’ਦ ਖ਼ਾਲਸ ਬਿਊਰੋ: ਜਦੋਂ ਵੀ ਸਿੱਖ ਇਤਿਹਾਰਸ ਦੀ ਗੱਲ ਹੁੰਦੀ ਹੈ ਤਾਂ ਇਸ ਵਿੱਚ ‘ਸਾਕਾ ਨੀਲਾ ਤਾਰਾ’ ਦਾ ਜ਼ਿਕਰ ਜ਼ਰੂਰ ਕੀਤਾ ਜਾਂਦਾ ਹੈ। ਜੂਨ 1984 ਵਿੱਚ ਭਾਰਤ ਸਰਕਾਰ ਵੱਲੋਂ ਅੰਮ੍ਰਿਤਸਰ ਵਿੱਚ ਸ੍ਰੀ ਦਰਬਾਰ ਸਾਹਿਬ ’ਤੇ ਕਰਵਾਏ ਭਾਰਤੀ ਫੌਜ ਦੇ ਹਮਲੇ ਨੂੰ ‘ਆਪਰੇਸ਼ਨ ਬਲੂ ਸਟਾਰ’, ਯਾਨੀ ਸਾਕਾ ਨੀਲਾ ਤਾਰਾ ਦਾ ਨਾਂ ਦਿੱਤਾ ਗਿਆ ਹੈ। ਇਸੇ ਹਮਲੇ ਦਾ ਬਦਲਾ ਲੈਣ ਲਈ ਭਾਈ ਬੇਅੰਤ ਸਿੰਘ ਸਿੰਘ ਭਾਈ ਕੇਹਰ ਸਿੰਘ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਬਦਲਾ ਲੈਣ ਦੀ ਯੋਜਨਾ ਬਣਾਈ ਅਤੇ ਕੁਝ ਮਹੀਨਿਆਂ ਬਾਅਦ ਹੀ 31 ਅਕਤੂਬਰ, 1984 ਨੂੰ ਬੇਅੰਤ ਸਿੰਘ ਅਤੇ ਉਨ੍ਹਾਂ ਦੇ ਸਾਥੀ ਭਾਈ ਸਤਵੰਤ ਸਿੰਘ ਨੇ ਪੀਐਮ ਇੰਦਰਾ ਗਾਂਧੀ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਇਸ ਤੋਂ ਬਾਅਦ ਹੀ ਦਿੱਲੀ ਸਿੱਖ ਕਤਲੇਆਮ ਦੇ ਖ਼ੂਨ ਨਾਲ ਰੰਗੀ ਗਈ।
ਇੰਞ ਚੁਰਾਸੀ ਦੇ ਕਤਲੇਆਮ ਦਾ ਦੌਰ ਸ੍ਰੀ ਦਰਬਾਰ ਸਾਹਿਬ ’ਤੇ ਹੋਏ ਹਮਲੇ ਨਾਲ ਸ਼ੁਰੂ ਹੁੰਦਾ ਹੈ। ਪਰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਦਾ ਮਾਮਲਾ 1970 ਦੇ ਦਹਾਕੇ ਦੇ ਅਖ਼ੀਰ ਵਿੱਚ ਅਕਾਲੀ ਸਿਆਸਤ ਵਿੱਚ ਖਿੱਚੋਤਾਣ ਅਤੇ ਅਕਾਲੀਆਂ ਦੀਆਂ ਪੰਜਾਬ ਸਬੰਧਿਤ ਮੰਗਾਂ ਨੂੰ ਲੈ ਕੇ ਸ਼ੁਰੂ ਹੋਇਆ ਦੱਸਿਆ ਜਾਂਦਾ ਹੈ। 1978 ਵਿੱਚ ਪੰਜਾਬ ਦੀਆਂ ਮੰਗਾਂ ’ਤੇ ਅਕਾਲੀ ਦਲ ਨੇ ਆਨੰਦਪੁਰ ਸਾਹਿਬ ਮਤਾ ਪਾਸ ਕੀਤਾ ਸੀ।
ਸਰਕਾਰ ਮੁਤਾਬਕ ਇਹ ਹਮਲਾ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਅਕਾਲ ਤਖ਼ਤ ਉੱਤੇ ਕਬਜ਼ਾ ਕਰੀ ਬੈਠੇ ਹਥਿਆਰਬੰਦ ਖਾੜਕੂਆਂ ਨੂੰ ਸ੍ਰੀ ਦਰਬਾਰ ਸਾਹਿਬ ਕੰਪਲੈਕਸ ‘ਚੋਂ ਬਾਹਰ ਕੱਢਣ ਲਈ ਕੀਤਾ ਗਿਆ। ਹਮਲੇ ਦੌਰਾਨ ਫੌਜ ਦੀ ਅਗਵਾਈ ਕਰ ਰਹੇ ਜਨਰਲ ਕੁਲਦੀਪ ਸਿੰਘ ਬਰਾੜ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਜਾਂ ਉਨ੍ਹਾਂ ਦੇ ਸਾਥੀ ਵੱਖਰੇ ਰਾਜ ‘ਖਾਲਿਸਤਾਨ’ ਦਾ ਐਲਾਨ ਕਰਨ ਵਾਲੇ ਸਨ ਅਤੇ ਉਨ੍ਹਾਂ ਨੂੰ ਪਾਕਿਸਤਾਨੀ ਫੌਜ ਦੀ ਮਦਦ ਮਿਲ ਸਕਦੀ ਸੀ। ਇਸ ਲਈ ਫੌਜੀ ਐਕਸ਼ਨ ਕਰਨਾ ਜ਼ਰੂਰੀ ਸੀ।
ਪਰ ਅਸਲੀਅਤ ਵਿੱਚ ਭਿੰਡਰਾਂ ਵਾਲੇ ਸ੍ਰੀ ਦਰਬਾਰ ਸਾਹਿਬ ਪਰਿਸਰ ਵਿੱਚ ਬਣੇ ਨਿਵਾਸ ’ਚ ਹੀ ਰਹਿੰਦੇ ਸਨ। ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਕਬਜ਼ਾ ਨਹੀਂ ਕੀਤਾ ਹੋਇਆ ਸੀ, ਬਲਕਿ ਉਹ ਉੱਥੇ ਹੀ ਰਹਿੰਦੇ ਸੀ। ਸਿੱਖ ਭਾਈਚਾਰੇ ਮੁਤਾਬਕ ਸਰਕਾਰ ਦੇ ਇਹ ਦਾਅਵੇ ਝੂਠੇ ਹਨ ਕੇ ਭਿੰਡਰਾਂਵਾਲਿਆਂ ਨੇ ਸ੍ਰੀ ਦਰਬਾਰ ’ਤੇ ਕੋਈ ਕਬਜ਼ਾ ਕਰ ਰੱਖਿਆ ਸੀ, ਜਿਸ ਨੂੰ ਛੁਡਵਾਉਣ ਲਈ ਸਰਕਾਰ ਨੂੰ ਦਰਬਾਰ ਸਾਹਿਬ ’ਤੇ ਤੋਪਾਂ ਚਲਾਉਣੀਆਂ ਪਈਆਂ।
ਸਿੱਖ ਵਿਦਵਾਨ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਲਾਹਾਕਾਰ ਰਹੇ ਡਾਕਟਰ ਭਗਵਾਨ ਸਿੰਘ ਵੀ ਸਰਕਾਰ ਦੇ ਇਸ ਦਾਅਵੇ ਨੂੰ ਰੱਦ ਕਰਦੇ ਹਨ, ਉਨ੍ਹਾਂ ਮੁਤਾਬਕ ਇਹ ਯੋਜਨਾ ਪਹਿਲਾਂ ਗਿਣੀ-ਮਿਥੀ ਗਈ ਸੀ। ਕੁਝ ਸਿੱਖ ਆਗੂਆਂ ਮੁਤਾਬਕ ਇਸ ਹਮਲੇ ਰਾਹੀਂ ਦੇਸ਼ ਦੀਆਂ ਕੁਝ ਸਿਆਸੀ ਧਿਰਾਂ ਮੁਲਕ ਵਿੱਚ ਫਿਰਕੂ ਧਰੁਵੀਕਰਨ ਕਰਕੇ ਆਪਣੇ ਸਿਆਸੀ ਹਿੱਤ ਪੂਰਨਾ ਚਾਹੁੰਦੀਆਂ ਸਨ।
ਭਿੰਡਰਾਂਵਾਲਿਆਂ ਦਾ ਕਾਂਗਰਸ ਕੁਨੈਕਸ਼ਨ
ਕੁਝ ਮਾਹਰਾਂ ਦਾ ਮੰਨਣਾ ਹੈ ਕਿ ਭਿੰਡਰਾਂਵਾਲਿਆਂ ਨੂੰ ਕਾਂਗਰਸੀਆਂ ਨੇ ਹੀ ਉਕਸ਼ਾਹਿਤ ਕੀਤਾ ਸੀ। ਕਾਂਗਰਸ ਸਰਕਾਰ ਉਨ੍ਹਾਂ ਨੂੰ ਅਕਾਲੀਆਂ ਵਿਰੁੱਧ ਇਸਤੇਮਾਲ ਕਰਨਾ ਚਾਹੁੰਦੀ ਸੀ। ਦਰਅਸਲ ਐਮਰਜੈਂਸੀ ਤੋਂ ਬਾਅਦ 1977 ਦੀਆਂ ਚੋਣਾਂ ‘ਚ ਹੋਈ ਹਾਰ ਤੋਂ ਬਾਅਦ ਇੰਦਰਾ ਗਾਂਧੀ 3 ਸਾਲ ਬਾਅਦ ਸੱਤਾ ਵਿੱਚ ਆਏ। ਇਸ ਤੋਂ ਬਾਅਦ ਇੱਕ ਵਾਰ ਫਿਰ ਉਨ੍ਹਾਂ ਦਾ ਸਾਰਾ ਧਿਆਨ ਤਾਕਤ ਹਾਸਿਲ ਕਰਨ ‘ਤੇ ਕੇਂਦ੍ਰਿਤ ਸੀ।
ਇਸ ਲਈ ਪਹਿਲਾਂ ਇੰਦਰਾ ਗਾਂਧੀ ਨੇ ਪੰਜਾਬ ‘ਚ ਜਨਤਾ ਪਾਰਟੀ ਅਤੇ ਅਕਾਲੀ ਦਲ ਦੀ ਸਰਕਾਰ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਸੱਤਾ ‘ਚ ਕਾਬਜ਼ ਅਕਾਲੀ ਦਲ ਦਾ ਵਿਰੋਧ ਕਰਨ ਲਈ ਦਮਦਮੀ ਟਕਸਾਲ ਦੇ ਮੁਖੀ ਜਰਨੈਲ ਸਿੰਘ ਭਿੰਡਰਵਾਲੇ ਨੂੰ ਉਤਸ਼ਾਹਿਤ ਕੀਤਾ। ਪਰ ਭਿੰਡਰਾਵਾਲਿਆਂ ਨੇ ਪੈਂਤਰਾ ਬਦਲਦੇ ਹੋਏ ਉਨ੍ਹਾਂ ਦੀ ਸੱਤਾ ਨੂੰ ਹੀ ਚੁਣੌਤੀ ਦੇ ਦਿੱਤੀ। ਇਸ ਦੇ ਸਿੱਟੇ ਵਜੋਂ ਸ੍ਰੀ ਦਰਬਾਰ ਸਾਹਿਬ ‘ਚ ਸਾਕਾ ਨੀਲਾ ਤਾਰਾ ਹੋਇਆ ਅਤੇ ਫਿਰ ਇੰਦਰਾ ਦਾ ਕਤਲ ਕਰ ਦਿੱਤਾ ਗਿਆ, ਨਤੀਜਾ, ਸਿੱਖ ਕਤਲੇਆਮ।
ਫੌਜੀ ਹਮਲੇ ’ਚ 4-5 ਹਜ਼ਾਰ ਲੋਕਾਂ ਦੀ ਹੋਈ ਮੌਤ
ਸਰਕਾਰੀ ਵਾਈਟ ਪੇਪਰ ਮੁਤਾਬਕ ਸ੍ਰੀ ਦਰਬਾਰ ’ਤੇ ਹੋਏ ਹਮਲੇ ‘ਚ 493 ਆਮ ਲੋਕ ਤੇ 83 ਫੌਜੀ ਮਾਰੇ ਗਏ। ਜਦਕਿ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਹਮਲੇ ਦੇ ਮ੍ਰਿਤਕਾਂ ਦੀ ਸੂਚੀ ਵਿੱਚ 743 ਨਾਂ ਸ਼ਾਮਲ ਹਨ। ‘ਬੀਬੀਸੀ’ ਦੀ ਇੱਕ ਰਿਪੋਰਟ ਮੁਤਾਬਕ ਪੰਜਾਬ ਪੁਲਿਸ ਦੇ ਤਤਕਾਲੀ ਅਧਿਕਾਰੀ ਅਪਾਰ ਸਿੰਘ ਬਾਜਵਾ ਨੇ 2004 ਵਿੱਚ ਦੱਸਿਆ ਸੀ ਕਿ ਉਨ੍ਹਾਂ 800 ਲਾਸ਼ਾਂ ਆਪ ਗਿਣੀਆਂ ਸਨ। ਜਦਕਿ ਮਨੁੱਖੀ ਅਧਿਕਾਰ ਕਾਰਕੁਨ ਇੰਦਰਜੀਤ ਸਿੰਘ ਜੇਜੀ ਅਤੇ ਕਈ ਹੋਰ ਮੰਨੇ-ਪ੍ਰਮੰਨੇ ਪੱਤਰਕਾਰ ਤੇ ਵਿਦਵਾਨ ਮ੍ਰਿਤਕਾਂ ਦੀ ਗਿਣਤੀ 4,000 ਤੋਂ 5,000 ਦੱਸਦੇ ਹਨ। ਇਹ ਲੜੀ 2018 ਵਿੱਚ ਪ੍ਰਕਾਸ਼ਿਤ ਕੀਤੀ ਗਈ ਸੀ।
ਸਾਕਾ ਨੀਲਾ ਤਾਰਾ ਤੋਂ ਪਹਿਲਾਂ ਕੀ ਕੁਝ ਵਾਪਰਿਆ
ਦਰਅਸਲ 1973 ਵਿੱਚ ਆਨੰਦਪੁਰ ਸਾਹਿਬ ਇੱਕ ਮਤਾ ਪਾਸ ਕੀਤਾ ਗਿਆ। ਇਸ ਮਤੇ ਵਿੱਚ ਕੇਂਦਰ ਨੂੰ ਵਿਦੇਸ਼ੀ ਮਾਮਲੇ, ਮੁਦਰਾ, ਰੱਖਿਆ ਅਤੇ ਸੰਚਾਰ ਸਮੇਤ ਸਿਰਫ਼ ਪੰਜ ਜ਼ਿੰਮੇਵਾਰੀਆਂ ਆਪਣੇ ਕੋਲ ਰੱਖਦੇ ਹੋਏ ਬਾਕੀ ਦੇ ਅਧਿਕਾਰ ਪੰਜਾਬ ਸੂਬੇ ਨੂੰ ਦੇਣ ਅਤੇ ਪੰਜਾਬ ਨੂੰ ਇੱਕ ਖ਼ੁਦਮੁਖਤਿਆਰ ਸੂਬੇ ਦੇ ਰੂਪ ਵਿੱਚ ਸਵੀਕਾਰ ਕਰਨ ਸਬੰਧੀ ਗੱਲਾਂ ਕਹੀਆਂ ਗਈਆਂ ਸਨ। ਇਸ ਤੋਂ ਬਾਅਦ 1977 ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੀ ਧਾਰਮਿਕ ਪ੍ਰਚਾਰ ਦੀ ਪ੍ਰਮੁੱਖ ਸ਼ਾਖਾ ਦਮਦਮੀ ਟਕਸਾਲ ਦੇ ਮੁਖੀ ਚੁਣੇ ਗਏ ਅਤੇ ਇਸ ਸਮੇਂ ਉਨ੍ਹਾਂ ਅੰਮ੍ਰਿਤ ਪ੍ਰਚਾਰ ਮੁਹਿੰਮ ਵਿੱਚ ਤੇਜ਼ੀ ਲਿਆਉਣ ਦੀ ਸ਼ੁਰੂਆਤ ਕੀਤੀ।
ਅਪ੍ਰੈਲ, 1978 ਵਿੱਚ ਅਖੰਡ ਕੀਰਤਨੀ ਜਥੇ ਅਤੇ ਦਮਦਮੀ ਟਕਸਾਲ ਨਾਲ ਸਬੰਧਤ ਸਿੱਖਾਂ ਵੱਲੋਂ ਨਿਰੰਕਾਰੀਆਂ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ, ਜਿਸ ਦੌਰਾਨ ਅੰਮ੍ਰਿਤਸਰ ਵਿੱਚ ਗੋਲ਼ੀਬਾਰੀ ਦੌਰਾਨ 13 ਸਿੱਖਾਂ ਦੀ ਮੌਤ ਹੋਈ। ਇਸ ਤੋਂ ਬਾਅਦ ਜੂਨ 1978 ਵਿੱਚ ਅਕਾਲ ਤਖਤ ਸਾਹਿਬ ਤੋਂ ਨਿਰੰਕਾਰੀ ਪੰਥ ਦੇ ਬਾਈਕਾਟ ਦਾ ਹੁਕਮਨਾਮਾ ਜਾਰੀ ਕੀਤਾ ਗਿਆ।
ਸਤੰਬਰ 1979 ਵਿੱਚ ਅਕਾਲੀ ਦਲ ਦੋ ਗੁੱਟਾਂ ਵਿੱਚ ਵੰਡਿਆ ਗਿਆ। ਪਹਿਲੇ ਗੁੱਟ ਦੀ ਅਗਵਾਈ ਹਰਚੰਦ ਸਿੰਘ ਲੌਂਗੋਵਾਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਸਾਂਭੀ ਜਦਕਿ ਦੂਜੇ ਗੁੱਟ ਦੀ ਅਗਵਾਈ ਜਗਦੇਵ ਸਿੰਘ ਤਲਵੰਡੀ ਅਤੇ ਤਤਕਾਲੀ ਐੱਸਜੀਪੀਸੀ ਮੁਖੀ ਗੁਰਚਰਨ ਸਿੰਘ ਟੌਹੜਾ ਦੇ ਹੱਥ ਵਿੱਚ ਆ ਗਈ। ਅਪ੍ਰੈਲ 1980 ਵਿੱਚ ਨਿਰੰਕਾਰੀ ਪੰਥ ਦੇ ਪ੍ਰਮੁੱਖ ਗੁਰਬਚਨ ਸਿੰਘ ‘ਤੇ ਜਾਨਲੇਵਾ ਹਮਲਾ ਹੋਇਆ। ਉਸ ਵੇਲੇ ਉਹ ਦਿੱਲੀ ਸਥਿਤ ਆਪਣੇ ਮੁੱਖ ਦਫ਼ਤਰ ਜਾ ਰਹੇ ਸਨ। ਇਸ ਹਮਲੇ ਵਿੱਚ ਉਨ੍ਹਾਂ ਦੀ ਮੌਤ ਹੋ ਗਈ।
ਭਿੰਡਰਾਂਵਾਲਿਆਂ ਵੱਲੋਂ ਆਤਮ ਸਮਰਪਣ
ਸਤੰਬਰ 1981 ਵਿੱਚ ਹਿੰਦ ਸਮਾਚਾਰ ਸਮੂਹ ਦੇ ਮੁਖੀ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਮਾਮਲੇ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਆਤਮ ਸਮਰਪਣ ਕਰ ਦਿੱਤਾ। ਉਨ੍ਹਾਂ ਨੂੰ ਹਿਰਾਸਤ ਵਿੱਚ ਲੈ ਕੇ ਜੇਲ੍ਹ ਭੇਜ ਦਿੱਤਾ ਗਿਆ। ਇਸੇ ਮਹੀਨੇ ਦਲ ਖ਼ਾਲਸਾ ਦੇ ਗਜਿੰਦਰ ਸਿੰਘ ਅਤੇ ਸਤਨਾਮ ਸਿੰਘ ਪਾਉਂਟਾ ਸਣੇ ਪੰਜ ਮੈਂਬਰ ਸ਼੍ਰੀਨਗਰ ਤੋਂ ਦਿੱਲੀ ਆ ਰਹੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਲਾਹੌਰ ਲੈ ਗਏ। ਅਗਵਾ ਕਰਨਾ ਵਾਲਿਆਂ ਨੇ ਨਕਦ ਰਕਮ ਅਤੇ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜੇਲ੍ਹ ਤੋਂ ਰਿਹਾਅ ਕਰਨ ਦੀ ਮੰਗ ਰੱਖੀ। ਫਿਰ ਅਕਤੂਬਰ 1981 ਨੂੰ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ।
ਇਸੇ ਮਹੀਨੇ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀ ਕੇਂਦਰ ਸਰਕਾਰ ਵਿਚਾਲੇ ਪਹਿਲੇ ਦੌਰ ਦੀ ਗੱਲਬਾਤ ਹੋਈ, ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਆਪਣੀਆਂ ਮੰਗਾਂ ਨੂੰ 45 ਤੋਂ ਘਟਾ ਕੇ 15 ਕਰ ਦਿੱਤਾ। ਇਸ ਵਿੱਚ ਇੱਕ ਅਹਿਮ ਸ਼ਰਤ ਭਿੰਡਰਾਂਵਾਲੇ ਦੀ ਬਿਨਾਂ ਕਿਸੇ ਸ਼ਰਤ ਦੇ ਰਿਹਾਈ ਦੀ ਸੀ। ਦੱਸਿਆ ਜਾਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਤੇ ਦਿੱਲੀ ਦੀ ਕੇਂਦਰ ਸਰਕਾਰ ਵਿਚਾਲੇ ਤਿੰਨ ਵਾਰ ਗੱਲਬਾਤ ਹੋਈ।
ਜਦੋਂ ਭਿੰਡਰਾਂਵਾਲੇ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਰਹਿਣ ਲੱਗੇ
