Punjab

ਸਿੱਧੂ ਹੈ ਜਨਤਾ ਦੀ ਮੰਗ, ਪੜ੍ਹੋ ਵੱਖ-ਵੱਖ ਲੀਡਰਾਂ ਨੇ ਕੀ ਕਿਹਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗਿੱਦੜਬਾਹਾ ਤੋਂ ਕਾਂਗਰਸ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਹੋਈ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਕਾਂਗਰਸ ਹਾਈਕਮਾਨ ਨੇ ਬਹੁਤ ਵਧੀਆ ਫੈਸਲਾ ਲਿਆ ਹੈ। ਇਹ ਪੰਜਾਬ ਦੇ ਲੋਕਾਂ ਦੀ ਆਵਾਜ਼ ਸੀ। ਅਸੀਂ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਅਸੀਂ ਵਿਰੋਧੀਆਂ ਨੂੰ ਮੂੰਹ ਤੋੜ ਜਵਾਬ ਦਵਾਂਗੇ। ਮੈਨੂੰ ਨਹੀਂ ਲੱਗਦਾ ਕਿ ਹਾਈਕਮਾਨ ਦੇ ਫੈਸਲੇ ਨੂੰ ਕੋਈ ਚੁਣੌਤੀ ਦੇਵੇਗਾ। ਸਿੱਧੂ ਜਨਤਾ ਦੀ ਮੰਗ ਹੈ। ਪਾਰਟੀ ਬੰਦੇ ਵਿੱਚ ਸਾਰੀਆਂ ਚੀਜ਼ਾਂ ਵੇਖਦੀ ਹੈ ਕਿ ਬੰਦੇ ਵਿੱਚ ਸਹਿਣਸ਼ੀਲਤਾ ਕਿੰਨੀ ਹੈ।

ਪਰਗਟ ਸਿੰਘ ਨੇ ਜਤਾਈ ਖੁਸ਼ੀ

ਕਾਂਗਰਸ ਵਿਧਾਇਕ ਪਰਗਟ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਵਜੋਂ ਹੋਈ ਨਿਯੁਕਤੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਬਹੁਤ ਵਧੀਆ ਫੈਸਲਾ ਹੈ। ਕਾਂਗਰਸ ਨੂੰ ਹੁਣ ਰਲ ਕੇ ਕੰਮ ਕਰਨਾ ਚਾਹੀਦਾ ਹੈ।

ਸਿੱਧੂ ਦੀ ਅਗਵਾਈ ‘ਚ ਕੰਮ ਕਰੇਗੀ ਕਾਂਗਰਸ – ਲੱਖਾ

ਕਾਂਗਰਸ ਵਿਧਾਇਕ ਲਖਬੀਰ ਲੱਖਾ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਕਾਂਗਰਸ ਹਾਈਕਮਾਨ ਦੇ ਫੈਸਲੇ ਦਾ ਸਵਾਗਤ ਕਰਦੇ ਹਾਂ। ਨਵਜੋਤ ਸਿੰਘ ਸਿੱਧੂ ਪੰਜਾਬ ਦੇ ਹਰ ਵਰਗ ਦੇ ਚਹੇਤੇ ਹਨ। ਹੁਣ ਉਨ੍ਹਾਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਕੰਮ ਕਰੇਗੀ।

ਪੂਰੇ ਪੰਜਾਬ ਵਿੱਚ ਪੈ ਰਹੇ ਹਨ ਭੰਗੜੇ – ਕੋਟਲੀ

ਕਾਂਗਰਸ ਦੇ ਸੀਨੀਅਰ ਲੀਡਰ ਅਤੇ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ‘ਤੇ ਕਿਹਾ ਕਿ ਅੱਜ ਬਹੁਤ ਵੱਡਾ ਖੁਸ਼ੀ ਦਾ ਦਿਨ ਹੈ ਅਤੇ ਪੂਰੇ ਪੰਜਾਬ ਵਿੱਚ ਭੰਗੜੇ ਪੈ ਰਹੇ ਹਨ। ਸਾਰੇ ਲੋਕ ਖੁਸ਼ ਹਨ। ਅਸੀਂ ਆਉਣ ਵਾਲੇ ਸਮੇਂ ਵਿੱਚ ਹੋਰ ਤਕੜੇ ਹੋ ਕੇ ਲੜਾਂਗੇ।

ਵੈਦ ਨੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਵਧਾਈ

ਕਾਂਗਰਸ ਵਿਧਾਇਕ ਕੁਲਦੀਪ ਵੈਦ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ‘ਤੇ ਪੰਜਾਬ ਦੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਇਹ ਬੜੀ ਖੁਸ਼ੀ ਦੀ ਗੱਲ ਹੈ ਅਤੇ ਬੇਸ਼ੱਕ ਫੈਸਲੇ ਲੇਟ ਆਇਆ ਪਰ ਦਰੁੱਸਤ ਆਇਆ ਹੈ। ਇਹ ਮਸਲਾ ਕਾਂਗਰਸ ਦੇ ਜਿਹੜੇ ਲੀਡਰ ਨਰਾਜ਼ ਹਨ, ਉਨ੍ਹਾਂ ਦੀ ਸੁਲ੍ਹਾ ਵੀ ਕਰਵਾਈ ਜਾਣੀ ਚਾਹੀਦੀ ਹੈ।

ਵੇਰਕਾ ਨੇ ਖੁਸ਼ੀ ਕੀਤੀ ਸਾਂਝੀ

ਕਾਂਗਰਸ ਵਿਧਾਇਕ ਰਾਜ ਕੁਮਾਰ ਵੇਰਕਾ ਨੇ ਨਵਜੋਤ ਸਿੰਘ ਸਿੱਧੂ ਦੀ ਪੰਜਾਬ ਕਾਂਗਰਸ ਪ੍ਰਧਾਨ ਦੀ ਨਿਯੁਕਤੀ ‘ਤੇ ਖੁਸ਼ੀ ਪ੍ਰਗਟ ਕਰਦਿਆਂ ਕਿਹਾ ਕਿ ਸਿੱਧੂ ਦੇ ਪ੍ਰਧਾਨ ਬਣਨ ਤੋਂ ਪਹਿਲਾਂ ਸਾਰਿਆਂ ਵੱਲੋਂ ਸਿਰਫ ਕਿਆਸ-ਅਰਾਈਆਂ ਹੀ ਲਗਾਈਆਂ ਜਾ ਰਹੀਆਂ ਸਨ ਪਰ ਅੱਜ ਸਾਰੀਆਂ ਉਮੀਦਾਂ ਖੁਸ਼ੀ ਦੇ ਵਿੱਚ ਬਦਲ ਗਈਆਂ ਹਨ। ਉਨ੍ਹਾਂ ਸਿੱਧੂ ਨੂੰ ਵਦਾਈ ਦਿੰਦਿਆਂ ਉਮੀਦ ਜਤਾਈ ਕਿ ਉਹ ਸਾਰੀ ਕਾਂਗਰਸ ਪਾਰਟੀ ਨੂੰ ਨਾਲ ਲੈ ਕੇ ਚੱਲਣਗੇ।