India Punjab

ਅਕਾਲੀਆਂ ਤੋਂ ਬਾਅਦ ਕਾਂਗਰਸ ਦੀ ਅੱਖ ਦੁਆਬੇ ਵੱਲ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਵਿਧਾਨ ਸਭਾ ਦੀਆਂ ਪਿਛਲੀਆਂ ਚੋਣਾਂ ਵਿੱਚ ਮਾਲਵਾ ਖੇਤਰ ਵਿੱਚ ਫਾਡੀ ਰਹਿਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਨੇ ਆਪਣੀ ਟੇਕ ਦੁਆਬੇ ਵੱਲੋਂ ਰੱਖਣੀ ਸ਼ੁਰੂ ਕਰ ਦਿੱਤੀ। ਅਕਾਲੀ ਦਲ ਵੱਲੋਂ ਦੁਆਬੇ ਦੇ ਵਰਕਰਾਂ ਨੂੰ ਦਿਲ ਖੋਲ੍ਹ ਕੇ ਅਹੁਦੇਦਾਰੀਆਂ ਵੰਡਣੀਆਂ ਸ਼ੁਰੂ ਕੀਤੀਆਂ ਗਈਆਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਿੱਚ ਵੀ ਦੁਆਬੇ ਨੂੰ ਵੱਡੀ ਪ੍ਰਤੀਨਿਧਤਾ ਦਿੱਤੀ ਗਈ ਹੈ। ਅਕਾਲੀ ਦਲ ਦੇ ਸਰਪ੍ਰਸਤ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲੋਂ ਸੁਖਬੀਰ ਸਿੰਘ ਬਾਦਲ ਦੇ ਦੁਆਬੇ ਦੇ ਗੇੜੇ ਵੀ ਵੱਧ ਗਏ ਹਨ। ਦੁਆਬੇ ਵਿੱਚ 40 ਫ਼ੀਸਦੀ ਵੋਟ ਰਾਖਵੇਂ ਵਰਗ ਦੀ ਹੈ ਅਤੇ ਅਕਾਲੀ ਦਲ ਇਨ੍ਹਾਂ ‘ਤੇ ਜੱਫਾ ਮਾਰਨ ਲਈ ਪੱਬਾਂ ਭਾਰ ਹੈ। ਚਰਨਜੀਤ ਸਿੰਘ ਚੰਨੀ ਦੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਾਂਗਰਸ ਦਾ ਝੁਕਾਅ ਵੀ ਦੁਆਬੇ ਵੱਲ ਵੱਧ ਗਿਆ ਹੈ। ਪੰਜਾਬ ਮੰਤਰੀ ਮੰਡਲ ਵਿੱਚ ਪਹਿਲਾਂ ਜਿੱਥੇ ਦੁਆਬੇ ਨੂੰ ਫੁੱਲੀਆਂ ਨਾਲ ਪਰਚਾਅ ਲਿਆ ਜਾਂਦਾ ਰਿਹਾ ਹੈ, ਇਸ ਵਾਰ ਖੁੱਲ੍ਹੇ ਗੱਫੇ ਦਿੱਤੇ ਗਏ ਹਨ। ਦੁਆਬੇ ਤੋਂ ਬੀਬੀ ਜਗੀਰ ਕੌਰ ਨੂੰ ਸ਼੍ਰੋਮਣੀ ਕਮੇਟੀ ਦੀ ਪ੍ਰਧਾਨਗੀ ਦੇਣਾ ਅਤੇ ਕਾਂਗਰਸ ਵੱਲੋਂ ਸੰਗਤ ਸਿੰਘ ਗਿਲਜੀਆ ਨੂੰ ਸਹਿ ਪ੍ਰਧਾਨ ਨਿਯੁਕਤ ਕਰਨਾ ਇਸੇ ਰਣਨੀਤੀ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੱਲਾਂ ਡੇਰੇ ਵਿੱਚ ਚੌਂਕੀ ਭਰਨ ਤੋਂ ਬਾਅਦ ਦੂਜਾ ਗੇੜਾ ਬੰਗੇ ਦਾ ਲਾ ਆਏ ਹਨ ਅਤੇ ਉਨ੍ਹਾਂ ਨੇ ਦਿਲ ਖੋਲ੍ਹ ਕੇ ਦੁਆਬੀਆਂ ਨੂੰ ਖੁਸ਼ ਕਰਨ ਲਈ ਐਲਾਨਾਂ ਦਾ ਪਿਟਾਰਾ ਵੀ ਖੋਲ੍ਹਿਆ ਹੈ।

‘ਦ ਖ਼ਾਲਸ ਟੀਵੀ ਦੇ ਉੱਚ ਭਰੋਸੇਯੋਗ ਸੂਤਰ ਦੱਸਦੇ ਹਨ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਆਬੇ ਨੂੰ ਮੁੱਠੀ ਵਿੱਚ ਕਰਨ ਲਈ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਚੋਣ ਲੜਨ ਦਾ ਮਨ ਬਣਾ ਰਹੇ ਹਨ। ਦੁਆਬੇ ਦੀ 40 ਫ਼ੀਸਦੀ ਰਿਜ਼ਰਵ ਵੋਟ ‘ਤੇ ਅਕਾਲੀਆਂ ਤੋਂ ਬਾਅਦ ਕਾਂਗਰਸ ਦੀ ਅੱਖ ਟਿਕਣ ਲੱਗੀ ਹੈ। ਚੰਨੀ ਜੇ ਆਦਮਪੁਰ ਤੋਂ ਚੋਣ ਲੜਦੇ ਹਨ ਤਾਂ ਇਸ ਨਾਲ ਜਿੱਥੇ ਉੱਥੋਂ ਦੇ ਸਿਆਸੀ ਸਮੀਕਰਨ ਬਦਲ ਜਾਣਗੇ ਉੱਥੇ ਉਨ੍ਹਾਂ ਦੇ ਭਰਾ ਲਈ ਵੀ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜਨ ਲਈ ਰਾਹ ਖੁੱਲ੍ਹ ਜਾਵੇਗਾ। ਚਰਨਜੀਤ ਸਿੰਘ ਚੰਨੀ ਆਪਣੇ ਭਰਾ ਨੂੰ ਇਸ ਵਾਰ ਚੋਣ ਮੈਦਾਨ ਵਿੱਚ ਉਤਾਰਨਾ ਚਾਹੁੰਦੇ ਹਨ। ਉਨ੍ਹਾਂ ਨੇ ਪਹਿਲਾਂ ਹਲਕਾ ਬੱਸੀ ਪਠਾਣਾਂ ਤੋਂ ਆਪਣੇ ਭਰਾ ਨੂੰ ਟਿਕਟ ਦਿਵਾਉਣ ਲਈ ਰਣਨੀਤੀ ਤਿਆਰ ਕੀਤੀ ਸੀ ਪਰ ਨੌਜਵਾਨ ਨੇਤਾ ਜੀਪੀ ਸਿੰਘ ਨੂੰ ਚੋਣਾਂ ਵਿੱਚੋਂ ਲਾਂਭੇ ਕਰਨਾ ਸੌਖਾ ਨਹੀਂ। ਜੀਪੀ ਸਿੰਘ ਦੇ ਪਰਿਵਾਰ ਦੀ ਕੁਰਬਾਨੀ ਨੂੰ ਕਾਂਗਰਸ ਹਾਈਕਮਾਂਡ ਅੱਖੋਂ-ਪਰੋਖੇ ਕਰਨ ਲਈ ਰਾਜੀ ਵੀ ਨਹੀਂ ਹੋਈ।