ਜੁਲਾਈ 1982 ਨੂੰ ਭਿੰਡਰਾਂਵਾਲੇ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 47 ਵਿੱਚ ਰਹਿਣ ਲੱਗੇ। ਅਗਸਤ 1982 ਨੂੰ ਅਕਾਲੀ ਦਲ ਨੇ ਧਰਮ ਯੁੱਧ ਮੋਰਚੇ ਦਾ ਐਲਾਨ ਕੀਤਾ। ਇਸ ਤੋਂ ਪਹਿਲਾਂ ਅਕਾਲੀ ਦਲ ਨੇ ਅਪਰੈਲ ਮਹੀਨੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਯਮੁਨਾ ਸਤਲੁਜ ਲਿੰਕ ਨਹਿਰ ਦਾ ਜ਼ੋਰਦਾਰ ਵਿਰੋਧ ਕਰਦਿਆਂ ਨਹਿਰ ਰੋਕੋ ਮੋਰਚਾ ਖੋਲ੍ਹਿਆ ਸੀ।
ਇਸੇ ਮਹੀਨੇ ਦਿੱਲੀ ਤੋਂ ਸ਼੍ਰੀਨਗਰ ਜਾ ਰਹੇ 126 ਯਾਤਰੀਆਂ ਵਾਲੇ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਕੇ ਲਾਹੌਰ ਵਿੱਚ ਲੈਂਡ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਲਾਹੌਰ ਤੋਂ ਉਸ ਦੀ ਇਜਾਜ਼ਤ ਨਹੀਂ ਮਿਲੀ। ਇਸ ਤੋਂ ਬਾਅਦ ਜਹਾਜ਼ ਨੂੰ ਅੰਮ੍ਰਿਤਸਰ ਵਿੱਚ ਲੈਂਡ ਕਰਾਇਆ ਗਿਆ। ਅਗਵਾ ਕਰਨ ਵਾਲੇ ਨੂੰ ਅੰਮ੍ਰਿਤਸਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ।
ਇਸੇ ਮਹੀਨੇ ਇੰਡੀਅਨ ਏਅਰਲਾਈਨਜ਼ ਦੇ ਇੱਕ ਹੋਰ ਜਹਾਜ਼ ਨੂੰ ਜੋਧਪੁਰ ਰਸਤੇ ਮੁੰਬਈ ਤੋਂ ਦਿੱਲੀ ਆਉਂਦੇ ਵੇਲੇ ਹਾਈਜੈਕ ਕੀਤਾ ਗਿਆ। ਇਸ ਜਹਾਜ਼ ਨੂੰ ਵੀ ਲਾਹੌਰ ਵਿੱਚ ਲੈਂਡ ਕਰਨ ਦੀ ਇਜਾਜ਼ਤ ਨਹੀਂ ਮਿਲੀ ਜਿਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਲੈਂਡਿੰਗ ਕਰਾਈ ਗਈ। ਅੰਮ੍ਰਿਤਸਰ ਹਵਾਈ ਅੱਡੇ ‘ਤੇ ਕਮਾਂਡੋ ਕਾਰਵਾਈ ਵਿੱਚ ਅਗਵਾ ਕਰਨ ਵਾਲੇ ਸਿੱਖ ਮੁਸੀਬਤ ਸਿੰਘ ਦੀ ਮੌਤ ਹੋ ਗਈ।
ਸਿੱਖਾਂ ’ਤੇ ਜ਼ੁਲਮ ਅਤੇ ਰਾਸ਼ਟਰਪਤੀ ਸ਼ਾਸਨ
ਨਵੰਬਰ 1982 ਵਿੱਚ ਦਿੱਲੀ ’ਚ ਨੌਵੇਂ ਏਸ਼ੀਆਈ ਖੇਡਾਂ ਦੇ ਆਯੋਜਨ ਦੌਰਾਨ ਅਕਾਲੀ ਦਲ ਨੇ ਵਿਰੋਧ ਦੀ ਅਪੀਲ ਕੀਤੀ। ਕਈ ਸਿੱਖ ਰਾਜਧਾਨੀ ਵਿੱਚ ਦਾਖਲ ਹੁੰਦੇ ਫੜੇ ਗਏ। ਕੁਝ ਨੂੰ ਜ਼ੁਲਮ ਦਾ ਸ਼ਿਕਾਰ ਬਣਾਇਆ ਗਿਆ। ਸਿੱਖਾਂ ‘ਤੇ ਜ਼ੁਲਮ ਢਾਹੁਣ ਦੇ ਸਭ ਤੋਂ ਵੱਧ ਮਾਮਲੇ ਹਰਿਆਣਾ ਵਿੱਚ ਸਾਹਮਣੇ ਆਏ।
ਅਪ੍ਰੈਲ 1983 ਵਿੱਚ ਪੰਜਾਬ ਪੁਲਿਸ ਦੇ ਡੀਆਈਜੀ ਅਵਤਾਰ ਸਿੰਘ ਅਟਵਾਲ ਦਾ ਅੰਮ੍ਰਿਤਸਰ ਵਿੱਚ ਦਰਬਾਰ ਸਾਹਿਬ ਅੱਗੇ ਕਤਲ ਕਰ ਦਿੱਤਾ ਗਿਆ। ਇਸ ਮਗਰੋਂ ਜੂਨ-ਅਗਸਤ, 1983 ਨੂੰ ਅਕਾਲੀ ਦਲ ਨੇ ਰੇਲ ਰੋਕੋ ਅਤੇ ਕੰਮ ਰੋਕੋ ਮੋਰਚਾ ਖੋਲ੍ਹਿਆ। ਇਸ ਨਾਲ ਆਮ ਜਨਜੀਵਨ ਅਤੇ ਰੇਲ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ।
ਇਸੇ ਦੌਰਾਨ ਦਮਦਮੀ ਟਕਸਾਲ ਦੇ ਮੁਖੀ ਬਣਨ ਮਗਰੋਂ ਜਰਨੈਲ ਸਿੰਘ ਭਿੰਡਰਾਂਵਾਲੇ ਸਿੱਖਾਂ ਦੇ ਉੱਘੇ ਲੀਡਰ ਵਜੋਂ ਉੱਭਰ ਕੇ ਸਾਹਮਣੇ ਆਏ। ਅਕਤੂਬਰ 1983 ਵਿੱਚ ਢਿੱਲਵਾਂ ਬੱਸ ਕਾਂਡ ਦੌਰਾਨ 6 ਹਿੰਦੂ ਮਾਰੇ ਗਏ। ਇਸ ਵੇਲੇ ਪੰਜਾਬ ਵਿੱਚ ਹਿੰਸਾ ਦਾ ਦੌਰ ਸ਼ੁਰੂ ਹੋ ਚੁੱਕਿਆ ਸੀ ਤੇ 1984 ਵਿੱਚ ਜੂਨ ਤੱਕ ਹਿੰਸਕ ਵਾਰਦਾਤਾਂ ਵਿੱਚ ਦਰਜਨਾਂ ਆਮ ਲੋਕ ਅਤੇ ਪੁਲਿਸ ਮੁਲਾਜ਼ਮ ਮਾਰੇ ਜਾ ਚੁੱਕੇ ਸਨ।
