Punjab

ਫਰਜ਼ੀ ਮੁਕਾਬਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਦੀ ਪਟਿਆਲਾ ਜੇਲ੍ਹ ਵਿੱਚ ਮੌਤ

ਬਿਊਰੋ ਰਿਪੋਰਟ (ਪਟਿਆਲਾ, 18 ਨਵੰਬਰ 2025): ਪਟਿਆਲਾ ਜੇਲ੍ਹ ਵਿੱਚ ਬੰਦ ਪੰਜਾਬ ਪੁਲਿਸ ਦੇ 80 ਸਾਲਾ ਸਾਬਕਾ ਇੰਸਪੈਕਟਰ ਸੀਤਾ ਰਾਮ ਦੀ ਮੌਤ ਹੋ ਗਈ ਹੈ। ਉਹ ਪਿਛਲੇ ਦੋ ਦਿਨਾਂ ਤੋਂ ਬਿਮਾਰ ਸਨ ਅਤੇ ਰਾਜਿੰਦਰਾ ਮੈਡੀਕਲ ਕਾਲਜ ਵਿੱਚ ਦਾਖ਼ਲ ਸਨ, ਜਿੱਥੇ ਦੇਰ ਰਾਤ ਉਨ੍ਹਾਂ ਨੇ ਦਮ ਤੋੜ ਦਿੱਤਾ।

ਸੀਤਾ ਰਾਮ ਨੂੰ ਬੀਤੇ 6 ਮਾਰਚ 2025 ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ (ਮੋਹਾਲੀ) ਨੇ ਇੱਕ ਫਰਜ਼ੀ ਮੁਕਾਬਲੇ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

32 ਸਾਲ ਪੁਰਾਣਾ ਮਾਮਲਾ

ਇਹ ਮਾਮਲਾ 30 ਜਨਵਰੀ 1993 ਦਾ ਹੈ, ਜਦੋਂ ਤਰਨਤਾਰਨ ਦੇ ਪਿੰਡ ਗਲੀਲੀਪੁਰ ਦੇ ਗੁਰਦੇਵ ਸਿੰਘ ਉਰਫ਼ ਦੇਬਾ ਅਤੇ ਬਾਅਦ ਵਿੱਚ 5 ਫਰਵਰੀ ਨੂੰ ਸੁਖਵੰਤ ਸਿੰਘ ਨੂੰ ਪੁਲਿਸ ਨੇ ਘਰੋਂ ਚੁੱਕ ਲਿਆ ਸੀ। ਪੁਲਿਸ ਨੇ ਬਾਅਦ ਵਿੱਚ 6 ਫਰਵਰੀ 1993 ਨੂੰ ਇਨ੍ਹਾਂ ਦੋਵਾਂ ਨੌਜਵਾਨਾਂ ਨੂੰ ਥਾਣਾ ਪੱਟੀ ਦੇ ਭਾਗੂਪੁਰ ਖੇਤਰ ਵਿੱਚ ਇੱਕ ਮੁਕਾਬਲੇ ਵਿੱਚ ਮਾਰਿਆ ਦਿਖਾਇਆ। ਪੁਲਿਸ ਨੇ ਦਾਅਵਾ ਕੀਤਾ ਸੀ ਕਿ ਦੋਵਾਂ ਨੇ ਪੁਲਿਸ ’ਤੇ ਫਾਇਰਿੰਗ ਕੀਤੀ ਸੀ, ਜਿਸ ਦੇ ਜਵਾਬ ਵਿੱਚ ਉਹ ਮਾਰੇ ਗਏ।

ਹਾਲਾਂਕਿ, ਬਾਅਦ ਵਿੱਚ ਇਹ ਕਹਾਣੀ ਅਦਾਲਤ ਵਿੱਚ ਝੂਠੀ ਸਾਬਤ ਹੋਈ। 1995 ਵਿੱਚ ਸੁਪਰੀਮ ਕੋਰਟ ਦੇ ਹੁਕਮਾਂ ’ਤੇ ਸੀ.ਬੀ.ਆਈ. ਨੇ ਜਾਂਚ ਸ਼ੁਰੂ ਕੀਤੀ ਅਤੇ 2000 ਵਿੱਚ 11 ਪੁਲਿਸ ਅਧਿਕਾਰੀਆਂ ਖਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ ਸੀ। ਸੀਤਾ ਰਾਮ ਅਤੇ ਤਤਕਾਲੀਨ ਐੱਸ.ਐੱਚ.ਓ. ਰਾਜਪਾਲ ਸਮੇਤ ਹੋਰਨਾਂ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ।