India

ਕੋਰੋਨਾ ਦੇ ਮਾਮਲਿਆਂ ਵਿੱਚ ਕੁੰਭ ਮੇਲੇ ਨੇ ਪਾਇਆ ਵੱਡਾ ਯੋਗਦਾਨ, ਪੜ੍ਹੋ ਕਿੰਨੇ ਸ਼ਰਧਾਲੂ ਆਏ ਲਪੇਟੇ ‘ਚ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):- ਹਰਿਦੁਆਰ ਦੇ ਕੁੰਭ ਮੇਲੇ ਵਿੱਚ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਤੇ ਹਾਲਾਤ ਵੀ ਦਿਨੋਂ-ਦਿਨ ਚਿੰਤਾਜਨਕ ਹੋ ਰਹੇ ਹਨ। ਜਾਣਕਾਰੀ ਅਨੁਸਾਰ ਹਰਿਦੁਆਰ ਕੁੰਭ ਮੇਲਾ ਖੇਤਰ ਵਿੱਚ 10 ਤੋਂ 14 ਅਪਰੈਲ ਦੌਰਾਨ 1701 ਲੋਕਾਂ ਦੀ ਕਰੋਨਾ ਜਾਂਚ ਰਿਪੋਰਟ ਪਾਜ਼ੇਟਿਵ ਆਈ ਹੈ। ਇਹ ਗਿਣਤੀ ਦੇਖ ਕੇ ਅੰਦਾਜ਼ਾ ਲਾ ਸਕਦੇ ਹਾਂ ਕਿ ਅੱਗੇ ਹੋਰ ਕਿੰਨੇ ਕੇਸ ਆ ਸਕਦੇ ਹਨ। ਕੋਰੋਨਾ ਕਾਰਣ ਮੱਧ ਪ੍ਰਦੇਸ਼ ਨਾਲ ਸਬੰਧਤ ਮਹਾ ਨਿਰਵਾਣੀ ਅਖਾੜੇ ਦੇ ਮੁਖੀ ਦੀ ਵੀ ਮੌਤ ਹੋਈ ਹੈ।


ਉੱਧਰ, ਕਰਨਾਟਕ ਦੀ ਭਾਰਤੀ ਜਨਤਾ ਪਾਰਟੀ ਨੇ ਹਰਿਦੁਆਰ ਦੇ ਕੁੰਭ ਮੇਲੇ ਤੋਂ ਪਰਤਣ ਵਾਲੇ ਸ਼ਰਧਾਲੂਆਂ ਨੂੰ ਇਕਾਂਤਵਾਸ ਵਿੱਚ ਜਾਣ ਲਈ ਕਿਹਾ ਹੈ ਤੇ ਕਰੋਨਾ ਜਾਂਚ ਕਰਵਾਉਣ ਦੀ ਹਦਾਇਤ ਕੀਤੀ ਹੈ।


ਹਰਿਦੁਆਰ ਦੇ ਚੀਫ਼ ਮੈਡੀਕਲ ਅਧਿਕਾਰੀ ਸ਼ੰਭੂ ਕੁਮਾਰ ਝਾਅ ਦੇ ਅਨੁਸਾਰ ਕੋਰੋਨਾ ਦੇ ਮਾਮਲਿਆਂ ਦਾ ਇਹ ਅੰਕੜਾ ਆਰਟੀ-ਪੀਸੀਆਰ ਤੇ ਰੈਪਿਡ ਐਂਟੀਜੈੱਨ ਟੈਸਟ ਦੀਆਂ ਰਿਪੋਰਟਾਂ ’ਤੇ ਅਧਾਰਿਤ ਹੈ। ਪਿਛਲੇ ਪੰਜ ਦਿਨਾਂ ਦੌਰਾਨ ਹਰਿਦੁਆਰ ਤੋਂ ਦੇਵਪ੍ਰਯਾਗ ਤੱਕ ਫੈਲੇ ਮੇਲਾ ਖੇਤਰ ਵਿੱਚ ਸ਼ਰਧਾਲੂਆਂ ਤੇ ਵੱਖ ਵੱਖ ਅਖਾੜੇ ਦੇ ਸਾਧੂਆਂ ਦੇ ਨਮੂਨੇ ਲਏ ਗਏ ਸਨ। ਮੌਜੂਦਾ ਰੁਝਾਨਾਂ ਨੂੰ ਵੇਖਦਿਆਂ ਪਾਜ਼ੇਟਿਵ ਕੇਸਾਂ ਦੀ ਗਿਣਤੀ 2000 ਤੋਂ ਪਾਰ ਹੋ ਸਕਦੀ ਹੈ।

ਲੋਕ ਨਹੀਂ ਮੰਨਦੇ ਸਰਕਾਰ ਦੀ ਸਖਤੀ ਨੂੰ
ਦੱਸਣਾ ਬਣਦਾ ਹੈ ਕਿ ਕੁੰਭ ਮੇਲੇ ਦੌਰਾਨ 12 ਅਪਰੈਲ ਨੂੰ ਸੋਮਵਤੀ ਅਮਾਵਸਿਆ ਤੇ 14 ਅਪਰੇਨ ਨੂੰ ਮੇਸ਼ ਸਕਰਾਂਤੀ ਮੌਕੇ 48.51 ਲੱਖ ਲੋਕ ਜੁੜੇ ਸੀ ਤੇ ਇਸ ਦੌਰਾਨ ਮਾਸਕ ਤੇ ਸਮਾਜਿਕ ਦੂਰਜੀ ਜਿਹੇ ਕੋਵਿਡ ਨੇਮਾਂ ਦੀਆਂ ਸ਼ਰ੍ਹੇਆਮ ਧੱਜੀਆਂ ਉਡਾਈਆਂ ਗਈਆਂ ਸਨ। ਕੁੰਭ ਮੇਲਾ ਖੇਤਰ 670 ਹੈਕਟੇਅਰ ਤੋਂ ਵੱਧ ਰਕਬੇ ਵਿੱਚ ਫੈਲਿਆ ਹੋਇਆ ਹੈ ਤੇ ਹਰਿਦੁਆਰ, ਟੀਹਰੀ ਤੇ ਰਿਸ਼ੀਕੇਸ਼ ਸਮੇਤ ਦੇਹਰਾਦੂਨ ਜ਼ਿਲ੍ਹਿਆਂ ਦਾ ਕੁਝ ਹਿੱਸਾ ਇਸ ਵਿੱਚ ਆਉਂਦਾ ਹੈ। ਕੁੰਭ ਮੇਲੇ ਦੌਰਾਨ ਆਪਣੀ ਸਿਰੇ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੁਲੀਸ ਅਖਾੜੇ ਦੇ ਸਾਧੂ ਸੰਤਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਰੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਵਾਉਣ ਵਿੱਚ ਨਾਕਾਮ ਰਹੀ ਹੈ।