ਪੰਜਾਬ ਵਿੱਚ ਹਿੰਸਕ ਘਟਨਾਵਾਂ ਦਾ ਰੁਝਾਨ ਵਧ ਗਿਆ। ਭਾਰਤ ਸਰਕਾਰ ਭਿੰਡਰਾਂਵਾਲਿਆਂ ’ਤੇ ਦੋਸ਼ ਮੜ੍ਹਨ ਲੱਗੀ। ਮਾਹੌਲ ਵਿਗੜਦਾ ਵੇਖ ਅਕਤੂਬਰ, 1983 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦਰਬਾਰਾ ਸਿੰਘ ਦੀ ਅਗਵਾਈ ਵਾਲੀ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਭੰਗ ਕਰਕੇ ਸੂਬੇ ਵਿੱਚ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦਿੱਤਾ ਗਿਆ। 1984 ਵਿੱਚ ਸਾਕਾ ਨੀਲਾ ਤਾਰਾ ਤੋਂ ਤਿੰਨ ਮਹੀਨੇ ਪਹਿਲਾਂ ਹਿੰਸਕ ਘਟਨਾਵਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 298 ਹੋ ਗਈ ਸੀ।
ਜਦੋਂ ਭਿੰਡਰਾਂਵਾਲੇ ਸ੍ਰੀ ਅਕਾਲ ਤਖ਼ਤ ਪਹੁੰਚੇ
ਦਸੰਬਰ 1983 ਤਕ ਭਿੰਡਰਾਂਵਾਲੇ ਦਰਬਾਰ ਸਾਹਿਬ ਦੇ ਗੁਰੂ ਨਾਨਕ ਨਿਵਾਸ ਕੰਪਲੈਕਸ ਦੇ ਸਭ ਤੋਂ ਅਹਿਮ ਹਿੱਸੇ ਯਾਨੀ ਅਕਾਲ ਤਖਤ ਸਾਹਿਬ ਵਿੱਚ ਪਹੁੰਚ ਗਏ ਸਨ। ਇਸੇ ਦੌਰਾਨ ਫਰਵਰੀ, 1984 ਨੂੰ ਪੰਜਾਬੀ ਦੇ ਚਰਚਿਤ ਮੈਗਜ਼ੀਨ ‘ਪ੍ਰੀਤਲੜੀ’ ਦੇ ਸੰਪਾਦਕ ਅਤੇ ਸੀਨੀਅਰ ਪੱਤਰਕਾਰ ਸੁਮਿਤ ਸਿੰਘ ਸ਼ੰਮੀ ਦਾ ਕਤਲ ਕਰ ਦਿੱਤਾ ਗਿਆ। ਅਪ੍ਰੈਲ, 1984 ਵਿੱਚ ਸਾਬਕਾ ਵਿਧਾਇਕ ਅਤੇ ਅੰਮ੍ਰਿਤਸਰ ਵਿੱਚ ਬੀਜੇਪੀ ਪ੍ਰਧਾਨ ਹਰਬੰਸ ਲਾਲ ਖੰਨਾ ਦਾ ਉਨ੍ਹਾਂ ਦੇ ਅੰਗਰੱਖਿਅਕ ਸਮੇਤ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਅਗਲੇ ਦਿਨ ਉਨ੍ਹਾਂ ਦੀ ਅੰਤਿਮ ਯਾਤਰਾ ਵਿੱਚ ਹਿੰਸਾ ਭੜਕ ਗਈ, ਜਿਸ ਵਿੱਚ ਅੱਠ ਲੋਕ ਮਾਰੇ ਗਏ ਅਤੇ ਨੌ ਜ਼ਖ਼ਮੀ ਹੋਏ ਸਨ।
ਇਸੇ ਹਫ਼ਤੇ ਹਿੰਦੂ ਬ੍ਰਾਹਮਣ ਪਰਿਵਾਰ ਨਾਲ ਸਬੰਧਤ ਪ੍ਰੋਫੈਸਰ ਵਿਸ਼ਵਨਾਥ ਤਿਵਾੜੀ ਦਾ ਵੀ ਕਤਲ ਕਰ ਦਿੱਤਾ ਗਿਆ। ਮਈ 1984 ਵਿੱਚ ਹਿੰਦ ਸਮਾਚਾਰ ਸਮੂਹ ਦੇ ਸੰਪਾਦਕ ਜਗਤ ਨਾਰਾਇਣ ਦੇ ਕਤਲ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਰਮੇਸ਼ ਚੰਦਰ ਨੇ ਜ਼ਿੰਮੇਵਾਰੀ ਸਾਂਭੀ ਪਰ ਉਸੇ ਮਹੀਨੇ ਉਨ੍ਹਾਂ ਦਾ ਵੀ ਜਲੰਧਰ ਵਿੱਚ ਉਨ੍ਹਾਂ ਦੇ ਦਫ਼ਤਰ ਵਿੱਚ ਕਤਲ ਕਰ ਦਿੱਤਾ ਗਿਆ।
ਸਾਕਾ ਨੀਲਾ ਤਾਰਾ ਤੇ ਭਿੰਡਰਾਂਵਾਲੇ ਦੀ ਮੌਤ
ਪੰਜਾਬ ਵਿੱਚ ਹਿੰਸਾ ਵਧਦੀ ਵੇਖ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਦੇਸ਼ ਨੂੰ ਸੰਬੋਧਿਤ ਕੀਤਾ ਤਾਂ ਇਹ ਸਪਸ਼ਟ ਹੋ ਗਿਆ ਕਿ ਸਥਿਤੀ ਗੰਭੀਰ ਹੈ ਅਤੇ ਭਾਰਤ ਸਰਕਾਰ ਕੋਈ ਕਾਰਵਾਈ ਕਰ ਸਕਦੀ ਹੈ। ਪੰਜਾਬ ਆਉਣ-ਜਾਣ ਵਾਲੇ ਰੇਲ ਗੱਡੀਆਂ ਅਤੇ ਬੱਸ ਸੇਵਾਵਾਂ ‘ਤੇ ਰੋਕ ਲਗਾ ਦਿੱਤੀ ਗਈ, ਫੋਨ ਕੱਟ ਦਿੱਤੇ ਗਏ ਅਤੇ ਵਿਦੇਸ਼ੀ ਮੀਡੀਆ ਨੂੰ ਸੂਬੇ ਤੋਂ ਬਾਹਰ ਕਰ ਦਿੱਤਾ ਗਿਆ। ਤਿੰਨ ਜੂਨ ਤੱਕ ਭਾਰਤੀ ਫੌਜ ਨੇ ਅੰਮ੍ਰਿਤਸਰ ਵਿੱਚ ਦਾਖ਼ਲ ਹੋ ਹਰਿਮੰਦਰ ਸਾਹਿਬ ਨੂੰ ਘੇਰ ਲਿਆ ਸੀ। ਉਹ ਭਿੰਡਰਾਂਵਾਲਿਆਂ ਨੂੰ ਬਾਹਰ ਕੱਢਣਾ ਚਾਹੁੰਦੇ ਸਨ। ਉਨ੍ਹਾਂ ’ਤੇ ਸੂਬੇ ਵਿੱਚ ਹਿੰਸਾ ਭੜਕਾਉਣ ਦੇ ਇਲਜ਼ਾਮ ਸਨ।
