Punjab

ਕਾਂਗਰਸ ਹਾਈਕਮਾਂਡ ਨੇ ਪ੍ਰਤਾਪ ਬਾਜਵਾ ਅਤੇ ਸੁਨੀਲ ਜਾਖੜ ਨੂੰ ਪਾਇਆ ਚੋਗਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਹਾਈਕਮਾਂਡ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਪ੍ਰਤਾਪ ਸਿੰਘ ਬਾਜਵਾ ਅਤੇ ਸੁਨੀਲ ਜਾਖੜ ਦਾ ਭਾਜਪਾ ਵਿੱਚ ਜਾਣ ਦਾ ਰਸਤਾ ਰੋਕ ਲਿਆ ਹੈ। ਹਾਈਕਮਾਂਡ ਵੱਲੋਂ ਦੋਵੇਂ ਨੇਤਾਵਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਤਾਪ ਸਿੰਘ ਬਾਜਵਾ ਜਿਹੜੇ ਕਿ ਰਾਜ ਸਭਾ ਦੇ ਮੈਂਬਰ ਵੀ ਹਨ, ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਲਾਇਆ ਗਿਆ ਹੈ ਜਦਕਿ ਸੁਨੀਲ ਜਾਖੜ ਕੈਂਪੇਨ ਕਮੇਟੀ ਦੇ ਚੇਅਰਮੈਨ ਹੋਣਗੇ। ਇਸਦੇ ਨਾਲ ਹੀ ਸਾਬਕਾ ਮੰਤਰੀ ਅੰਬਿਕਾ ਸੋਨੀ ਨੂੰ ਇਲੈਕਸ਼ਨ ਕਮੇਟੀ ਦਾ ਕੁਆਰਡੀਨੇਟਰ ਬਣਾ ਦਿੱਤਾ ਗਿਆ ਹੈ ਜਦਕਿ ਅਜੇ ਮਾਕਨ ਨੂੰ ਸਕ੍ਰੀਨਿੰਗ ਕਮੇਟੀ ਦਾ ਚੇਅਰਮੈਨ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਦੱਸ ਦਈਏ ਕਿ ਪਾਰਟੀ ਹਾਈਕਮਾਂਡ ਵੱਲੋਂ ਚਾਹੇ ਪ੍ਰਤਾਪ ਬਾਜਵਾ ਨੂੰ ਮੈਨੀਫੈਸਟੋ ਕਮੇਟੀ ਦਾ ਚੇਅਰਮੈਨ ਤਾਂ ਬਣਾ ਦਿੱਤਾ ਗਿਆ ਹੈ ਪਰ ਉਹ ਪਿਛਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪਾਰਟੀ ਵੱਲੋਂ ਜਾਰੀ ਕੀਤੇ ਚੋਣ ਮੈਨੀਫੈਸਟੋ ਲਈ ਜਵਾਬਦੇਹੀ ਵੀ ਹੋਣਗੇ।

ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਸਨ। ਭਾਰਤੀ ਜਨਤਾ ਪਾਰਟੀ ਨੇ ਸ਼੍ਰੋਮਣੀ ਅਕਾਲੀ ਦਲ ਸਮੇਤ ਦੂਜੀਆਂ ਪਾਰਟੀਆਂ ਨੂੰ ਖੋਰਾ ਲਾਉਣਾ ਸ਼ੁਰੂ ਕੀਤ ਹੋਇਆ ਹੈ। ਪਿਛਲੇ ਦੋ ਦਿਨਾਂ ਤੋਂ ਇਹ ਚਰਚਾ ਸੀ ਕਿ ਕਾਂਗਰਸ ਦੇ ਦੋਵੇਂ ਸਾਬਕਾ ਪ੍ਰਧਾਨ ਭਾਰਤੀ ਜਨਤਾ ਪਾਰਟੀ ਦੇ ਬੇੜੇ ਵਿੱਚ ਛਾਲ ਮਾਰਨ ਦੇ ਰੌਂਅ ਵਿੱਚ ਹਨ। ਕਾਂਗਰਸ ਨੇ ਨਵੇਂ ਤੀਰ ਨਾਲ ਦੋਵੇਂ ਨੇਤਾਵਾਂ ਨੂੰ ਚੌਰਾਹੇ ‘ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਲੋਕ ਸਭਾ ਹਲਕਾ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਤਿਵਾੜੀ ਦੇ ਵੀ ਤਿਲਕਣ ਦੀ ਕਾਫੀ ਚਰਚਾ ਚੱਲ ਰਹੀ ਹੈ ਪਰ ਕਾਂਗਰਸ ਵੱਲੋਂ ਉਨ੍ਹਾਂ ਨੂੰ ਕੋਈ ਵੱਡੀ ਜ਼ਿੰਮੇਵਾਰੀ ਦੇਣ ਨੂੰ ਲੈ ਕੇ ਲੱਗਦਾ ਹੈ ਕਿ ਸ਼ਾਇਦ ਸੋਨੀਆ ਗਾਂਧੀ ਨੂੰ ਉਸਦੀ ਬਹੁਤੀ ਪਰਵਾਹ ਨਹੀਂ ਹੈ। ਉਂਝ ਮਨੀਸ਼ ਤਿਵਾੜੀ ਰਾਹੁਲ ਬ੍ਰਿਗੇਡ ਦੇ ਮੂਹਰਲੇ ਕਪਤਾਨਾਂ ਵਿੱਚੋਂ ਗਿਣੇ ਜਾਂਦੇ ਹਨ।

ਅੰਬਿਕਾ ਸੋਨੀ ਦੀ ਪਾਰਟੀ ਸੁਪਰੀਮੋ ਸੋਨੀਆ ਗਾਂਧੀ ਨਾਲ ਬਹੁਤ ਨੇੜੇ ਦੀ ਦੋਸਤੀ ਹੈ। ਅਜੇ ਮਾਕਨ ਵੀ ਉਨ੍ਹਾਂ ਦੇ ਵਿਸ਼ਵਾਸ ਪਾਤਰਾਂ ਵਿੱਚੋਂ ਮੰਨੇ ਗਏ ਹਨ। ਪਰ ਪਾਰਟੀ ਹਾਈਕਮਾਂਡ ਨੇ ਪੰਜਾਬ ਦੇ ਦੋ ਸਾਬਕਾ ਪ੍ਰਧਾਨਾਂ ਨੂੰ ਇਕੱਲਿਆਂ ਜ਼ਿੰਮੇਵਾਰੀ ਦੇਣ ਦੀ ਥਾਂ ਦੋ ਹੋਰਾਂ ਨੂੰ ਨਾਲ ਜੋੜ ਕੇ ਆਪਣੇ-ਆਪ ਨੂੰ ਵਿਵਾਦਾਂ ਵਿੱਚ ਘਿਰਨ ਤੋਂ ਬਚਾ ਲਿਆ। ਪਾਰਟੀ ਵੱਲੋਂ ਪਾਇਆ ਚੋਗਾ ਦੋਵੇਂ ਨੇਤਾ ਚੁਗਦੇ ਵੀ ਹਨ ਕਿ ਨਹੀਂ, ਇਹ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਚਰਚਾਵਾਂ ਨੂੰ ਵਿਰਾਮ ਜ਼ਰੂਰ ਲੱਗ ਗਿਆ ਹੈ।

Comments are closed.