Punjab

ਪੇਸ਼ੀ ਲਈ ਕੈਦੀ ਨੂੰ ਲਿਆਏ ਕਾਂਸਟੇਬਲ ਦੀ ਅਦਾਲਤ ’ਚ ਮੌਤ! AK-47 ਤੋਂ ਚੱਲੀਆਂ ਗੋਲ਼ੀਆਂ

ਬਿਉਰੋ ਰਿਪੋਰਟ – ਨਵਾਂ ਸ਼ਹਿਰ ਦੀ ਨਵੀਂ ਅਦਾਲਤ ਵਿੱਚ ਉਸ ਸਮੇਂ ਅਫ਼ਰਾ-ਤਫ਼ਰੀ ਮੱਚ ਗਈ ਜਦੋਂ ਗੋਲ਼ੀ ਚੱਲਣ ਦੀ ਅਵਾਜ਼ ਸੁਣਾਈ ਦਿੱਤੀ। ਇਸ ਦੇ ਬਾਅਦ ਪਤਾ ਚੱਲਿਆ ਕਿ ਇੱਕ ਮੁਲਜ਼ਮ ਨੂੰ ਕੋਰਟ ਵਿੱਚ ਪੇਸ਼ੀ ’ਤੇ ਲਿਜਾਉਣ ਵੇਲੇ ਇੱਕ ਹੈਡਕਾਂਸਟੇਬਲ ਦੀ ਸ਼ੱਕੀ ਹਾਲਤ ਵਿੱਚ ਗੋਲੀ ਲੱਗਣ ਨਾਲ ਮੌਤ ਹੋ ਗਈ ਹੈ।

ਜਾਣਕਾਰੀ ਦੇ ਮੁਤਾਬਿਕ ਨਵਾਂ ਸ਼ਹਿਰ ਦੇ ਥਾਣਾ ਪੋਜੇਵਾਲ ਵਿੱਚ ਤਾਇਨਾਤ ਹੈੱਡ ਕਾਂਸਟੇਬਲ ਹਰਵਿੰਦਰ ਸਿੰਘ ਨੰਗਲ ਦਾ ਰਹਿਣ ਵਾਲਾ ਸੀ। ਉਹ ਇਕ ਮੁਲਜ਼ਮ ਨੂੰ ਨਵਾਂ ਸ਼ਹਿਰ ਪੇਸ਼ੀ ਲਈ ਲੈਕੇ ਆਇਆ ਸੀ। ਹੈੱਡ ਕਾਂਸਟੇਬਲ ਦੇ ਕੋਲ AK-47 ਰਾਈਫਲ ਸੀ। ਕਾਂਸਟੇਬਲ ਹਰਵਿੰਦਰ ਸਿੰਘ ਬਾਥਰੂਮ ਵਿੱਚ ਗਿਆ।

ਉਸ ਦੇ ਬਾਅਦ ਅਦਾਲਤ ਕੰਪਲੈਕਸ ਵਿੱਚ ਮੌਜੂਦ ਲੋਕਾਂ ਨੂੰ ਗੋਲ਼ੀ ਚੱਲਣ ਦੀ ਅਵਾਜ਼ ਸੁਣਾਈ ਦਿੰਦੀ ਹੈ। ਲੋਕ ਇੱਥੇ-ਉੱਥੇ ਭੱਜਣ ਲੱਗੇ ਤਾਂ ਕਾਂਸਟੇਬਲ ਬਾਥਰੂਮ ਦੇ ਬਾਹਰ ਜਖ਼ਮੀ ਹਾਲਤ ਵਿੱਚ ਮਿਲਿਆ। ਜਲਦ ਉਸ ਨੂੰ ਇਲਾਜ ਦੇ ਲਈ ਨਵਾਂ ਸ਼ਹਿਰ ਦੇ ਸਰਕਾਰੀ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਬਾਥਰੂਮ ਵਿੱਚ ਪਿਆ ਮਿਲਿਆ ਹੈੱਡ ਕਾਂਸਟੇਬਲ

ਦੱਸਿਆ ਜਾਂਦਾ ਹੈ ਕਿ ਹੈੱਡ ਕਾਂਸਟੇਬਲ ਦੇ ਸਿਰ ਦੇ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਉਸ ਦੇ ਸਿਰ ਤੋਂ ਖ਼ੂਨ ਆ ਰਿਹਾ ਸੀ। ਨਵਾਂ ਸ਼ਹਿਰ ਦੇ DSP ਮਾਧਵੀ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਹੈੱਡ ਕਾਂਸਟੇਬਲ ਇੱਕ ਮੁਲਜ਼ਮ ਨੂੰ ਪੋਜੇਵਾਲਾ ਥਾਣੇ ਤੋਂ ਕੋਰਟ ਪੇਸ਼ੀ ਲਈ ਲੈ ਕੇ ਆਇਆ ਸੀ। ਗੋਲੀ ਕਿਵੇਂ ਚੱਲੀ, ਇਸ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਉੱਧਰ ਲੋਕਾਂ ਦਾ ਕਹਿਣਾ ਹੈ ਕਿ ਕੁੱਲ ਚਾਰ ਗੋਲ਼ੀਆਂ ਚੱਲਣ ਦੀ ਅਵਾਜ਼ ਸੁਣਾਈ ਦਿੱਤੀ ਸੀ। ਸ਼ੱਕ ਜਤਾਇਆ ਜਾ ਰਿਹਾ ਹੈ ਕਿ ਬਾਥਰੂਮ ਵਿੱਚ ਹੈੱਡਕਾਂਸਟੇਬਲ ਦਾ ਪੈਰ ਫਿਸਲ ਗਿਆ ਹੋਵੇ ਅਤੇ ਲੋਡਿਡ AK-47 ਤੋਂ ਗੋਲ਼ੀਆਂ ਚੱਲੀਆਂ ਹੋਣ। ਜੋ ਉਸ ਦੇ ਸਿਰ ’ਤੇ ਲੱਗੀ। ਇਸ ਦੇ ਇਲਾਵਾ ਲੋਕ ਆਪਣੇ ਵੱਲੋਂ ਕਿਆਸ ਲਗਾ ਰਹੇ ਹਨ। ਫਿਲਹਾਲ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।