ਆਖ਼ਰ ਚਾਰ ਜੂਨ ਫੌਜ ਨੇ ਗੋਲ਼ੀਬਾਰੀ ਸ਼ੁਰੂ ਕਰ ਦਿੱਤੀ। ਪਰ ਅੰਦਰੋਂ ਜਵਾਬੀ ਕਾਰਵਾਈ ਹੁੰਦੀ ਵੇਖ ਫੌਜ ਨੇ 5 ਜੂਨ ਨੂੰ ਬਖਤਰਬੰਦ ਗੱਡੀਆਂ ਅਤੇ ਤੋਪਾਂ ਦਾ ਇਸਤੇਮਾਲ ਕੀਤਾ। ਭਿਆਨਕ ਹਿੰਸਾ ਹੋਈ। ਸ੍ਰੀ ਅਕਾਲ ਤਖ਼ਤ ਢਹਿ-ਢੇਰੀ ਕਰ ਦਿੱਤਾ ਗਿਆ। ਇਸ ਕਾਰਵਾਈ ਦੌਰਾਨ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ’ਤੇ ਵੀ ਗੋਲ਼ੀਆਂ ਚਲਾਈਆਂ ਗਈਆਂ। ਇਸੇ ਦੌਰਾਨ ਇਤਿਹਾਸਿਕ ਪੱਖੋਂ ਬੇਹੱਦ ਮਹੱਤਵਪੂਰਨ ਸਿੱਖ ਧਰਮ ਨਾਲ ਸਬੰਧਿਤ ਲਾਇਬ੍ਰੇਰੀ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ।
6 ਜੂਨ ਵਾਲੇ ਦਿਨ 1984 ਨੂੰ ਦਰਬਾਰ ਸਾਹਿਬ ਵਿੱਚ ਭਾਰਤੀ ਫੌਜ ਦਰਬਾਰ ਸਾਹਿਬ ਕੰਪਲੈਕਸ ਵਿੱਚ ਦਾਖ਼ਲ ਹੋ ਗਈ। ਫੌਜ ਨੇ ਸ੍ਰੀ ਹਰਮਿੰਦਰ ਸਾਹਿਬ ਨੂੰ ਚਾਰੇ ਪਾਸਿਓਂ ਘੇਰ ਲਿਆ। ਭਾਰੀ ਗੋਲੀਬਾਰੀ ਅਤੇ ਸੰਘਰਸ਼ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋਈ। ਦਰਬਾਰ ਸਾਹਿਬ ਕੰਪਲੈਕਸ ਉੱਤੇ ਹੋਏ ਇਸ ਹਮਲੇ ਵਿੱਚ ਭਿੰਡਰਾਂਵਾਲਿਆਂ ਅਤੇ ਲੈਫਟੀਨੈਂਟ ਜਨਰਲ ਸੁਬੇਗ ਸਿੰਘ ਸਣੇ ਕਈ ਮੁੱਖ ਲੋਕਾਂ ਦੀ ਮੌਤ ਹੋਈ।
ਭਾਰਤ ਸਰਕਾਰ ਦੇ ਅੰਕੜੇ ਮੁਤਾਬਕ ਇਸ ਕਾਰਵਾਈ ਵਿੱਚ 83 ਫੌਜੀ ਮਾਰੇ ਗਏ ਅਤੇ 249 ਜ਼ਖ਼ਮੀ ਹੋਏ। 493 ਸਿੱਖ ਜਾਂ ਆਮ ਨਾਗਰਿਕਾਂ ਦੀ ਮੌਤ ਹੋਈ। 86 ਜ਼ਖ਼ਮੀ ਹੋਏ ਅਤੇ 1592 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਪਰ ਹਾਲੇ ਤਕ ਇਨ੍ਹਾਂ ਸਰਕਾਰੀ ਅੰਕੜਿਆਂ ’ਤੇ ਵਿਵਾਦ ਚੱਲ ਰਿਹਾ ਹੈ। ਕਈ ਸਿੱਖ ਜਥੇਬੰਦੀਆਂ ਦਾ ਮੰਨਣਾ ਹੈ ਕਿ ਫੌਜੀ ਕਾਰਵਾਈ ਵਿੱਚ ਹਜ਼ਾਰਾਂ ਬੇਦੋਸ਼ੇ ਸਿੱਖ ਮਾਰੇ ਗਏ ਸਨ। ਇਸ ਹਮਲੇ ਤੋਂ ਬਾਅਦ ਸਿੱਖਾਂ ਤੇ ਕਾਂਗਰਸ ਵਿਚਾਲੇ ਦਰਾਰ ਆ ਗਈ।
ਸਾਕਾ ਨੀਲਾ ਤਾਰਾ ਤੋਂ ਬਾਅਦ ਦੀਆਂ ਘਟਨਾਵਾਂ
ਸਿੱਖ ਫੌਜੀਆਂ ਵੱਲੋਂ ਬਗ਼ਾਵਤ
6 ਜੂਨ 1984 ਨੂੰ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਤੋਂ ਬਾਅਦ 7-10 ਜੂਨ ਨੂੰ ਮੁਲਕ ਦੇ ਕਈ ਹਿੱਸਿਆਂ ਵਿੱਚ ਸਿੱਖ ਫੌਜੀਆਂ ਦੇ ਬਾਗ਼ੀ ਹੋਣ ਦੀਆਂ ਖਬਰਾਂ ਆਈਆਂ। ਸਿੱਖ ਰੈਜੀਮੈਂਟ ਦੇ ਕਰੀਬ 500 ਫੌਜੀਆਂ ਨੇ ਰਾਜਸਥਾਨ ਦੇ ਗੰਗਾਨਗਰ ਵਿੱਚ ਭਾਰਤ ਸਰਕਾਰ ਦੇ ਆਪਰੇਸ਼ਨ ਬਲੂ ਸਟਾਰ ਦੀਆਂ ਖਬਰਾਂ ਸੁਣ ਕੇ ਬਗ਼ਾਵਤ ਕਰ ਦਿੱਤੀ ਸੀ। ਬਿਹਾਰ ਦੇ ਰਾਮਗੜ (ਹੁਣ ਝਾਰਖੰਡ), ਅਲਵਰ, ਜੰਮੂ, ਠਾਣੇ ਅਤੇ ਪੁਣੇ ਵਿੱਚ ਸਿੱਖ ਫੌਜੀਆਂ ਨੇ ਬਗ਼ਾਵਤ ਕੀਤੀ ਸੀ। ਰਿਪੋਰਟਾਂ ਮੁਤਾਬਕ ਰਾਮਗੜ ਵਿੱਚ ਬਾਗੀ ਫੌਜੀਆਂ ਨੇ ਆਪਣੇ ਕਮਾਂਡਰ, ਬ੍ਰਿਗੇਡੀਅਰ ਐਸਸੀ ਪੁਰੀ ਦਾ ਕਤਲ ਵੀ ਕਰ ਦਿੱਤਾ ਸੀ।
ਇਸ ਮਗਰੋਂ ਜੁਲਾਈ, 1984 ਭਾਰਤ ਸਰਕਾਰ ਨੇ ਆਪਰੇਸ਼ਨ ਬਲੂ ਸਟਾਰ ‘ਤੇ ਇੱਕ ਵਾਈਟ ਪੇਪਰ ਜਾਰੀ ਕੀਤਾ, ਪਰ ਉਸ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ।
ਇੰਦਰਾ ਗਾਂਧੀ ਦਾ ਕਤਲ
ਸਾਕਾ ਨੀਲਾ ਤਾਰਾ ਦੇ ਚਾਰ ਮਹੀਨੇ ਬਾਅਦ ਹੀ 31 ਅਕਤੂਬਰ, 1984 ਨੂੰ ਇੰਦਰਾ ਗਾਂਧੀ ਦਾ ਉਨ੍ਹਾਂ ਦੇ ਦੋ ਸਿੱਖ ਬਾਡੀਗਾਰਡਾਂ ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ। ਭਾਈ ਬੇਅੰਤ ਸਿੰਘ ਅਤੇ ਭਾਈ ਸਤਵੰਤ ਸਿੰਘ ਨੇ ਜੂਨ 1984 ਵੇਲੇ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰਨ, ਸ੍ਰੀ ਦਰਬਾਰ ਸਾਹਿਬ ‘ਤੇ ਗੋਲੀਆਂ ਦਾਗ਼ਣ, ਸੈਂਕੜੇ ਸੰਗਤਾਂ ਨੂੰ ਗੁਰਪੁਰਬ ਮੌਕੇ ਤੋਪਾਂ ਟੈਂਕਾਂ ਤੇ ਗੋਲੀਆਂ ਨਾਲ ਮਾਰਨ ਲਈ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਸਨ। ਨਵੇਂ ਤੱਥਾਂ ਮੁਤਾਬਕ ਇਸ ਕਤਲ ਦੀ ਯੋਜਨਾ ਭਾਈ ਬੇਅੰਤ ਸਿੰਘ ਅਤੇ ਭਾਈ ਕੇਹਰ ਸਿੰਘ ਵੱਲੋਂ ਬਣਾਈ ਗਈ ਸੀ।
