Punjab

ਕਾਂਗਰਸ ਨੇ ਸੂਬਾ ਸਰਕਾਰ ‘ਤੇ ਕਿਸਾਨਾਂ ਨਾਲ ਧੋਖਾ ਕਰਨ ਦੇ ਲਗਾਏ ਇਲਜ਼ਾਮ, ਕਿਹਾ ਤੋੜਿਆ ਇਕ ਹੋਰ ਵਾਅਦਾ

ਭਗਵੰਤ ਮਾਨ ਸਰਕਾਰ ਨੇ 2022 ਵਿੱਚ ਮੂੰਗੀ ਦੀ ਦਾਲ ਦੀ ਖਰੀਦ ਕਰਨ ਦਾ ਵਾਅਦਾ ਕੀਤਾ ਸੀ ਪਰ ਇਸ ਵਾਰ ਮੂੰਗੀ ਦੀ ਦਾਲ ਦਾ ਇੱਕ ਵੀ ਦਾਣਾ ਨਹੀਂ ਖਰੀਦਿਆ ਗਿਆ ਹੈ। ਇਸ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਇੱਕ ਵਾਰ ਮੁੜ ਤੋਂ ਝੂਠੇ ਇਸ਼ਤਿਆਰਾਂ ਦੀ ਪੋਲ ਖੁੱਲ ਗਈ ਹੈ। ਆਖਿਰ ਸੂਬਾ ਸਰਕਾਰ ਨੇ ਮੂੰਗ ਦੀ ਦਾਲ ਦੀ MSP ‘ਤੇ ਖਰੀਦ ਕਿਉਂ ਨਹੀਂ ਕੀਤੀ ਹੈ ,ਭਗਵੰਤ ਮਾਨ ਸਰਕਾਰ ਨੇ ਇੱਕ ਹੋਰ ਵਾਅਦਾ ਤੋੜਿਆ ਹੈ। ਸਾਡੇ ਕਿਸਾਨ ਲਗਾਤਾਰ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ ਪਰ ਸਰਕਾਰ ਸਿਰਫ਼ ਹੈਡਲਾਈਨ ਦੇ ਲਈ ਕੰਮ ਕਰਦੀ ਹੈ।

ਪ੍ਰਤਾਪ ਸਿੰਘ ਬਾਜਵਾ ਨੇ ਵੀ ਚੁੱਕੇ ਸਵਾਲ

ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਕਿਹਾ ਹੈ ਕਿ ਸਰਕਾਰ ਵੱਲੋਂ ਮੂੰਗੀ ਦੀ ਖਰੀਦ ਨਹੀਂ ਕੀਤੀ ਜਾ ਰਹੀ। ਉਨ੍ਹਾਂ ਟਵੀਟ ਕਰਦਿਆਂ ਲਿਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕਿਸਾਨ ਵਿਰੋਧੀ ਚਿਹਰਾ ਇੱਕ ਵਾਰ ਫਿਰ ਨੰਗਾ ਹੋ ਗਿਆ ਹੈ। ਖਬਰਾਂ ਮੁਤਾਬਕ ਇਸ ਸਾਲ ਹੁਣ ਤੱਕ ਮੂੰਗੀ ਦੀ ਦਾਲ ਦੀ ਕੋਈ ਸਰਕਾਰੀ ਖਰੀਦ ਨਹੀਂ ਹੋਈ ਹੈ। 99 ਫੀਸਦੀ ਤੋਂ ਵੱਧ ਖਰੀਦ ਘੱਟੋ-ਘੱਟ ਸਮਰਥਨ ਮੁੱਲ 8,555 ਰੁਪਏ ਪ੍ਰਤੀ ਕੁਇੰਟਲ (ਕੇਂਦਰ ਦੁਆਰਾ ਘੋਸ਼ਿਤ) ਤੋਂ ਘੱਟ ਦਰਾਂ ‘ਤੇ ਕੀਤੀ ਗਈ ਹੈ।

ਖਾਸ ਤੌਰ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਕਿਸਾਨਾਂ ਨੂੰ 2022 ਵਿੱਚ ਫਸਲੀ ਵਿਭਿੰਨਤਾ ਪ੍ਰੋਗਰਾਮ ਦੇ ਤਹਿਤ ਮੂੰਗੀ ਦੀ ਦਾਲ ਦੀ ਫਸਲ ਦੀ ਚੋਣ ਕਰਨ ਲਈ ਪ੍ਰੇਰਿਆ ਸੀ। ਇਸ ਦੌਰਾਨ ਇਹ ਲਗਾਤਾਰ ਤੀਜਾ ਸਾਲ ਹੈ ਕਿ ਮੂੰਗੀ ਦਾਲ ਦੇ ਕਿਸਾਨਾਂ ਨੂੰ ਘੱਟੋ-ਘੱਟ ਸਮਰਥਨ ਮੁੱਲ ਤੋਂ ਘੱਟ ਕੀਮਤ ‘ਤੇ ਆਪਣੀ ਫਸਲ ਵੇਚਣ ਲਈ ਮਜਬੂਰ ਕੀਤਾ ਗਿਆ।

ਪਿਛਲੇ ਸਾਲ 99 ਫੀਸਦੀ ਮੂੰਗ ਘੱਟ MSP ਤੋਂ ਘੱਟ ਖਰੀਦੀ ਗਈ ਸੀ, 8,555 ਪ੍ਰਤੀ ਕੁਵਿੰਟਲ ਦਾ ਰੇਟ ਕੇਂਦਰ ਸਰਕਾਰ ਨੇ ਤੈਅ ਕੀਤਾ ਸੀ। ਪ੍ਰਾਈਵੇਟ ਖਰੀਦਦਾਰਾ ਨੇ 7,800- 8,000 ਦੇ ਵਿਚਾਲੇ ਮੂੰਗ ਦੀ ਦਾਲ ਦੀ ਖਰੀਦ ਕੀਤੀ ਸੀ। 2022 ਵਿੱਚ MARKFED ਨੇ 5,500 ਮੀਟਰਿਕ ਟਨ ਮੂੰਗ ਦੀ ਖਰੀਦ ਕੀਤੀ ਸੀ ਜਦਕਿ NAFED ਨੇ 2,500 ਮੀਟਰਿਕ ਟਨ ਖਰੀਦੀ ਸੀ। ਇਸ ਸਾਲ ਖਰੀਦ ਦੇ ਲਈ ਕੋਈ ਨੋਟਿਫਿਕੇਸ਼ਨ ਤੱਕ ਜਾਰੀ ਨਹੀਂ ਕੀਤਾ ਗਿਆ ਹੈ ।

ਇਹ ਵੀ ਪੜ੍ਹੋ –  ਪੰਜਾਬੀ ਟੈਕਸੀ ਡਰਾਇਵਰ ਪੰਜਾਬ ਸਰਕਾਰ ਤੋਂ ਨਰਾਜ਼, ਦਿੱਤੀ ਇਹ ਚੇਤਾਵਨੀ