ਬਿਉਰੋ ਰਿਪੋਰਟ – ਲੋਕਸਭਾ ਚੋਣਾਂ ਦੇ ਅੰਤਿਮ ਗੇੜ੍ਹ ਵਿੱਚ ਪੰਜਾਬ ਤੋਂ ਕਾਂਗਰਸ ਨੂੰ ਸਭ ਤੋਂ ਜ਼ਿਆਦਾ ਉਮੀਦਾਂ ਹਨ। ਲਗਾਤਾਰ 2 ਲੋਕ ਸਭਾ ਚੋਣਾਂ ਵਿੱਚ ਪੂਰੇ ਦੇਸ਼ ਤੋਂ ਹਾਰੀ ਕਾਂਗਰਸ ਪੰਜਾਬ ਤੋਂ ਜਿੱਤੀ ਹੈ, ਇਸੇ ਲਈ ਪਾਰਟੀ ਪੂਰੀ ਵਾਹ ਲਾਉਣ ਵਿੱਚ ਲੱਗੀ ਹੋਈ ਹੈ। ਰਾਹੁਲ ਅਤੇ ਪ੍ਰਿਅੰਕਾ ਤੋਂ ਬਾਅਦ ਹੁਣ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਪੰਜਾਬ ਵਿੱਚ ਚੋਣ ਮੈਦਾਨ ਵਿੱਚ ਉੱਤਰ ਰਹੇ ਹਨ।
ਪੰਜਾਬ ਕਾਂਗਰਸ ਨੇ ਕੱਲ੍ਹ 28 ਮਈ ਨੂੰ ਮਾਝਾ, ਦੋਆਬਾ ਤੇ ਮਾਲਵਾ ਖੇਤਰਾਂ ਵਿੱਚ ਆਪਣੀਆਂ ਤਿੰਨ ਰੈਲੀਆਂ ਕਰਨ ਦੀ ਰਣਨੀਤੀ ਬਣਾਈ ਹੈ, ਜਦਕਿ 29 ਨੂੰ ਸੀਨੀਅਰ ਕਾਂਗਰਸੀ ਆਗੂ ਰਾਹੁਲ ਗਾਂਧੀ ਖ਼ੁਦ ਪੰਜਾਬ ਆਉਣਗੇ। ਇਸ ਦੌਰਾਨ ਉਹ ਪਟਿਆਲਾ ਅਤੇ ਲੁਧਿਆਣਾ ਵਿੱਚ ਰੈਲੀਆਂ ਨੂੰ ਸੰਬੋਧਨ ਕਰਨਗੇ। ਪਾਰਟੀ ਆਗੂਆਂ ਮੁਤਾਬਕ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।
ਕਾਂਗਰਸ ਵੱਲੋਂ ਤਿਆਰ ਕੀਤੇ ਪ੍ਰੋਗਰਾਮ ਮੁਤਾਬਕ ਖੜਗੇ ਦੀਆਂ ਤਿੰਨ ਰੈਲੀਆਂ ਹੋਣਗੀਆਂ, ਜਿਨ੍ਹਾਂ ਵਿੱਚੋਂ ਇੱਕ ਅੰਮ੍ਰਿਤਸਰ ਲੋਕ ਸਭਾ ਹਲਕੇ ਵਿੱਚ ਅਤੇ ਦੂਜੀ ਹੁਸ਼ਿਆਰਪੁਰ ਲੋਕ ਸਭਾ ਹਲਕੇ ਵਿੱਚ ਹੋਵੇਗੀ। ਤੀਜੀ, ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿੱਚ ਰੈਲੀ ਕਰਨ ਦੀ ਰਣਨੀਤੀ ਅਜੇ ਤੱਕ ਤਿਆਰ ਨਹੀਂ ਕੀਤੀ ਗਈ।
ਇਹ ਸਾਰੀ ਰਣਨੀਤੀ ਕੱਲ੍ਹ ਪੰਜਾਬ ਦੌਰੇ ’ਤੇ ਆਏ ਪਾਰਟੀ ਦੇ ਕੌਮੀ ਜਨਰਲ ਸਕੱਤਰ ਸੰਗਠਨ ਕੇਸੀ ਵੇਣੂਗੋਪਾਲ ਨਾਲ ਪਾਰਟੀ ਆਗੂਆਂ ਦੀ ਮੀਟਿੰਗ ਮਗਰੋਂ ਬਣਾਈ ਗਈ ਹੈ। ਇਸ ਬੈਠਕ ਵਿੱਚ ਵੇਣੂਗੋਪਾਲ ਨੇ ਪਾਰਟੀ ਦੇ ਸਾਰੇ ਵਰਗਾਂ ਦੇ ਨੇਤਾਵਾਂ ਤੋਂ ਸੁਝਾਅ ਲਏ ਸਨ।
ਇਸ ਤੋਂ ਪਹਿਲਾਂ ਪੰਜਾਬ ਵਿੱਚ ਕਾਂਗਰਸ ਆਗੂ ਰਾਹੁਲ ਗਾਂਧੀ ਤੇ ਪ੍ਰਿਅੰਕਾ ਗਾਂਧੀ ਦੀਆਂ ਵੱਡੀਆਂ ਰੈਲੀਆਂ ਹੋ ਚੁੱਕੀਆਂ ਹਨ। ਜਦੋਂ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਕਈ ਆਗੂ ਤੇ ਹੋਰ ਮੈਂਬਰ ਵੀ ਸਰਗਰਮੀ ਨਾਲ ਚੋਣ ਪ੍ਰਚਾਰ ਵਿੱਚ ਰੁੱਝੇ ਹੋਏ ਹਨ।
ਪਿਛਲੀਆਂ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ 13 ਵਿੱਚੋਂ 8 ਸੀਟਾਂ ਜਿੱਤਣ ਵਿੱਚ ਸਫ਼ਲ ਰਹੀ ਸੀ। ਜਦੋਂ ਕਿ ਅਕਾਲੀ ਦਲ ਅਤੇ ਭਾਜਪਾ ਨੂੰ ਚਾਰ ਤੇ ਆਮ ਆਦਮੀ ਪਾਰਟੀ ਨੂੰ ਇੱਕ ਸੀਟ ਮਿਲੀ ਸੀ।