ਸਿੱਖ ਕੌਮ ਵਿੱਚ ਇਨ੍ਹਾਂ ਨੂੰ ‘ਸ਼ਹੀਦ’ ਦਾ ਦਰਜਾ ਦਿੱਤਾ ਗਿਆ ਹੈ। ਹਰ ਸਾਲ ਇਨ੍ਹਾਂ ਦੇ ਸ਼ਹੀਦੀ ਦਿਹਾੜੇ ਵੀ ਮਨਾਏ ਜਾਂਦੇ ਹਨ ਅਤੇ ਇਸ ਮੌਕੇ ਇਨ੍ਹਾਂ ਦੇ ਪਰਿਵਾਰਾਂ ਨੂੰ ਸਿੱਖਾਂ ਦੇ ਸਿਰਮੌਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸਨਮਾਨ ਵੀ ਦਿੱਤਾ ਜਾਂਦਾ ਹੈ। ਬੇਅੰਤ ਸਿੰਘ ਭਾਵੇਂ 31 ਅਕਤੂਬਰ 1984 ਨੂੰ ਹੀ ਗ੍ਰਿਫ਼ਤਾਰੀ ਮੌਕੇ ਸ਼ਹੀਦ ਕਰ ਦਿੱਤੇ ਗਏ ਸਨ, ਪਰ ਭਾਈ ਸਤੰਵਤ ਸਿੰਘ ਅਤੇ ਭਾਈ ਕੇਹਰ ਸਿੰਘ ਨੂੰ 6 ਜਨਵਰੀ 1989 ਨੂੰ ਫਾਂਸੀ ਦੇ ਤਖ਼ਤੇ ਉਤੇ ਲਟਕਾ ਦਿੱਤਾ ਗਿਆ ਸੀ।
ਦਿੱਲੀ ਸਮੇਤ ਮੁਲਕ ਭਰ ’ਚ ਸਿੱਖ ਨਸਲਕੁਸ਼ੀ
ਇੰਦਰਾ ਗਾਂਧੀ ਦੇ ਕਤਲ ਤੋਂ ਤੁਰੰਤ ਬਾਅਦ ਦੇਸ਼ ਦੇ ਕਈ ਹਿੱਸਿਆਂ ਵਿੱਚ ਸਿੱਖਾਂ ਦਾ ਕਤਲੇਆਮ ਹੋਇਆ ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਜਾਨਾਂ ਗਈਆਂ। ਹਿੰਦੂ ਬਦਮਾਸ਼ਾਂ ਨੇ ਕਈ ਸਿੱਖਾਂ ਦੇ ਘਰ ਸਾੜ ਦਿੱਤੇ। ਜਿਊਂਦੇ ਸਿੱਖਾਂ ਦੇ ਗਲਾਂ ਵਿੱਚ ਟਾਇਰ ਪਾ ਕੇ ਉਨ੍ਹਾਂ ਨੂੰ ਅੱਗ ਦੇ ਹਵਾਲੇ ਤਕਰ ਦਿੱਤਾ। ਸਿੱਖ ਬੀਬੀਆਂ ਨੂੰ ਵੀ ਨਹੀਂ ਬਖ਼ਸ਼ਿਆ ਗਿਆ। ਸਿੱਖਾਂ ਨੂੰ ਰੇਲ ਗੱਡੀਆਂ ਵਿੱਚੋਂ ਧੂਹ-ਧੂਹ ਕੇ ਮਾਰਿਆ ਗਿਆ। ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ।
ਇਸ ਕਤਲੇਆਮ ਤੋਂ ਬਾਅਦ ਮਾਮਲੇ ਦੀ ਜਾਂਚ ਕਰ ਰਹੀ ਸੀਬੀਆਈ ਨੇ ਕਿਹਾ ਸੀ ਕਿ ਇਹ ਸਭ ਰਾਜੀਵ ਗਾਂਧੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਤੇ ਦਿੱਲੀ ਪੁਲਿਸ ਵੱਲੋਂ ਮਿਲ ਕੇ ਕਰਾਇਆ ਗਿਆ ਸੀ। ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦਾ ਇਕ ਬਿਆਨ ਵੀ ਕਾਫ਼ੀ ਸੁਰਖੀਆਂ ਵਿੱਚ ਰਿਹਾ ਸੀ, ਜਿਸ ਵਿਚ ਉਨ੍ਹਾਂ ਨੇ ਕਿਹਾ ਸੀ ਕਿ ਜਦੋਂ ਇੱਕ ਵੱਡਾ ਦਰੱਖਤ ਡਿੱਗਦਾ ਹੈ, ਤੱਦ ਧਰਤੀ ਵੀ ਹਿੱਲਦੀ ਹੈ। ਇਸ ਬਿਆਨ ਦਾ ਸਿੱਧਾ ਇਸ਼ਾਰਾ ਦਿੱਲੀ ਵਿੱਚ ਸਿੱਖ ਕਤਲੇਆਮ ਵੱਲ ਜਾਂਦਾ ਸੀ।
ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਕਾਂਗਰਸੀ ਲੀਡਰ ਸਿੱਖ ਕੌਮ ਵਿਰੁੱਧ ਭੜਕ ਉੱਠੇ। ਕਾਨੂੰਨੀ ਅੰਕੜਿਆਂ ਮੁਤਾਬਕ ਕਿ ਇਸ ਕਤਲੇਆਅ ਵਿੱਚ ਪੰਜ ਹਜ਼ਾਰ ਲੋਕ ਮਾਰੇ ਗਏ ਸਨ। ਇਕੱਲੇ ਦਿੱਲੀ ਵਿੱਚ ਹੀ ਦੋ ਹਜ਼ਾਰ ਤੋਂ ਵੱਧ ਲੋਕ ਮਾਰੇ ਗਏ। ਪਰ ਮੰਨਿਆ ਜਾਂਦਾ ਹੈ ਕਿ ਅਸਲ ਅੰਕੜਾ ਇਸ ਤੋਂ ਕਿਤੇ ਵੱਧ ਹੈ। ਦਿੱਲੀ ਤੋਂ ਬਾਅਦ ਕਾਨ੍ਹਪੁਰ (ਯੂਪੀ) ਅਤੇ ਸਟੀਲ ਸਿਟੀ ਬੋਕਾਰੋ (ਉਦੋਂ ਬਿਹਾਰ ਤੇ ਹੁਣ ਝਾਰਖੰਡ) ਵਿੱਚ ਵੀ ਸਿੱਖਾਂ ਦਾ ਕਤਲੇਆਮ ਕੀਤਾ ਗਿਆ।