ਸੂਤਰਾਂ ਦੀ ਮੰਨੀਏ ਤਾਂ ਚਰਨਜੀਤ ਸਿੰਘ ਚੰਨੀ ਦੇ ਦੁਆਬਾ ਤੋਂ ਚੋਣ ਲੜਨ ਦੀ ਚਰਚਾ ਤੇਜ਼ ਹੋ ਰਹੀ ਹੈ ਅਤੇ ਉਹ ਅਸਿੱਧੇ ਤੌਰ ‘ਤੇ ਪੰਜਾਬ ਵਿੱਚ ਪੰਜਾਬ ਵਿਧਾਨ ਸਭਾ ਦੀਆਂ 117 ਸੀਟਾਂ ਹਨ ਅਤੇ ਇਨ੍ਹਾਂ ਵਿੱਚੋਂ ਅਨੁਸੂਚਿਤ ਜਾਤੀਆਂ ਅਤੇ ਪੱਛੜੀਆਂ ਸ਼੍ਰੇਣੀਆਂ ਲ਼ਈ 34 ਸੀਟਾਂ ਰਾਖਵੀਆਂ ਹਨ। ਦੁਆਬੇ ਵਿੱਚ ਰਾਮਦਾਸੀਆ ਭਾਈਚਾਰਾ ਭਾਰੂ ਹੈ ਅਤੇ ਮੁੱਖ ਮੰਤਰੀ ਚੰਨੀ ਇਸੇ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਸ ਖੇਤਰ ਵਿੱਚ 31 ਫ਼ੀਸਦੀ ਗਿਣਤੀ ਅਨੁਸੂਚਿਤ ਜਾਤੀਆਂ ਲਈ ਹੈ। ਵਿਧਾਨ ਸਭਾ ਸੀਟਾਂ ਨੂੰ ਲੈ ਕੇ ਗੱਲ ਕਰੀਏ ਤਾਂ ਇਸ ਖੇਤਰ ਵਿੱਚ 23 ਸੀਟਾਂ ਪੈਂਦੀਆਂ ਹਨ। ਇਹ ਸੀਟਾਂ ਸਰਕਾਰ ਬਣਾਉਣ ਲ਼ਈ ਹੁਣ ਤੱਕ ਫੈਸਲਾਕੁੰਨ ਰਹੀਆਂ ਹਨ। ਸਾਲ 2002 ਵਿੱਚ ਕਾਂਗਰਸ ਦੁਆਬਾ ਖੇਤਰ ਵਿੱਚੋਂ ਵੀ ਬਹੁ-ਗਿਣਤੀ ਤਾਕਤ ਵਿੱਚ ਆਈ ਸੀ। ਅਕਾਲੀ ਦਲ ਨੇ ਵਿਧਾਨ ਸਭਾ ਦੀਆਂ 2007 ਅਤੇ 2012 ਦੀਆਂ ਚੋਣਾਂ ਵਿੱਚ ਦੁਆਬਾ ਫਤਿਹ ਕੀਤਾ ਸੀ।

ਉੱਚ ਭਰੋਸੇਯੋਗ ਸੂਤਰਾਂ ਮੁਤਾਬਕ ਕਾਂਗਰਸ ਦੁਆਬੇ ਵਿੱਚ ਅਕਾਲੀਆਂ ਨੂੰ ਪਿੱਛੇ ਛੱਡਣਾ ਚਾਹੁੰਦੀ ਹੈ। ਮਾਲਵੇ ਵਿੱਚ ਅਕਾਲੀ ਪਹਿਲਾਂ ਹੀ ਕਾਂਗਰਸ ਦੇ ਮਗਰ ਚੱਲ ਰਹੇ ਹਨ। ਆਮ ਆਦਮੀ ਪਾਰਟੀ ਨੇ ਮਾਝੇ, ਮਾਲਵੇ, ਦੁਆਬੇ ਵਿੱਚੋਂ ਕਿਸੇ ਨੂੰ ਵੀ ਪਹਿਲ ਦੇ ਆਧਾਰ ਵਜੋਂ ਨਹੀਂ ਚੁਣਿਆ ਹੈ। ਸ਼ਾਇਦ ਇਸ ਕਰਕੇ ਕਿ ਅਰਵਿੰਦ ਕੇਜਰੀਵਾਲ ਨੂੰ ਸੂਬੇ ਦੀ ਧਰਾਤਲ ਸਿਆਸਤ ਨੂੰ ਪੂਰੀ ਤਰ੍ਹਾਂ ਸਮਝਣ ਲਈ ਹਾਲੇ ਸਮਾਂ ਲੱਗੇਗਾ। ਇਹੋ ਵਜ੍ਹਾ ਹੈ ਕਿ ਚਰਨਜੀਤ ਸਿੰਘ ਚੰਨੀ ਦੁਆਬੇ ਨੂੰ ਪ੍ਰਭਾਵਿਤ ਕਰਨ ਲ਼ਈ ਹਲਕਾ ਆਦਮਪੁਰ ਤੋਂ ਚੋਣ ਲੜਨ ਦੀ ਤਿਆਰੀ ਕਰਨ ਲੱਗੇ ਹਨ। ਇਹ ਸੀਟ ਲਗਾਤਾਰ ਦੋ ਵਾਰ ਅਕਾਲੀਆਂ ਦੀ ਝੋਲੀ ਪਈ ਹੈ। ਅਕਾਲੀ ਦਲ ਦੇ ਪਵਨ ਕੁਮਾਰ ਟੀਨੂੰ ਲਗਾਤਾਰ ਦੋ ਵਾਰ ਜਿੱਤਦੇ ਰਹੇ ਹਨ। ਦੁਆਬਾ ਰਾਖਵੇਂ ਵਰਗ ਵਜੋਂ ਚਰਚਾ ਵਿੱਚ ਹੋਣ ਦੇ ਬਾਵਜੂਦ ਬਹੁਜਨ ਸਮਾਜ ਪਾਰਟੀ ਦੇ ਹਾਲੇ ਤੱਕ ਇੱਥੇ ਪੈਰ ਨਹੀਂ ਲੱਗ ਸਕੇ। ਬਸਪਾ ਦੇ ਪ੍ਰਧਾਨ ਖੁਦ ਫਗਵਾੜਾ ਹਲਕਾ ਤੋਂ ਉਮੀਦਵਾਰ ਹਨ। ਪਿਛਲੇ ਦਿਨੀਂ ਚੰਨੀ ਨੇ ਆਦਮਪੁਰ ਵਿਧਾਨ ਸਭਾ ਹਲਕੇ ਲਈ ਇੱਕ ਤਰ੍ਹਾਂ ਨਾਲ ਖ਼ਜ਼ਾਨੇ ਦਾ ਮੂੰਹ ਹੀ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਪੌਣੇ ਦੋ ਸੌ ਕਰੋੜ ਰੁਪਏ ਦੀ ਗ੍ਰਾਂਟ ਮਨਜ਼ੂਰ ਕੀਤੀ ਸੀ ਅਤੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਵੀ ਕੀਤਾ।

ਆਦਮਪੁਰ ਇੱਕ ਅਜਿਹਾ ਵਿਧਾਨ ਸਭਾ ਹਲਕਾ ਹੈ ਜਿੱਥੇ ਰਾਮਦਾਸੀਆ ਭਾਈਚਾਰਾ ਜਿੱਤ-ਹਾਰ ਤੈਅ ਕਰਦਾ ਹੈ। ਇਸ ਲਈ ਕਾਂਗਰਸ ਚੰਨੀ ਦੀ ਜਿੱਤ ਪੱਕੀ ਸਮਝ ਰਹੀ ਹੈ। ਚੰਨੀ ਦੇ ਦੁਆਬੇ ਤੋਂ ਮੈਦਾਨ ਵਿੱਚ ਨਿੱਤਰਨ ਨਾਲ ਜਿੱਥੇ ਕਈ ਸੀਟਾਂ ‘ਤੇ ਕਾਂਗਰਸ ਦਾ ਦਬਦਬਾ ਵਧੇਗਾ ਉੱਥੇ ਉਨ੍ਹਾਂ ਦੇ ਭਰਾ ਵਾਸਤੇ ਵੀ ਹਲਕਾ ਚਮਕੌਰ ਸਾਹਿਬ ਤੋਂ ਚੋਣ ਲੜਨ ਲਈ ਰਾਹ ਪੱਧਰਾ ਹੋ ਜਾਵੇਗਾ। ਚੋਣਾਂ ਦੇ ਐਲਾਨ ਤੋਂ ਪਹਿਲਾਂ ਹੀ ਪੰਜਾਬ ਵਿੱਚ ਸਿਆਸੀ ਸਰਗਰਮੀਆਂ ਭਖ ਗਈਆਂ ਹਨ ਅਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਇੱਕ-ਦੂਜੇ ਨੂੰ ਠਿੱਬੀ ਲਾਉਣ ਦਾ ਕੋਈ ਮੌਕਾ ਹੱਥੋਂ ਨਹੀਂ ਜਾਣ ਦੇਣਾ ਚਾਹੁੰਦੇ। ਹਾਲ ਦੀ ਘੜੀ ਪੰਜਾਬ ਵਿੱਚ ਕਾਂਗਰਸ, ਅਕਾਲੀ-ਬਸਪਾ, ਆਪ ਅਤੇ ਕੈਪਟਨ ਨੁਮਾ ਭਾਜਪਾ ਵਿੱਚ ਟੱਕਰ ਹੋਣ ਦੇ ਆਸਾਰ ਹਨ ਪਰ ਖੇਤੀ ਕਾਨੂੰਨ ਵਾਪਸ ਲਏ ਜਾਣ ਤੋਂ ਬਾਅਦ ਜਿੱਤ-ਹਾਰ ਦਾ ਨਿਤਾਰਾ ਕਿਸਾਨਾਂ ਦੇ ਰਾਜਨੀਤੀ ਵਿੱਚ ਕੁੱਦਣ ਦੇ ਰੌਂਅ ਵੇਖ ਕੇ ਹੋਵੇਗਾ।