈ ਕੇ ਵੀ ਸਰਕਾਰ ਨਵੇਂ ਦਿਸ਼ਾ ਨਿਰਦੇਸ਼ ਜਾਰੀ ਕਰ ਸਕਦੇ ਹਨ।
ਜਾਣਕਾਰੀ ਅਨੁਸਾਰ ਕੱਲ੍ਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਸਰਕਾਰ ਦੇ 4 ਸਾਲ ਪੂਰੇ ਹੋਣ ‘ਤੇ ਕੀਤੀ ਪ੍ਰੈੱਸ ਕਾਨਫਰੰਸ ਵਿੱਚ ਐਲਾਨ ਕੀਤਾ ਸੀ ਕਿ ਰਾਤ ਦਾ ਕਰਫਿਊ ਹੁਣ 9 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਇਆ ਜਾਵੇਗਾ। ਪਹਿਲਾਂ ਕਰਫਿਊ ਰਾਤ 11 ਵਜੇ ਤੋਂ ਸਵੇਰੇ 5 ਵਜੇ ਤੱਕ ਲਗਾਉਣ ਦੇ ਹੁਕਮ ਦਿੱਤੇ ਗਏ ਸਨ। ਯੂਟੀ ਚੰਡੀਗੜ੍ਹ ਵਿੱਚ ਵੀ ਹਾਲੇ ਸਕੂਲਾਂ ਨੂੰ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਪੰਜਾਬ ਦੇ ਕਈ ਜਿਲ੍ਹਿਆਂ ਵਿੱਚ ਰਾਤ ਦਾ ਕਰਫਿਊ ਸਖਤੀ ਨਾਲ ਲਾਗੂ ਕਰ ਦਿੱਤਾ ਹੈ।
ਪਿਛਲੇ 24 ਘੰਟਿਆਂ ਵਿੱਚ ਗਈ 154 ਲੋਕਾਂ ਦੀ ਜਾਨ
ਕੇਂਦਰੀ ਸਿਹਤ ਮੰਤਰਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਦੇਸ਼ ‘ਚ ਕੋਵਿਡ-19 ਦੇ 39 ਹਜ਼ਾਰ 726 ਨਵੇਂ ਕੇਸ ਦਰਜ ਕੀਤੇ ਗਏ ਹਨ। 20 ਹਜ਼ਾਰ 654 ਲੋਕ ਠੀਕ ਹੋਏ ਹਨ। ਹਾਲਾਂਕਿ ਪਿਛਲੇ 24 ਘੰਟਿਆਂ ਵਿਚ 154 ਲੋਕਾਂ ਦੀ ਮੌਤ ਵੀ ਹੋਈ ਹੈ। ਕੇਂਦਰ ਸਿਹਤ ਮੰਤਰਾਲੇ ਦੇ ਅਨੁਸਾਰ ਹੁਣ ਤੱਕ 1 ਕਰੋੜ 15 ਲੱਖ 14 ਹਜ਼ਾਰ 331 ਕੇਸ ਆ ਚੁੱਕੇ ਹਨ। ਕੁਲ ਰਿਕਵਰੀਆਂ ਇਕ ਕਰੋੜ 10 ਲੱਖ 83 ਹਜ਼ਾਰ 679 ਤੇ ਮੌਤਾਂ ਦਾ ਆਂਕੜਾ 1 ਲੱਖ 59 ਹਜ਼ਾਰ 370 ਹੋ ਚੁੱਕਾ ਹੈ।
ਨਵਾਂ ਸ਼ਹਿਰ ਫਿਰ ਬਣ ਰਿਹਾ ਕੋਰੋਨਾ ਦਾ ਗੜ੍ਹ
ਕੋਰੋਨਾ ਦਾ ਸਭ ਤੋਂ ਪਹਿਲਾ ਮਾਮਲਾ ਜ਼ਿਲ੍ਹਾ ਨਵਾਂਸ਼ਹਿਰ ਵਿਚ ਆਇਆ ਸੀ। ਹਾਲਾਂਕਿ ਬਾਅਦ ਵਿੱਚ ਕੋਈ ਨਵਾਂ ਮਾਮਲਾ ਨਾ ਆਉਣ ਕਾਰਨ ਨਵਾਂ ਸ਼ਹਿਰ ਨੇ ਪੂਰੀ ਤਰ੍ਹਾਂ ਨਾਲ ਕੋਰੋਨਾ ‘ਤੇ ਜਿੱਤ ਹਾਸਿਲ ਕਰ ਲਈ ਸੀ ਪਰ ਹੁਣ ਫਿਰ ਨਵਾਂ ਸ਼ਹਿਰ ਵਿੱਚ ਕੋਰੋਨਾ ਦੇ ਨਵੇਂ ਕੇਸ ਆ ਰਹੇ ਹਨ। ਜਾਣਕਾਰੀ ਅਨੁਸਾਰ 143 ਹੋਰ ਵਿਅਕਤੀਆਂ ਦੀ ਕੋਰੋਨਾ ਜਾਂਚ ਰਿਪੋਰਟ ਪਾਜ਼ੀਟਿਵ ਆਈ ਅਤੇ ਇਕ ਵਿਅਕਤੀ ਦੀ ਮੌਤ ਵੀ ਹੋਈ ਹੈ। ਜਾਨ ਗਵਾਉਣ ਵਾਲਾ ਇਹ ਵਿਅਕਤੀ 73 ਸਾਲ ਦਾ ਸੀ। ਇਸਦੀ ਪਟਿਆਲੇ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਮੌਤ ਹੋਈ ਹੈ। ਨਵਾਂ ਸ਼ਹਿਰ ਦੇ ਸਿਵਲ ਸਰਜਨ ਡਾ: ਜੀ ਕੇ ਕਪੂਰ ਨੇ ਦੱਸਿਆ ਕਿ ਹੁਣ ਤੱਕ 4 ਹਜ਼ਾਰ 951 ਲੋਕਾਂ ਨੂੰ ਕੋਵਿਡ ਵੈਕਸੀਨ ਦਾ ਟੀਕਾ ਲਗਾਇਆ ਗਿਆ ਹੈ।