‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਹਾਈਕਮਾਨ ਲੰਬਾ ਸਮਾਂ ਰਿੜਕਣ ਤੋਂ ਬਾਅਦ ਆਖਿਰ ਨੂੰ ਵਿਧਾਨ ਸਭਾ ਚੋਣਾਂ ਲਈ 86 ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਉਮੀਦਵਾਰਾਂ ਦੀ ਚੋਣ ਨੂੰ ਲੈ ਕੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕੈਂਪੇਨ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਖੂਬ ਖੜਕਦੀ ਰਹੀ ਹੈ। ਲੰਘੇ ਕੱਲ੍ਹ ਤਾਂ ਵਰਚੁਅਲ ਮੀਟਿੰਗ ਦੌਰਾਨ ਇਹ ਨੇਤਾ ਕਾਂਗਰਸ ਦੀ ਸੁਪਰੀਮੋ ਸੋਨੀਆ ਗਾਂਧੀ ਮੂਹਰੇ ਵੀ ਗੁੱਥਮ-ਗੁੱਥਾ ਹੋ ਗਏ। ਸੋਨੀਆ ਗਾਂਧੀ ਨੂੰ ਵੀ ਇਹ ਕਹਿੰਦਿਆਂ ਝਾੜ ਪਾਉਣੀ ਪਈ ਕਿ ਜਦੋਂ ਤੁਹਾਡੀ ਆਪਸੀ ਸਹਿਮਤੀ ਨਹੀਂ ਬਣੀ ਤਾਂ ਹਾਈਕਮਾਨ ਕੋਲ ਸੂਚੀ ਲੈ ਕੇ ਬੈਠਣ ਦੀ ਕੀ ਤੁਕ ਬਣਦੀ ਹੈ। ਸੋਨੀਆ ਦੀ ਤਾੜਨਾ ਤੋਂ ਬਾਅਦ 86 ਹਲਕਿਆਂ ‘ਤੇ ਉਮੀਦਵਾਰਾਂ ਦੀ ਸਹਿਮਤੀ ਬਣਨ ਤੋਂ ਬਾਅਦ ਸੂਚੀ ਜਾਰੀ ਕਰ ਦਿੱਤੀ ਹੈ।
ਪਹਿਲੀ ਸੂਚੀ ਵਿੱਚ ਪੰਜਾਬ ਕਾਂਗਰਸ ਦੇ ਮੂਹਰਲੀ ਕਤਾਰ ਦੇ ਨੇਤਾਵਾਂ ਦੇ ਨਾਂ ਸ਼ੁਮਾਰ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਤੋਂ ਬਿਨਾਂ ਸਿਟਿੰਗ ਮੰਤਰੀਆਂ ਵਿੱਚੋਂ ਮਨਪ੍ਰੀਤ ਸਿੰਘ ਬਾਦਲ, ਅਰੁਣਾ ਚੌਧਰੀ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਵਿੰਦਰ ਸਿੰਘ ਸੁਖ ਸਰਕਾਰੀਆ, ਰਾਜ ਕੁਮਾਰ ਵੇਰਕਾ, ਓਮ ਪ੍ਰਕਾਸ਼ ਸੋਨੀ, ਰਜੀਆ ਸੁਲਤਾਨਾ, ਰਾਣਾ ਗੁਰਜੀਤ ਸਿੰਘ ਅਤੇ ਵਿਜੈ ਇੰਦਰ ਸਿੰਗਲਾ ਦੀ ਟਿਕਟ ਪੱਕੀ ਕਰ ਦਿੱਤੀ ਗਈ ਹੈ।
ਮੌਜੂਦਾ ਵਿਧਾਇਕਾਂ ਵਿੱਚੋਂ ਬਰਿੰਦਰਜੀਤ ਸਿੰਘ ਪਾਹੜਾ, ਸੁਖਵਿੰਦਰ ਸਿੰਘ ਡੈਨੀ, ਇੰਦਰਬੀਰ ਸਿੰਘ ਬੁਲਾਰੀਆ, ਹਰਮਿੰਦਰ ਸਿੰਘ ਗਿੱਲ, ਨਵਤੇਜ ਸਿੰਘ ਚੀਮਾ, ਕੁਲਬੀਰ ਸਿੰਘ ਜ਼ੀਰਾ, ਪਰਮਿੰਦਰ ਸਿੰਘ ਪਿੰਕੀ, ਕੁਸ਼ਲਦੀਪ ਸਿੰਘ ਢਿੱਲੋਂ, ਦਲਬੀਰ ਸਿੰਘ ਗੋਲਡੀ, ਸਾਧੂ ਸਿੰਘ ਧਰਮਸੋਤ, ਬਲਬੀਰ ਸਿੰਘ ਸਿੱਧੂ ਅਤੇ ਮਦਨ ਲਾਲ ਜਲਾਲਪੁਰ ਵੀ ਟਿਕਟ ਲੈ ਗਏ ਹਨ। ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੀ ਟਿਕਟ ਲੈਣ ਵਿੱਚ ਕਾਮਯਾਬ ਹੋ ਗਏ ਹਨ। ਸੀਨੀਅਰ ਮੰਤਰੀ ਬ੍ਰਹਮ ਮਹਿੰਦਰਾ ਦੀ ਥਾਂ ‘ਤੇ ਉਨ੍ਹਾਂ ਦੇ ਬੇਟੇ ਮੋਹਿਤ ਮਹਿੰਦਰਾ ਨੂੰ ਟਿਕਟ ਦਿੱਤੀ ਗਈ ਹੈ। ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਕੇ ਕਾਂਗਰਸ ਦਾ ਪੱਲਾ ਫੜਨ ਵਾਲੀ ਰੁਪਿੰਦਰ ਰੂਬੀ ਨੂੰ ਵੀ ਮੈਦਾਨ ਵਿੱਚ ਉਤਾਰਿਆ ਗਿਆ ਹੈ। ਗਾਇਕ ਸਿੱਧੂ ਮੂਸੇਵਾਲਾ ਵਿਰੋਧ ਦੇ ਬਾਵਜੂਦ ਪਹਿਲੀ ਸੂਚੀ ਵਿੱਚ ਨਾਂ ਸ਼ਾਮਿਲ ਕਰਾ ਗਏ ਜਦਕਿ ਲਖਵਿੰਦਰ ਸਿੰਘ ਵਡਾਲੀ ਨੂੰ ਹਾਲੇ ਹੋਰ ਉੁਡੀਕ ਕਰਨੀ ਪਵੇਗੀ।
ਕਾਂਗਰਸ ਵੱਲੋਂ ਜਿਨ੍ਹਾਂ 86 ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਗਿਆ ਹੈ, ਇਨ੍ਹਾਂ ਵਿੱਚੋਂ ਇੱਕ-ਦੋ ਨੂੰ ਛੱਡ ਕੇ ਉਹ ਵਰਕਰ ਜਾਂ ਨੇਤਾ ਹੀ ਸ਼ਾਮਿਲ ਹਨ ਜਿਨ੍ਹਾਂ ਦੇ ਨਾਂ ਨੂੰ ਥੋੜੀ ਬਹੁਤ ਬਹਿਸ ਤੋਂ ਬਾਅਦ ਫਾਈਨਲ ਕਰ ਦਿੱਤਾ ਗਿਆ। ਸੁਖਪਾਲ ਸਿੰਘ ਖਹਿਰਾ ਜਿਹੜੇ ਕਾਂਗਰਸ ਵਿੱਚੋਂ ਆਮ ਆਦਮੀ ਪਾਰਟੀ ਦਾ ਗੇੜਾ ਲਾਉਣ ਤੋਂ ਬਾਅਦ ਮੁੜ ਕਾਂਗਰਸ ਵਿੱਚ ਸ਼ਾਮਿਲ ਹੋ ਗਏ, ਨੂੰ ਟਿਕਟ ਮਿਲਣ ਨਾਲ ਸਭ ਨੂੰ ਹੈਰਾਨੀ ਹੋਈ ਹੈ ਕਿਉਂਕਿ ਉਨ੍ਹਾਂ ਨੇ ਪਾਰਟੀ ਵਿੱਚ ਮੁੜ ਸ਼ਾਮਿਲ ਹੋਣ ਵੇਲੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਬਾਂਹ ਫੜੀ ਸੀ। ਸਿੱਧੂ ਮੂਸੇਵਾਲਾ ਦਾ ਵਿਰੋਧ ਤਾਂ ਸਿਟਿੰਗ ਵਿਧਾਇਕ ਬਲਦੇਵ ਸਿੰਘ ਮਾਨਸ਼ਾਹੀਆ ਸਮੇਤ ਹੋਰਾਂ ਵੱਲੋਂ ਵੀ ਕੀਤਾ ਜਾ ਰਿਹਾ ਸੀ ਪਰ ਸਿੱਧੂ ਅਤੇ ਚੰਨੀ ਦੋਵੇਂ ਮਿਲ ਕੇ ਬੇੜੀ ਪਾਰ ਲਾ ਗਏ।