ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਾ ਅੱਜ ਦੂਜਾ ਦਿਨ ਹੈ। ਸਦਨ ਵਿੱਚ ਰਾਜਪਾਲ ਦੇ ਭਾਸ਼ਣ ਉੱਤੇ ਧੰਨਵਾਦੀ ਮਤੇ ਉੱਤੇ ਬਹਿਸ ਹੋਈ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸਿੱਧੂ ਮੂਸੇਵਾਲਾ ਦੇ ਪਿਤਾ ਬਲੌਕਰ ਸਿੰਘ ਦੀ ਤਸਵੀਰ ਤੇ ਅਮਨ ਕਾਨੂੰਨ ਨਾਲ ਸਬੰਧਤ ਖ਼ਬਰਾਂ ਦੀ ਤਸਵੀਰਾਂ ਵਾਲੀ ਟੀ-ਸ਼ਰਟ ਪਾਈ ਹੋਈ ਸੀ। ਰਾਜਾ ਵੜਿੰਗ ਪੰਜਾਬ ਵਿਚ ਵਾਪਰੀਆਂ ਵੱਖ-ਵੱਖ ਘਟਨਾਵਾਂ ਨਾਲ ਸਬੰਧਤ ਖ਼ਬਰਾਂ ਦੇ ਪ੍ਰਿੰਟ ਵਾਲੀ ਟੀ-ਸ਼ਰਟ ਪਾ ਕੇ ਵਿਧਾਨ ਸਭਾ ਪਹੁੰਚੇ। ਵੜਿੰਗ ਨੇ ਕਿਹਾ ਕਿ ਸਰਕਾਰ ਨੂੰ ਇਹ ਮੁੱਦੇ ਨਜ਼ਰ ਨਹੀਂ ਆ ਰਹੇ, ਇਸ ਕਰਕੇ ਸੁੱਤੀ ਸਰਕਾਰ ਨੂੰ ਜਗਾਉਣ ਲਈ ਇਹ ਕੱਪੜੇ ਪਾਏ ਹਨ। ਉਨ੍ਹਾਂ ਸਦਨ ਵਿੱਚ ਜ਼ੀਰੋ ਆਵਰ ਦੌਰਾਨ ਵੀ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਾਲ ਬਾਅਦ ਵੀ ਨਿਆਂ ਨਾ ਮਿਲਣ ਦਾ ਮੁੱਦਾ ਚੁੱਕਿਆ।
ਵੜਿੰਗ ਨੇ ਕਿਹਾ ਕਿ ਉਨ੍ਹਾਂ ਗਿੱਦੜਬਾਹਾ ਦੇ ਸਿਵਲ ਹਸਪਤਾਲ ਦਾ ਮੁੱਦਾ ਉਠਾਇਆ ਹੈ। ਉਨ੍ਹਾਂ ਕੋਲ ਇੱਥੋਂ ਦੇ ਹਸਪਤਾਲ ਦੀ ਐਮਰਜੈਂਸੀ ਵਿੱਚ 7 ਡਾਕਟਰਾਂ ਦੀਆਂ ਅਸਾਮੀਆਂ ਹਨ ਪਰ ਇਨ੍ਹਾਂ ਦਿਨਾਂ ਵਿੱਚ ਇੱਕ ਹੀ ਡਾਕਟਰ ਹੈ। ਇਹ ਹਸਪਤਾਲ ਤਰਸ ਦਾ ਪਾਤਰ ਬਣ ਗਿਆ ਹੈ, ਜਦੋਂ ਕਿ ਇਹ ਪੰਜਾਬ ਦੇ ਨੰਬਰ-1 ਹਸਪਤਾਲਾਂ ਵਿੱਚ ਗਿਣਿਆ ਜਾਂਦਾ ਹੈ। ਵੜਿੰਗ ਨੇ ਕਿਹਾ ਕਿ ਇਹ ਹਸਪਤਾਲ ਕਬੂਤਰਾਂ ਦਾ ਘਰ ਬਣਦਾ ਜਾ ਰਿਹਾ ਹੈ।