‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਈ ਮਹੀਨਿਆਂ ਦੇ ਕਾਟੋ-ਕਲੇਸ਼ ਤੋਂ ਬਾਅਦ ਸਿੱਧੂ ਦੀ ਪੰਜਾਬ ਪ੍ਰਧਾਨ ਵਜੋਂ ਨਿਯੁਕਤੀ ਕੀਤੀ ਗਈ ਹੈ। ਉਨ੍ਹਾਂ ਦੇ ਨਾਲ ਚਾਰ ਹੋਰ ਪ੍ਰਧਾਨ ਸੰਗਤ ਸਿੰਘ ਗਿਲਜੀਆ, ਸੁਖਵਿੰਦਰ ਸਿੰਘ ਡੈਨੀ, ਪਵਨ ਗੋਇਲ ਅਤੇ ਕੁਲਜੀਤ ਸਿੰਘ ਨਾਗਰਾ ਵਰਕਿੰਗ ਪ੍ਰਧਾਨ ਲਗਾਏ ਗਏ ਹਨ। ਕਾਂਗਰਸ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਬਣਾਏ ਜਾਣ ਤੋਂ ਬਾਅਦ ਕੁਲਜੀਤ ਸਿੰਘ ਨਾਗਰਾ ਨੇ ਪਰਮਾਤਮਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹਾਈਕਮਾਂਡ ਅਤੇ ਸਾਰੀ ਲੀਡਰਸ਼ਿਪ ਨੇ ਸਾਡੇ ‘ਤੇ ਭਰੋਸਾ ਕਰਕੇ ਸਾਨੂੰ ਇਹ ਜ਼ਿੰਮੇਵਾਰੀ ਬਖਸ਼ੀ। ਸੂਬੇ ਦੇ ਲੋਕਾਂ ਲਈ ਸਾਨੂੰ ਕੰਮ ਕਰਨ ਦਾ ਮੌਕਾ ਮਿਲੇਗਾ। ਪਰਮਾਤਮਾ ਦੀ ਕ੍ਰਿਪਾ ਦੇ ਨਾਲ ਅਸੀਂ ਇਸ ਜ਼ਿੰਮੇਵਾਰੀ ਨੂੰ ਚੰਗੀ ਤਰ੍ਹਾਂ ਨਿਭਾਵਾਂਗੇ। ਮੈਂ ਕਦੇ ਵੀ ਹਾਈਕਮਾਨ ਕੋਲ ਕੋਈ ਮੰਗ ਰੱਖੀ ਹੈ ਅਤੇ ਨਾ ਹੀ ਮੈਂ ਕਦੇ ਹਾਈਕਮਾਨ ਤੋਂ ਨਰਾਜ਼ ਹੋਇਆ ਹਾਂ। ਮੇਰਾ ਇੱਕ ਆਪਣਾ ਜ਼ਿੰਦਗੀ ਦਾ ਨਜ਼ਰੀਆ ਹੈ ਕਿ ਆਪਣੇ ਕੰਮ ਇਮਾਨਦਾਰੀ ਅਤੇ ਪੂਰੀ ਤਨਦੇਹੀ ਦੇ ਨਾਲ ਕਰੋ। ਸਾਡੇ ਤੋਂ ਉੱਪਰ ਬੈਠੇ ਲੋਕ ਆਪਣੇ-ਆਪ ਹੀ ਸਾਨੂੰ ਜ਼ਿੰਮੇਵਾਰੀਆਂ ਦਿੰਦੇ ਹਨ। ਮੈਂ ਚੁਣੌਤੀਆਂ ਦਾ ਸਾਹਮਣਾ ਕਰਕੇ ਹੀ ਇੱਥੋਂ ਤੱਕ ਪਹੁੰਚਿਆਂ ਹਾਂ। ਰਾਜਨੀਤੀ ਵਿੱਚ ਮੈਂ ਆਪਣੀ ਹਿੱਤਾਂ ਨੂੰ ਪਾਸੇ ਰੱਖਿਆ ਹੈ।
ਗਿਲਜੀਆਂ ਦਾ ਪ੍ਰਤੀਕਰਮ
ਕਾਰਜਕਾਰੀ ਪ੍ਰਧਾਨ ਸੰਗਤ ਸਿੰਘ ਗਿਲਜੀਆਂ ਨੇ ਕਿਹਾ ਕਿ ਪਾਰਟੀ ਨੇ ਉਨ੍ਹਾਂ ਨੂੰ ਬਹੁਤ ਵੱਡਾ ਮਾਣ-ਸਤਿਕਾਰ ਦਿੱਤਾ ਹੈ। ਉਨ੍ਹਾਂ ਨੇ ਕਾਂਗਰਸ ਹਾਈਕਮਾਨ ਅਤੇ ਸਾਰੀ ਕਾਂਗਰਸ ਲੀਡਰਸ਼ਿਪ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਸੋਨੀਆ ਗਾਂਧੀ, ਪ੍ਰਿਅੰਕਾ ਗਾਂਧੀ ਅਤੇ ਰਾਹੁਲ ਗਾਂਧੀ ਦੀ ਰਹਿਨੁਮਾਈ ਦੇ ਵਿੱਚ 2022 ਵਿੱਚ ਆਪਣੀ ਸਰਕਾਰ ਬਣਾਉਣਗੇ ਸਾਰਿਆਂ ਦੀਆਂ ਆਸਾਂ, ਉਮੀਦਾਂ ਨੂੰ 2022 ਵਿੱਚ ਪੂਰਾ ਕੀਤਾ ਜਾਵੇਗਾ।
ਡੈਨੀ ਨੇ ਜਤਾਈ ਖੁਸ਼ੀ
ਕਾਰਜਕਾਰੀ ਪ੍ਰਧਾਨ ਸੁਖਵਿੰਦਰ ਸਿੰਘ ਡੈਨੀ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਅਸੀਂ 2022 ਦੀਆਂ ਚੋਣਾਂ ਬਹੁਤ ਮਜ਼ਬੂਤੀ ਦੇ ਨਾਲ ਲੜਾਂਗੇ ਅਤੇ ਜਿੱਤਾਂਗੇ। ਕਾਂਗਰਸ ਬਿਲਕੁਲ ਇੱਕਮੁੱਠ ਹੈ। ਅਸੀਂ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ।
ਗੋਇਲ ਨੇ ਪ੍ਰਗਟਾਈ ਖੁਸ਼ੀ
ਕਾਰਜਕਾਰੀ ਪ੍ਰਧਾਨ ਪਵਨ ਗੋਇਲ ਨੇ ਕਿਹਾ ਕਿ ਅਸੀਂ ਸਾਰੇ ਰਲ-ਮਿਲ ਕੇ ਸਾਰੇ ਮਸਲਿਆਂ ਦਾ ਹੱਲ ਕਰਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਕਾਰਜਕਾਰੀ ਪ੍ਰਧਾਨ ਬਣਨ ਦੀ ਜਾਣਕਾਰੀ ਟੀਵੀ ਤੋਂ ਮਿਲੀ ਜਦੋਂ ਮੈਂ ਆਪਣੇ ਦੋਸਤਾਂ ਦੇ ਨਾਲ ਬੈਠਾ ਹੋਇਆ ਸੀ। ਅਸੀਂ ਇਸ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਵਾਂਗੇ। ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣਗੇ।