Punjab

‘84 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲਾ ਕਾਂਗਰਸੀ ਗ੍ਰਿਫਤਾਰ

ਦ ਖ਼ਾਲਸ ਬਿਊਰੋ : ਸਿੱਖ ਕੌਮ ਦੇ 1984 ਦੇ ਜ਼ਖ਼ਮਾਂ ਨੂੰ ਅੱਲ੍ਹੇ ਕਰਨ ਵਾਲੇ ਕਾਂਗਰਸੀ ਵਰਕਰ ਕਰਮਜੀਤ ਗਿੱਲ ਨੂੰ ਪੰਜਾਬ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਕਾਂਗਰਸੀ ਆਗੂ ਨੂੰ ਦੀਨਾਨਗਰ ਟੋਲ ਪਲਾਜ਼ਾ ਤੋਂ ਗ੍ਰਿਫਤਾਰ ਕੀਤਾ ਹੈ ਅਤੇ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰ ਲਿਆ ਹੈ।

ਬੀਤੇ ਦਿਨੀਂ 1984 ਸਿੱਖ ਕਤਲੇਆਮ ਦੇ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਟੀ-ਸ਼ਰਟ ਪਾ ਕੇ ਇੱਕ ਕਾਂਗਰਸੀ ਵਰਕਰ ਕਰਮਜੀਤ ਗਿੱਲ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਪਹੁੰਚਿਆ ਸੀ ਅਤੇ ਪਰਿਕਰਮਾ ਉੱਤੇ ਤਸਵੀਰਾਂ ਵੀ ਖਿਚਵਾਈਆਂ ਸਨ। ਇਨ੍ਹਾਂ ਫੋਟੋਆਂ ਦੇ ਵਾਇਰਲ ਹੋਣ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਅਤੇ ਕਾਂਗਰਸੀ ਵਰਕਰ ਕਰਮਜੀਤ ਗਿੱਲ ‘ਤੇ ਮਾਮਲਾ ਦਰਜ ਕਰ ਲਿਆ ਗਿਆ ਸੀ। SGPC ਦੀ ਸ਼ਿਕਾਇਤ ‘ਤੇ ਕਰਮਜੀਤ ਖਿਲਾਫ਼ ਧਾਰਾ 153-A ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਦੀ ਨਿੰਦਾ ਕਰਦਿਆਂ SGPC ਪ੍ਰਧਾਨ ਨੇ ਕਿਹਾ ਸੀ ਕਿ ਜਗਦੀਸ਼ ਟਾਈਟਲਰ 1984 ਕਤਲੇਆਮ ਦਾ ਮੁੱਖ ਦੋਸ਼ੀ ਹੈ। ਅਜਿਹੇ ਵਿਅਕਤੀ ਦੀ ਤਸਵੀਰ ਵਾਲੀ ਟੀ-ਸ਼ਰਟ ਪਾਉਣਾ ਤੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਆਉਣਾ ਇੱਕ ਅਜਿਹੀ ਘਟਨਾ ਹੈ ਜੋ ਸਿੱਖਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਕਰਦੀ ਹੈ। ਉਨ੍ਹਾਂ ਕਿਹਾ ਕਿ ਮਿਲੀ ਜਾਣਕਾਰੀ ਵਿੱਚ ਇਹ ਸਾਹਮਣੇ ਆਇਆ ਹੈ ਕਿ ਜਿਸ ਵਿਅਕਤੀ ਨੇ ਇਹ ਸਭ ਕੀਤਾ ਹੈ ਉਹ ਅੰਮ੍ਰਿਤਸਰ ਦਾ ਰਹਿਣ ਵਾਲਾ ਕਰਮਜੀਤ ਗਿੱਲ ਹੈ,ਮ ਜੋ ਕਿ ਇੱਕ ਕਾਂਗਰਸੀ ਵਰਕਰ ਹੈ। ਜਿਸ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਇਹ ਇੱਕ ਸੋਚੀ-ਸਮਝੀ ਸਾਜ਼ਿਸ਼ ਸੀ।

ਇਸ ਮਾਮਲੇ ਵਿਚ SGPC ਦੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਟੀ-ਸ਼ਰਟ ਪਾ ਕੇ ਤਸਵੀਰ ਖਿਚਵਾਉਣ ਵਾਲਾ ਕਰਮਜੀਤ ਆਪਣੇ ਸੁਰੱਖਿਆ ਕਰਮਚਾਰੀਆਂ ਦੇ ਨਾਲ ਸ੍ਰੀ ਦਰਬਾਰ ਸਾਹਿਬ ਪਹੁੰਚਿਆ ਸੀ। ਉਹ ਸਰੋਵਰ ਵਿੱਚ ਇਸ਼ਨਾਨ ਕਰਨ ਲੱਗਿਆ ਅਤੇ ਜਦੋਂ ਪਰਿਕਰਮਾ ‘ਤੇ ਮੌਜੂਦ ਸੇਵਾਦਾਰ ਉਥੋਂ ਹਟੇ ਤਾਂ ਉਸਨੇ ਟਾਈਟਲਰ ਦੀ ਫੋਟੋ ਵਾਲੀ ਟੀ-ਸ਼ਰਟ ਪਾ ਕੇ ਫੋਟੋ ਖਿਚਵਾ ਲਈ। ਜਿਵੇਂ ਹੀ ਸੇਵਾਦਾਰ ਦੁਬਾਰਾ ਉਸ ਜਗ੍ਹਾ ਪਹੁੰਚੇ ਤਾਂ ਉਸਨੇ ਤੁਰੰਤ ਟੀ-ਸ਼ਰਟ ਪਹਿਨ ਕੇ ਉਸਨੂੰ ਲੁਕੋ ਲਿਆ।