ਸ਼੍ਰੋਮਣੀ ਕਮੇਟੀ ਕੋਲ ਸ੍ਰੀ ਦਰਬਾਰ ਸਾਹਿਬ ਦਾ ਅਖ਼ਤਿਆਰ
ਜੁਲਾਈ 1985 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਹਰਚੰਦ ਸਿੰਘ ਲੌਂਗੋਵਾਲ ਨੇ ਇੱਕ ਸਮਝੌਤੇ ‘ਤੇ ਦਸਤਖ਼ਤ ਕੀਤੇ। ਪਰ ਇਸ ਸਮਝੌਤੇ ਉੱਤੇ ਅਮਲ ਨਾ ਹੋ ਸਕਿਆ। ਅਗਸਤ, 1985 ਨੂੰ ਇੱਕ ਗੁਰਦੁਆਰੇ ਵਿੱਚ ਭਾਸ਼ਣ ਦਿੰਦੇ ਸਮੇਂ ਹਰਚੰਦ ਸਿੰਘ ਲੌਂਗੋਵਾਲ ‘ਤੇ ਹਮਲਾ ਕਰ ਕੇ ਉਨ੍ਹਾਂ ਦਾ ਕਤਲ ਕਰ ਦਿੱਤਾ ਗਿਆ। ਸਤੰਬਰ, 1985 ਵਿੱਚ ਅਕਾਲੀ ਦਲ ਨੂੰ ਪੰਜਾਬ ਦੀਆਂ ਚੋਣਾਂ ਵਿੱਚ ਭਾਰੀ ਜਿੱਤ ਮਿਲੀ। ਸੁਰਜੀਤ ਸਿੰਘ ਬਰਨਾਲਾ ਪੰਜਾਬ ਦੇ ਮੁੱਖ ਮੰਤਰੀ ਬਣੇ। ਇਸ ਮਗਰੋਂ ਜਨਵਰੀ 1986 ਵਿੱਚ ਦਰਬਾਰ ਸਾਹਿਬ ਦਾ ਕੰਟਰੋਲ ਇੱਕ ਵਾਰ ਫੇਰ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤਾ ਗਿਆ।
ਆਪ੍ਰੇਸ਼ਨ ਬਲੂ ਸਟਾਰ ’ਚ ਬਰਤਾਨਵੀ ਸਰਕਾਰ ਦੀ ਭੂਮਿਕਾ
ਜੁਲਾਈ 2018 ਵਿੱਚ ਆਪ੍ਰੇਸ਼ਨ ਬਲੂ ਸਟਾਰ ਬਾਰੇ ਬ੍ਰਿਟੇਨ ਵੱਲ਼ੋਂ ਦਸਤਾਵੇਜ਼ ਜਨਤਕ ਕੀਤੇ ਗਏ, ਜਿੰਨ੍ਹਾਂ ਵਿਚ ਅਹਿਮ ਖੁਲਾਸਾ ਹੋਇਆ ਕਿ 1984 ਵਿੱਚ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ ਭਾਰਤ ਸਰਕਾਰ ਦੀ ਹਮਾਇਤ ਕੀਤੀ ਸੀ। ਪਰ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ ਨਹੀਂ ਲੱਗ ਸਕਿਆ ਕਿ ਆਪ੍ਰੇਸ਼ਨ ਬਲੂ ਸਟਾਰ ਵਿੱਚ ਬ੍ਰਿਟੇਨ ਸਰਕਾਰ ਦਾ ਕੀ ਰੋਲ ਰਿਹਾ ਸੀ। ਅਦਾਲਤੀ ਹੁਕਮਾਂ ਤੋਂ ਬਾਅਦ ਇਸ ਗੱਲ ਦਾ ਖੁਲਾਸਾ ਹੋਇਆ ਹੈ ਕਿ ਬਰਤਾਨੀਆ ਸਰਕਾਰ ਨੇ ਭਾਰਤੀ ਸਰਕਾਰ ਦਾ ਆਪ੍ਰੇਸ਼ਨ ਬਲੂ ਸਟਾਰ ਮੌਕੇ ਅੰਦਰ ਖਾਤੇ ਮਦਦ ਕੀਤੀ ਸੀ ਕਿਉਂਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨੇ ਆਪ੍ਰੇਸ਼ਨ ਬਲੂ ਸਟਾਰ ਮਗਰੋਂ ਬ੍ਰਿਟੇਨ ਵਿੱਚ ਸਿੱਖਾਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ’ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ ਕੀਤੀਆਂ ਸਨ। ਇਸ ਤੋਂ ਇਸ ਗੱਲ ਦਾ ਸੰਕੇਤ ਜ਼ਰੂਰ ਮਿਲਦਾ ਹੈ ਕਿ ਬਰਤਾਨੀਆ ਨੇ ਆਪਣੇ ਲਾਭ ਲਈ ਭਾਰਤ ਸਰਕਾਰ ਦੀ ਕਿਤੇ ਨਾ ਕਿਤੇ ਮਦਦ ਕੀਤੀ।
ਦਸਤਾਵੇਜਾਂ ਤੋਂ ਇਹ ਵੀ ਅੰਦੇਸ਼ਾ ਹੋਇਆ ਕਿ ਥੈਚਰ ਦੇ ਵਿਦੇਸ਼ ਸਕੱਤਰ, ਸਰ ਜੇਫਰੀ ਹੋਵੇ ਚਾਹੁੰਦੇ ਸਨ ਕਿ ਸਕਾਟਲੈਂਡ ਯਾਰਡ ਬਰਤਾਨਵੀ ਸਿੱਖ ਜਥੇਬੰਦੀਆਂ ਦੁਆਰਾ ਖਾਲਿਸਤਾਨ ਦੀ ਅਖੌਤੀ ਰਿਪਬਲਿਕ ਦੀ ਸ਼ਮੂਲੀਅਤ ‘ਤੇ ਪਾਬੰਦੀ ਲਗਾਵੇ, ਕਿਉਂਕਿ ‘ਮੌਜੂਦਾ ਹਾਲਾਤ ਵਿੱਚ ਇੱਕ ਸਿੱਖ ਮਾਰਚ ਭਾਰਤ-ਬ੍ਰਿਟੇਨ ਦੇ ਸਬੰਧਾਂ ਲਈ ਬਹੁਤ ਗੰਭੀਰ ਖ਼ਤਰੇ ਹੋਣਗੇ।’ ਰਿਪੋਰਟਾਂ ਅਨੁਸਾਰ 1984 ਵਿੱਚ ਯੂਕੇ ਭਾਰਤ ਨੂੰ ਵੈਸਟਲੈਂਡ ਹੈਲੀਕਾਪਟਰ ਵੇਚਣ ਦੀ ਕੋਸ਼ਿਸ਼ ਕਰ ਰਿਹਾ ਸੀ। ਬਰਤਾਨੀਆ ਨੂੰ ਕਰੀਬ 5 ਅਰਬ ਪਾਊਂਡ ਦੇ ਸੌਦੇ ਦੇ ਵਪਾਰਕ ਬਾਈਕਾਟ ਹੋਣ ਦਾ ਖ਼ਤਰਾ ਸੀ। ਇਸ ਕਾਰਨ ਬਰਤਾਨੀਆ ਦੀ ਸਰਕਾਰ ਸਿੱਖ ਕੱਟੜਪੰਥੀਆਂ ਦੀਆਂ ਸਰਗਰਮੀਆਂ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਸੀ।