Others

ਕਾਂਗਰਸ ਦੇ ਅਬੋਹਰ ਤੋਂ ਵਿਧਾਇਕ ਸੰਦੀਪ ਜਾਖੜ ਪਾਰਟੀ ਤੋਂ ਸਸਪੈਂਡ !

ਬਿਉਰੋ ਰਿਪੋਰਟ : ਅਬੋਹਰ ਤੋਂ ਕਾਂਗਰਸ ਦੇ ਵਿਧਾਇਕ ਅਤੇ ਬੀਜੇਪੀ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਦੇ ਭਤੀਜੇ ਸੰਦੀਪ ਜਾਖੜ ਨੂੰ ਕਾਂਗਰਸ ਹਾਈਕਮਾਨ ਨੇ ਪਾਰਟੀ ਤੋਂ ਸਸਪੈਂਡ ਕਰ ਦਿੱਤਾ ਹੈ । ਉਨ੍ਹਾਂ ‘ਤੇ ਪਾਰਟੀ ਵਿਰੋਧੀ ਗਤਿਵਿਦਿਆ ਵਿੱਚ ਸ਼ਾਮਲ ਹੋਣ ਦਾ ਇਲਜਾਮ ਲੱਗਿਆ ਹੈ । ਅਨੁਸ਼ਾਸਨਿਕ ਕਮੇਟੀ ਦੇ ਪ੍ਰਧਾਨ ਤਾਰਿਕ ਅਨਵਰ ਨੇ ਪੱਤਰ ਜਾਰੀ ਕਰਦੇ ਹੋਏ ਸੰਦੀਪ ਜਾਖੜ ‘ਤੇ 4 ਅਹਿਮ ਇਲਜ਼ਾਮ ਲਗਾਉਂਦੇ ਹੋਏ ਪਾਰਟੀ ਤੋਂ ਸਸਪੈਂਡ ਕੀਤੀ ਹੈ । ਸਭ ਤੋਂ ਪਹਿਲਾਂ ਇਲਜ਼ਾਮ ਹੈ ਕਿ ਸੰਦੀਪ ਜਾਖੜ ਨੇ ਭਾਰਤ ਜੋੜੋ ਯਾਤਰਾ ਵਿੱਚ ਸ਼ਾਮਲ ਨਹੀਂ ਹੋਏ ਸਨ । ਦੂਜਾ ਇਲਜ਼ਾਮ ਇਹ ਹੈ ਕਿ ਜਿਸ ਘਰ ਵਿੱਚ ਸੰਦੀਪ ਜਾਖੜ ਰਹਿੰਦੇ ਹਨ ਉਸ ਵਿੱਚ ਬੀਜੇਪੀ ਦਾ ਝੰਡਾ ਲੱਗਿਆ ਹੈ। ਤੀਜੇ ਇਲਜ਼ਾਮ ਮੁਤਾਬਿਕ ਜਾਖੜ ਪਾਰਟੀ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾਵੜਿੰਗ ਖਿਲਾਫ ਬਿਆਨਬਾਜ਼ੀ ਕਰ ਰਹੇ ਸਨ । ਚੌਥੇ ਅਤੇ ਅਖੀਰਲੇ ਇਲਜ਼ਾਮ ਵਿੱਚ ਕਿਹਾ ਗਿਆ ਹੈ ਕਿ ਤੁਸੀਂ ਭਤੀਜਾ ਹੋਣ ਦੇ ਨਾਤੇ ਸੁਨੀਲ ਜਾਖੜ ਦਾ ਹਰ ਵਾਰ ਬਚਾਅ ਕਰਦੇ ਹੋ ।

ਕੀ ਸੰਦੀਪ ਜਾਖੜ ਦੀ ਵਿਧਾਇਕ ਰੱਦ ਹੋਵੇਗੀ ?

ਕਾਂਗਰਸ ਵੱਲੋਂ ਸੰਦੀਪ ਜਾਖੜ ਨੂੰ ਸਸਪੈਂਡ ਕਰਨ ਨਾਲ ਉਨ੍ਹਾਂ ਦੀ ਵਿਧਾਇਕੀ ‘ਤੇ ਕੋਈ ਫਰਕ ਨਹੀਂ ਪਏਗਾ । ਜੇਕਰ ਉਹ ਕਾਂਗਰਸ ਛੱਡ ਕੇ ਬੀਜੇਪੀ ਜਾਂ ਫਿਰ ਕੋਈ ਹੋਰ ਪਾਰਟੀ ਵਿੱਚ ਸ਼ਾਮਲ ਹੁੰਦੇ ਤਾਂ ਉਨ੍ਹਾਂ ਦੀ ਵਿਧਾਇਕੀ ਖਾਰਜ ਹੋ ਸਕਦੀ ਸੀ । ਪਰ ਹੁਣ ਜਦੋਂ ਕਾਂਗਰਸ ਨੇ ਉਨ੍ਹਾਂ ਦੇ ਖਿਲਾਫ ਕਾਰਵਾਈ ਕੀਤੀ ਹੈ ਉਨ੍ਹਾਂ ਦੀ ਵਿਧਾਇਕੀ ਨੂੰ ਕੋਈ ਖਤਰਾ ਨਹੀਂ ਹੈ। ਜੇਕਰ ਕਾਂਗਰਸ ਸੰਦੀਪ ਜਾਖੜ ਨੂੰ ਪਾਰਟੀ ਤੋਂ ਕੱਢ ਵੀ ਦਿੰਦੀ ਤਾਂ ਵੀ ਉਨ੍ਹਾਂ ਦੀ ਵਿਧਾਇਕੀ ਨੂੰ ਕੋਈ ਖਤਰਾ ਨਹੀਂ ਹੈ । ਸਸਪੈਂਡ ਕਰਕੇ ਕਾਂਗਰਸ ਨੇ ਸੰਦੀਪ ਜਾਖੜ ਦੀ ਪਾਰਟੀ ਵਿੱਚ ਵਾਪਸੀ ਦਾ ਇੱਕ ਰਸਤਾ ਖੁੱਲਾ ਛੱਡਿਆ ਹੈ ।

