Punjab

ਕਰੋਨਾ ਦੇ ਟਾਕਰੇ ਲਈ ਐਕਸ਼ਨ ‘ਚ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਸਰਕਾਰ ਨੇ ਕਰੋਨਾ ਦੀ ਤੀਜੀ ਲਹਿਰ ਨਾਲ ਟਾਕਰਾ ਕਰਨ ਲਈ ਕੰਟਰੋਲ ਰੂਮ ਸਥਾਪਿਤ ਕਰਕੇ 10 ਆਈਏਐੱਸ ਅਧਿਕਾਰੀ ਤਾਇਨਾਤ ਕਰ ਦਿੱਤੇ ਹਨ। ਕੰਟਰੋਲ ਰੂਮ ਸਥਾਨਕ ਸਰਕਾਰ ਭਵਨ, ਸੈਕਟਰ 35 ਅਤੇ ਸਨਅਤ ਭਵਨ, ਸੈਕਟਰ 17 ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ। ਕੰਟਰੋਲ ਰੂਮ ਦਾ ਪ੍ਰਬੰਧ ਸਿਹਤ ਵਿਭਾਗ ਨੂੰ ਦਿੱਤਾ ਗਿਆ ਹੈ। ਕੰਟਰੋਲ ਰੂਮ ਦਾ ਖਰਚਾ ਵੀ ਸਿਹਤ ਵਿਭਾਗ ਚੁੱਕੇਗਾ। ਸਿਹਤ ਵਿਭਾਗ ਨੂੰ ਸਥਿਤੀ ਉੱਤੇ ਨਜ਼ਰ ਰੱਖਣ ਲਈ ਕਿਹਾ ਗਿਆ ਹੈ ਅਤੇ ਲੋੜ ਪੈਣ ਉੱਤੇ ਪਰਸੋਨਲ ਵਿਭਾਗ ਤੋਂ ਹੋਰ ਸੀਨੀਅਰ ਅਧਿਕਾਰੀ ਵੀ ਲਏ ਜਾ ਸਕਣਗੇ।

ਮਿਊਂਸੀਪਲ ਭਵਨ, ਸੈਕਟਰ 35 ਵਿੱਚ ਜਿਹੜੇ ਅਧਿਕਾਰੀ ਤਾਇਨਾਤ ਕੀਤੇ ਜਾਣਗੇ, ਉਨ੍ਹਾਂ ਵਿੱਚ ਆਜੋਏ ਸ਼ਰਮਾ, ਮੁਹੰਮਦ ਤਾਇਬ, ਪ੍ਰਵੀਨ ਕੁਮਾਰ ਥਿੰਦ, ਵਿਪੁਲ ਉਜਵਲ ਅਤੇ ਸੌਰਭੀ ਮਲਿਕ ਦੇ ਨਾਂ ਸ਼ਾਮਿਲ ਹਨ। ਉਦਯੋਗ ਭਵਨ, ਸੈਕਟਰ 17 ਵਿੱਚ ਗੁਰਕੀਰਤ ਕਿਰਪਾਲ ਸਿੰਘ, ਅਭੀਨਵ, ਪ੍ਰਦੀਪ ਕੁਮਾਰ ਅਗਰਵਾਲ ਅਤੇ ਸ਼ੰਕਰ ਗੁਪਤਾ ਨੂੰ ਤਾਇਨਾਤ ਕੀਤਾ ਗਿਆ ਹੈ। ਆਈਏਐੱਸ ਆਜੋਏ ਸ਼ਰਮਾ ਦੋਹਾਂ ਕੋਵਿਡ ਕੰਟਰੋਲ ਰੂਮਾਂ ਦੇ ਇੰਚਾਰਜ ਹੋਣਗੇ। ਇੱਕ ਕੰਟਰੋਲ ਰੂਮ ਨੂੰ ਦੂਜੇ ਕੰਟਰੋਲ ਰੂਮ ਦਾ ਹੱਥ ਵਟਾਉਣ ਦੀਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ।

ਇਸ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕਰੋਨਾ ਦੇ ਵੱਧਦੇ ਮਾਮਲਿਆਂ ਦੇ ਮੱਦੇਨਜ਼ਰ ਐਡਵਾਈਜ਼ਰੀ ਜਾਰੀ ਕਰਦਿਆਂ ਕਰੋਨਾ ਤੋਂ ਬਚਾਅ ਲਈ ਮਾਸਕ ਪਾਉਣ ਦੀ ਸਲਾਹ ਦਿੱਤੀ ਹੈ। ਪੰਜਾਬ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਸਮੂਹੀ ਡਿਪਟੀ ਕਮਿਸ਼ਨਰਾਂ, ਜ਼ੋਨਲ ਆਈ ਜੀ, ਪੁਲਿਸ ਕਮਿਸ਼ਨਰ ਅਤੇ ਸਮੂਹ ਜ਼ਿਲ੍ਹਾ ਮੁਖੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਪੰਜਾਬ ਸਰਕਾਰ ਨੇ ਭੀੜ ਵਾਲੀਆਂ ਜਨਤਕ ਥਾਂਵਾਂ, ਬੱਸਾਂ, ਰੇਲ ਗੱਡੀਆਂ, ਟੈਕਸੀ, ਸਿਨੇਮਾ ਹਾਲ, ਸ਼ਾਪਿੰਗ ਮਾਲ, ਡਿਪਾਰਟਮੈਂਟਲ ਸਟੋਰ, ਕਲਾਸ ਰੂਮ, ਦਫ਼ਤਰਾ ਵਿੱਚ ਮਾਸਕ ਲਗਾਉਣ ਦੀ ਸਲਾਹ ਦਿੱਤੀ ਹੈ।

ਇਸ ਤੋਂ ਪਹਿਲਾਂ ਚੰਡੀਗੜ੍ਹ ਪ੍ਰਸ਼ਾਸਨ ਨੇ ਭੀੜ ਵਾਲੀਆਂ ਥਾਂਵਾਂ ਉੱਤੇ ਮਾਸਕ ਪਾਉਣ ਸਬੰਧੀ ਸਲਾਹ ਜਾਰੀ ਕੀਤੀ ਹੈ। ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਹੁਕਮਾਂ ਵਿੱਚ ਆਖਿਆ ਗਿਆ ਹੈ ਕਿ ਕੁੱਝ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੋਵਿਡ ਦੇ ਕੇਸਾਂ ਦੀ ਵਧਦੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਯੂਟੀ ਚੰਡੀਗੜ੍ਹ ਦੇ ਸਾਰੇ ਵਸਨੀਕਾਂ ਨੂੰ ਭੀੜ ਵਾਲੀਆਂ ਥਾਂਵਾਂ ‘ਤੇ ਚਿਹਰੇ ਉੱਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਜਾਂਦੀ ਹੈ।

ਮਾਸਕ ਪਹਿਨਣ ਨੂੰ ਖਾਸ ਤੌਰ ‘ਤੇ ਬੰਦ ਵਾਤਾਵਰਨ ਵਿੱਚ ਯਕੀਨੀ ਬਣਾਉਣ ਦੀ ਲੋੜ ਹੈ। ਪ੍ਰਸ਼ਾਸਨ ਮੁਕਾਬਕ ਜਨਤਕ ਆਵਾਜਾਈ (ਬੱਸਾਂ, ਰੇਲਗੱਡੀਆਂ, ਹਵਾਈ ਜਹਾਜ਼ ਅਤੇ ਟੈਕਸੀ ਆਦਿ) ਵਿੱਚ ਪੂਰੀ ਯਾਤਰਾ ਦੌਰਾਨ, ਸਿਨੇਮਾ ਹਾਲਾਂ, ਸ਼ਾਪਿੰਗ ਮਾਲਾਂ ਅਤੇ ਡਿਪਾਰਟਮੈਂਟਲ ਸਟੋਰਾਂ ਆਦਿ ਦੇ ਅੰਦਰ ਠਹਿਰਣ ਦੌਰਾਨ ਅਤੇ ਕਲਾਸ ਰੂਮਾਂ, ਦਫਤਰ-ਕਮਰਿਆਂ, ਅੰਦਰੂਨੀ ਇਕੱਠਾਂ ਦੇ ਅੰਦਰ ਠਹਿਰਣ ਦੌਰਾਨ ਮਾਸਕ ਦੀ ਵਰਤੋਂ ਕੀਤੀ ਜਾਵੇ।