‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੀ ਆਮ ਜਨਤਾ ‘ਤੇ ਇੱਕ ਵਾਰ ਫਿਰ ਤੋਂ ਮਹਿੰਗਾਈ ਦੀ ਮਾਰ ਪਈ ਹੈ। ਸਰਕਾਰੀ ਤੇਲ ਕੰਪਨੀਆਂ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਕੀਤਾ ਜਾ ਰਿਹਾ ਹੈ। ਅੱਜ ਮੁੜ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਗਿਆ ਹੈ। ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ 80-80 ਪੈਸੇ ਦਾ ਵਾਧਾ ਹੋਇਆ ਹੈ। ਪਿਛਲੇ ਦੱਸ ਦਿਨਾਂ ਦੇ ਵਿੱਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਲਗਾਤਾਰ ਨੌਵੀਂ ਵਾਰ ਵਾਧਾ ਕੀਤਾ ਗਿਆ ਹੈ। ਪਿਛਲੇ ਦਿਨਾਂ ਵਿੱਚ ਪੈਟਰੋਲ ਅਤੇ ਡੀਜ਼ਲ ਦੀ ਕੀਮਤਾਂ ਵਿੱਚ 6.40 ਰੁਪਏ ਪ੍ਰਤੀ ਲੀਟਰ ਵਾਧਾ ਕੀਤਾ ਗਿਆ ਹੈ।
ਦੇਸ਼ ਵਿੱਚ ਲਗਾਤਾਰ ਵੱਧ ਰਹੀਆਂ ਤੇਲ ਦੀਆਂ ਕੀਮਤਾਂ ਅਤੇ ਮਹਿੰਗਾਈ ਨੂੰ ਲੈ ਕੇ ਕਾਂਗਰਸ ਨੇ ਕੇਂਦਰ ਸਰਕਾਰ ਨੂੰ ਘੇਰਨ ਦੀ ਪੂਰੀ ਤਿਆਰੀ ਕਰ ਲਈ ਹੈ। ਕਾਂਗਰਸ ਨੇ ਅੱਜ ਤੋਂ ਦੇਸ਼ ਭਰ ‘ਚ ‘ਮਹਿੰਗਾਈ ਮੁਕਤ ਭਾਰਤ’ ਦੀ ਮੁਹਿੰਮ ਦੀ ਸ਼ੁਰੂਆਤ ਕਰ ਦਿੱਤੀ ਹੈ। ਇਹ ਮੁਹਿੰਮ 31 ਮਾਰਚ ਤੋਂ 7 ਅਪ੍ਰੈਲ ਤੱਕ ਤਿੰਨ ਪੜਾਵਾਂ ਵਿੱਚ ਚੱਲੇਗੀ। ਪਹਿਲਾ ਪੜਾਅ ਅੱਜ ਸਵੇਰੇ 11 ਵਜੇ ਸ਼ੁਰੂ ਹੋ ਗਿਆ ਹੈ। ਦੂਜਾ ਪੜਾਅ 2 ਤੋਂ 4 ਅਪ੍ਰੈਲ ਤੱਕ ਅਤੇ ਆਖਰੀ ਪੜਾਅ 7 ਅਪ੍ਰੈਲ ਤੱਕ ਚੱਲੇਗਾ। ਦਿੱਲੀ ਦੇ ਵਿਜੇ ਚੌਂਕ ‘ਚ ਰਾਹੁਲ ਗਾਂਧੀ ਦੀ ਅਗਵਾਈ ‘ਚ ਕਾਂਗਰਸੀਆਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਕਾਂਗਰਸੀਆਂ ਨੇ ਕੇਂਦਰ ਸਰਕਾਰ ਤੋਂ ਵੱਧ ਰਹੀ ਮਹਿੰਗਾਈ ਨੂੰ ਨਕੇਲ ਪਾਉਣ ਦੀ ਮੰਗ ਕੀਤੀ ਹੈ।
ਰਾਹੁਲ ਗਾਂਧੀ ਨੇ ਵੱਖ ਵੱਖ ਦੇਸ਼ਾਂ ਦੀ ਤੇਲ ਦੀਆਂ ਕੀਮਤਾਂ ਦੀ ਲਿਸਟ ਸਾਂਝੀ ਕਰਦਿਆਂ ਕੇਂਦਰ ਸਰਕਾਰ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪ੍ਰਸ਼ਨ ਨਾ ਪੁੱਛੋ ਫਕੀਰ ਤੋਂ, ਕੈਮਰੇ ‘ਤੇ ਵੰਡੇ ਗਿਆਨ। ਜੁਮਲਿਆਂ ਨਾਲ ਭਰਾ ਝੋਲਾ ਲੈ ਕੇ, ਲੁੱਟੇ ਹਿੰਦੁਸਤਾਨ।
ਕਾਂਗਰਸ ਦੀ ‘ਮਹਿੰਗਾਈ ਮੁਕਤ ਭਾਰਤ’ ਮੁਹਿੰਮ ਦਾ ਵੱਖ ਵੱਖ ਸੂਬਿਆਂ ਵਿੱਚ ਲੋਕਾਂ ਵੱਲੋਂ ਸਾਥ ਵੀ ਦਿੱਤਾ ਜਾ ਰਿਹਾ ਹੈ। ਭੋਪਾਲ, ਕਰਨਾਟਕਾ ਵਿੱਚ ਲੋਕਾਂ ਵੱਲੋਂ ਕਾਂਗਰਸ ਦਾ ਸਾਥ ਦਿੰਦਿਆਂ ਗੈਸ ਸਿਲੰਡਰ ਉੱਤੇ ਮਾਲਾ ਪਾ ਕੇ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਵਿਦਿਆਰਥੀ ਜਥੇਬੰਦੀਆਂ ਵੱਲੋਂ ਵੀ ਇਸ ਮੁਹਿੰਮ ਦਾ ਸਾਥ ਦਿੱਤਾ ਜਾ ਰਿਹਾ ਹੈ।
ਉੱਧਰ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਵੀ ‘ਮਹਿੰਗਾਈ ਮੁਕਤ ਭਾਰਤ’ ਤਹਿਤ ਮਹਿੰਗਾਈ ਦੇ ਖਿਲਾਫ਼ ਅੰਮ੍ਰਿਤਸਰ ਵਿੱਚ ਧਰਨਾ ਦਿੱਤਾ। ਉਨ੍ਹਾਂ ਕਿਹਾ ਕਿ ਇਹ ਅਹੁਦਿਆਂ ਦੀ ਨਹੀਂ,ਪੰਜਾਬ ਦੀ ਹੋਂਦੀ ਦੀ ਲੜਾਈ ਹੈ। ਸਿੱਧੂ ਨੇ ਕਿਹਾ ਕਿ ਹਾਰੇ ਹਾਂ, ਮਰੇ ਨਹੀਂ ਹਾਂ। ਜਥੇਬੰਦੀ ‘ਚ ਬਦਲਾਅ ਦੇ ਸਵਾਲ ‘ਤੇ ਸਿੱਧੂ ਨੇ ਕਿਹਾ ਕਿ ਮਿੱਟੀ ‘ਚ ਲਿੱਬੜੇ ਹਾਥੀ ਦੀ ਵੀ ਕੀਮਤ ਘੱਟ ਨਹੀਂ ਹੁੰਦੀ। ਸਿੱਧੂ ਨੇ ਕਿਹਾ ਕਾਂਗਰਸ ਗਰੀਬ ਦੇ ਹੱਕਾਂ ਦੀ ਲੜਾਈ ਲੜ ਰਹੀ ਹੈ। ਉਨ੍ਹਾਂ ਨੇ ‘ਆਪ’ ਦੀ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਸਰਕਾਰ ਨੇ ਐੱਮਪੀ ਹੀ ਵੇਚਣੇ ਸ਼ੁਰੂ ਕਰ ਦਿੱਤੇ ਹਨ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਪੀ ਸੋਨੀ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਸ਼ਾਮਿਲ ਹੋਏ।
ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਤੇ ਸਾਬਕਾ ਮੰਤਰੀ ਡਾ.ਦਲਜੀਤ ਸਿੰਘ ਚੀਮਾ ਨੇ ਵਧੇ ਟੋਲ ਟੈਕਸ ਦੀ ਨਿੰਦਾ ਕਰਦਿਆਂ ਟਵੀਟ ਕਰਕੇ ਕਿਹਾ ਹੈ ਕਿ ਤੇਲ ਦੀਆਂ ਵੱਧਦੀਆਂ ਕੀਮਤਾਂ ਨੂੰ ਦੇਖਦਿਆਂ ਸੂਬਾ ਅਤੇ ਕੇਂਦਰ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹ ਜਨਤਾ ਨੂੰ ਕੁੱਝ ਰਾਹਤ ਦੇਣ ਲਈ ਟੋਲ ਟੈਕਸ ਘੱਟ ਕਰਨ। ਡਾ.ਚੀਮਾ ਨੇ ਕਿਹਾ ਕਿ ਟੈਕਸ ਘੱਟ ਕਰਨ ਦੀ ਬਜਾਏ ਟੋਲ ਟੈਕਸ ਵਿੱਚ ਹੋਰ ਵਾਧਾ ਕਰਕੇ ਉਨ੍ਹਾਂ ਦੇ ਜ਼ਖ਼ਮਾਂ ‘ਤੇ ਲੂਣ ਛਿੜਕਿਆ ਜਾ ਰਿਹਾ ਹੈ।