ਲੰਮੇ ਸਮੇਂ ਤੋਂ ਸੰਦੀਪ ਜਾਖੜ ਪਾਰਟੀ ਅਤੇ ਸੂਬਾ ਪ੍ਰਧਾਨ ਰਾਜਾ ਵੜਿੰਗ ਅਤੇ ਸੁਖਜਿੰਦਰ ਰੰਧਾਵਾ ਸਮੇਤ ਹੋਰ ਆਗੂਆਂ ਦੇ ਖਿਲਾਫ ਟਿੱਪਣੀਆਂ ਕਰ ਰਹੇ ਸਨ । ਕੁਝ ਦਿਨ ਪਹਿਲਾਂ ਸੰਦੀਪ ਜਾਖੜ ਨੇ ਵੜਿੰਗ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਲੁਕਵਾ ਸਮਝੌਤਾ ਹੋਣ ਦਾ ਇਲਜ਼ਾਮ ਲਗਾਇਆ ਸੀ । ਸਿਰਫ਼ ਇਨ੍ਹਾਂ ਹੀ ਨਹੀਂ ਸੰਦੀਪ ਜਾਖੜ ਨੇ ਕਿਹਾ ਸੀ ਕਿ ਇਸੇ ਲਈ ਮਾਨ ਵੜਿੰਗ ਦੇ ਬੱਸਾਂ ਦੀ ਬਾਡੀ ਵਿੱਚ ਹੋਏ ਭ੍ਰਿਸ਼ਟਾਚਾਰ ਦੇ ਮਾਮਲੇ ਨੂੰ ਖੋਲ ਨਹੀਂ ਰਹੇ ਹਨ। ਇਸ ਦੇ ਜਵਾਬ ਵਿੱਚ ਸੂਬਾ ਪ੍ਰਧਾਨ ਰਾਜਾ ਵੜਿੰਗ ਨੇ ਸੰਦੀਪ ਜਾਖੜ ਨੂੰ ਚੁਣੌਤੀ ਦਿੱਤੀ ਸੀ ਕਿ ਉਹ ਅਸਤੀਫਾ ਦੇਕੇ ਮੁੜ ਤੋਂ ਚੋਣ ਲੜ ਕੇ ਵਿਖਾਉਣ । ਸੁਖਜਿੰਦਰ ਰੰਧਾਵਾ ਨੇ ਵੀ ਸੁਨੀਲ ਜਾਖੜ ‘ਤੇ ਤਲਖ ਟਿੱਪਣੀਆਂ ਕਰਦੇ ਹੋ ਕਿਹਾ ਕਿ ਜਿਸ ਪਾਰਟੀ ਨੇ ਉਨ੍ਹਾਂ ਦੇ ਪਿਤਾ ਨੂੰ ਲੋਕਸਭਾ ਦਾ ਸਪੀਕਰ ਬਣਾਇਆ ਅਤੇ ਕਈ ਸੂਬਿਆਂ ਦੇ ਰਾਜਪਾਲ ਦੀ ਜ਼ਿੰਮੇਵਾਰੀ ਸੌਂਪੀ ਉਨ੍ਹਾਂ ਨੂੰ ਹਾਰਨ ਦੇ ਬਾਵਜੂਦ ਪੰਜਾਬ ਕਾਂਗਰਸ ਦਾ ਸੂਬਾ ਪ੍ਰਧਾਨ ਬਣਾਇਆ ਫਿਰ ਵੀ ਜਾਖੜ ਨੇ ਪਾਰਟੀ ਦੀ ਪਿੱਠ ‘ਤੇ ਛੁਰਾ ਮਾਰਿਆ ਹੈ । ਇਸ ਦੇ ਜਵਾਬ ਵਿੱਚ ਸੁਨੀਲ ਜਾਖੜ ਨੇ ਕਿਹਾ ਸੀ ਕਿ ਜਦੋਂ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੇ ਨਾਲ ਰੰਧਾਵਾ ਦਾ ਨਾਂ ਜੁੜਿਆ ਸੀ ਤਾਂ ਉਨ੍ਹਾਂ ਨੇ ਬਚਾਅ ਕੀਤਾ ਸੀ। ਨਾਲ ਹੀ ਜਾਖੜ ਨੇ ਰੰਧਾਵਾ ਨੂੰ ਚਿਤਾਵਨੀ ਦਿੱਤੀ ਸੀ ਕਿ ਉਹ ਮੇਰੇ ਖਿਲਾਫ ਨਿੱਜੀ ਟਿੱਪਣੀਆਂ ਤੋਂ ਬਾਜ਼ ਆਉਣ ਨਹੀਂ ਤਾਂ ਉਹ ਕਾਨੂੰਨੀ ਕਾਰਵਾਈ ਕਰਨਗੇ ।