India Punjab

ਕਾਂਗਰਸ ਇਨ੍ਹਾਂ ਮੁੱਦਿਆਂ ‘ਤੇ ਬਜਟ ਸੈਸ਼ਨ ‘ਚ ਘੇਰੇਗੀ ਸਰਕਾਰ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਨੇ ਸੰਸਦ ਦੇ ਬਜਟ ਸੈਸ਼ਨ ਵਿੱਚ ਸਰਕਾਰ ਨੂੰ ਘੇਰਨ ਦੀ ਰਣਨੀਤੀ ਤਿਆਰ ਕਰ ਲਈ ਹੈ। ਕਾਂਗਰਸ ਵੱਲੋਂ ਸਰਕਾਰ ਨੂੰ ਸੰਸਦ ਵਿੱਚ ਮਹਿੰਗਾਈ, ਬੇਰੁਜ਼ਗਾਰੀ ਅਤੇ ਕਿਸਾਨੀ ਮੁੱਦਿਆਂ ‘ਤੇ ਘੇਰਿਆ ਜਾਵੇਗਾ। ਦਰਅਸਲ, ਕਾਂਗਰਸ ਨੇ ਕਰੋਨਾ ਪ੍ਰਭਾਵਿਤ ਪਰਿਵਾਰਾਂ ਲਈ ਰਾਹਤ ਪੈਕੇਜ, ਮਹਿੰਗਾਈ, ਬੇਰੁਜ਼ਗਾਰੀ, ਕਿਸਾਨਾਂ ਨਾਲ ਜੁੜੇ ਮਸਲਿਆਂ, ਸਰਹੱਦ ’ਤੇ ਚੀਨ ਨਾਲ ਤਣਾਅ ਅਤੇ ਕੁੱਝ ਹੋਰ ਮਾਮਲਿਆਂ ’ਤੇ ਸੰਸਦ ਦੇ ਬਜਟ ਸੈਸ਼ਨ ’ਚ ਸਰਕਾਰ ਨੂੰ ਘੇਰਨ ਦਾ ਫੈਸਲਾ ਕੀਤਾ ਹੈ। ਸੂਤਰਾਂ ਮੁਤਾਬਕ ਇਹ ਫੈਸਲਾ ਅੱਜ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਪਾਰਟੀ ਦੇ ਸੰਸਦੀ ਰਣਨੀਤੀ ਗਰੁੱਪ ਦੀ ਡਿਜੀਟਲ ਮੀਟਿੰਗ ਵਿੱਚ ਲਿਆ ਗਿਆ ਹੈ।

ਇਸ ਮੀਟਿੰਗ ਵਿੱਚ ਰਾਜ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ, ਲੋਕ ਸਭਾ ‘ਚ ਕਾਂਗਰਸ ਦੇ ਨੇਤਾ ਅਧੀਰ ਰੰਜਨ ਚੌਧਰੀ, ਸੀਨੀਅਰ ਨੇਤਾ ਏਕੇ ਐਂਟਨੀ, ਕੇਸੀ ਵੇਣੂਗੋਪਾਲ, ਆਨੰਦ ਸ਼ਰਮਾ, ਗੌਰਵ ਗੋਗੋਈ, ਕੇ. ਸੁਰੇਸ਼, ਜੈਰਾਮ ਰਮੇਸ਼, ਮਾਨਿਕਮ ਟੈਗੋਰ, ਮਨੀਸ਼ ਤਿਵਾੜੀ ਅਤੇ ਰਵਨੀਤ ਸਿੰਘ ਬਿੱਟੂ ਸ਼ਾਮਲ ਹੋਏ। ਜਾਣਕਾਰੀ ਮੁਤਾਬਕ ਕਾਂਗਰਸ ਨੇ ਇਹ ਵੀ ਫੈਸਲਾ ਕੀਤਾ ਹੈ ਕਿ ਆਮ ਆਦਮੀ ਨਾਲ ਜੁੜੇ ਮਾਮਲਿਆਂ ਨੂੰ ਹੋਰ ਪਾਰਟੀਆਂ ਨਾਲ ਤਾਲਮੇਲ ਕਰਕੇ ਸਰਕਾਰ ਨੂੰ ਘੇਰਿਆ ਜਾਵੇਗਾ।