India

ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਯੂਜੀਸੀ ਨੈੱਟ ਪ੍ਰੀਖਿਆ ਰੱਦ ਕਰਨ ‘ਤੇ ਪ੍ਰਧਾਨ ਮੰਤਰੀ ਮੋਦੀ ਨੂੰ ਸਵਾਲ ਪੁੱਛੇ

ਕਾਂਗਰਸ ਦੇ ਰਾਸ਼ਟਰੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ UGC NET ਅਤੇ NEET ਪ੍ਰੀਖਿਆਵਾਂ ਨੂੰ ਲੈ ਕੇ ਸਵਾਲ ਪੁੱਛੇ ਹਨ। ਟਵੀਟ ਕਰਦਿਆਂ ਖੜਗੇ ਨੇ ਕਿਹਾ ਕਿ “ਨਰਿੰਦਰ ਮੋਦੀ ਜੀ, ਤੁਸੀਂ ਪ੍ਰੀਖਿਆ ‘ਤੇ ਬਹੁਤ ਚਰਚਾ ਕਰਦੇ ਹੋ, ਤੁਸੀਂ NEET ਪ੍ਰੀਖਿਆ ‘ਤੇ ਕਦੋਂ ਚਰਚਾ ਕਰੋਗੇ।”

ਕਾਂਗਰਸ ਮੁਖੀ ਨੇ ਕਿਹਾ, “ਯੂਜੀਸੀ ਨੈੱਟ ਪ੍ਰੀਖਿਆ ਨੂੰ ਰੱਦ ਕਰਨਾ ਲੱਖਾਂ ਵਿਦਿਆਰਥੀਆਂ ਦੀ ਭਾਵਨਾ ਦੀ ਜਿੱਤ ਹੈ। ਇਹ ਮੋਦੀ ਸਰਕਾਰ ਦੀ ਹਉਮੈ ਦੀ ਹਾਰ ਹੈ, ਜਿਸ ਕਾਰਨ ਉਨ੍ਹਾਂ ਨੇ ਸਾਡੇ ਨੌਜਵਾਨਾਂ ਦੇ ਭਵਿੱਖ ਨੂੰ ਲਤਾੜਨ ਦੀ ਕੋਸ਼ਿਸ਼ ਕੀਤੀ।”

ਉਨ੍ਹਾਂ ਕਿਹਾ, “ਕੇਂਦਰੀ ਸਿੱਖਿਆ ਮੰਤਰੀ ਪਹਿਲਾਂ ਇਹ ਕਹਿੰਦੇ ਹਨ ਕਿ NEET UG ਵਿੱਚ ਕੋਈ ਪੇਪਰ ਲੀਕ ਨਹੀਂ ਹੋਇਆ। ਜਦੋਂ ਬਿਹਾਰ, ਗੁਜਰਾਤ ਅਤੇ ਹਰਿਆਣਾ ਵਿੱਚ ਸਿੱਖਿਆ ਮਾਫੀਆ ਫੜੇ ਜਾਂਦੇ ਹਨ, ਤਾਂ ਸਿੱਖਿਆ ਮੰਤਰੀ ਦਾ ਮੰਨਣਾ ਹੈ ਕਿ ਕੁਝ ਘਪਲਾ ਹੋਇਆ ਹੈ।

ਕਾਂਗਰਸ ਮੁਖੀ ਨੇ ਪੁੱਛਿਆ ਕਿ NEET ਪ੍ਰੀਖਿਆ ਕਦੋਂ ਰੱਦ ਹੋਵੇਗੀ। ਉਨ੍ਹਾਂ ਕਿਹਾ, “ਮੋਦੀ ਜੀ, NEET ਪ੍ਰੀਖਿਆ ਵਿੱਚ ਵੀ ਆਪਣੀ ਸਰਕਾਰ ਦੀ ਧਾਂਦਲੀ ਅਤੇ ਪੇਪਰ ਲੀਕ ਨੂੰ ਰੋਕਣ ਦੀ ਜ਼ਿੰਮੇਵਾਰੀ ਲਓ।

UGC NET ਦੀ ਪ੍ਰੀਖਿਆ 18 ਜੂਨ ਨੂੰ ਹੋਈ ਸੀ। 19 ਜੂਨ (ਬੁੱਧਵਾਰ) ਦੀ ਰਾਤ ਨੂੰ ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ UGC NET ਪ੍ਰੀਖਿਆ ਰੱਦ ਕਰ ਦਿੱਤੀ। NTA ਨੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ, “ਪ੍ਰੀਖਿਆ ਵਿੱਚ ਧਾਂਦਲੀ ਦੇ ਕੁਝ ਸੰਕੇਤ ਮਿਲੇ ਹਨ। ਪ੍ਰੀਖਿਆ ਪ੍ਰਕਿਰਿਆ ਵਿੱਚ ਉੱਚ ਪੱਧਰੀ ਪਾਰਦਰਸ਼ਤਾ ਨੂੰ ਯਕੀਨੀ ਬਣਾਉਣ ਲਈ, ਸਿੱਖਿਆ ਮੰਤਰਾਲੇ ਨੇ UGC NET ਜੂਨ 2024 ਦੀ ਪ੍ਰੀਖਿਆ ਨੂੰ ਰੱਦ ਕਰਨ ਦਾ ਫੈਸਲਾ ਕੀਤਾ ਹੈ।

ਪ੍ਰੀਖਿਆ ਦੁਬਾਰਾ ਕਰਵਾਈ ਜਾਵੇਗੀ, ਜਿਸ ਬਾਰੇ ਵੱਖਰੇ ਤੌਰ ‘ਤੇ ਜਾਣਕਾਰੀ ਦਿੱਤੀ ਜਾਵੇਗੀ। ਨਾਲ ਹੀ, ਇਹ ਕੇਸ ਜਾਂਚ ਲਈ ਸੀਬੀਆਈ ਨੂੰ ਸੌਂਪਿਆ ਜਾ ਰਿਹਾ ਹੈ।” ਇਸ ਤੋਂ ਪਹਿਲਾਂ NEET UG ਪ੍ਰੀਖਿਆ ‘ਚ ਧਾਂਦਲੀ ਨੂੰ ਲੈ ਕੇ NTA ‘ਤੇ ਸਵਾਲ ਚੁੱਕੇ ਜਾ ਚੁੱਕੇ ਹਨ। ਇਸ ਮਾਮਲੇ ‘ਤੇ ਸੁਪਰੀਮ ਕੋਰਟ ‘ਚ ਸੁਣਵਾਈ ਚੱਲ ਰਹੀ ਹੈ।