Punjab

ਰੰਧਾਵਾ ਨੇ ਕੈਪਟਨ ਲਈ ਦਿਖਾਇਆ ਆਦਰ! “ਅਮਰਿੰਦਰ ਬੋਲ ਤੇ ਕਿਰਦਾਰ ‘ਚ ਇਕਸਾਰ ਨੇਤਾ”

ਬਿਊਰੋ ਰਿਪੋਰਟ (14 ਦਸੰਬਰ, 2025): ਗੁਰਦਾਸਪੁਰ ਤੋਂ ਕਾਂਗਰਸ ਦੇ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਖੁੱਲ੍ਹ ਕੇ ਆਪਣੀ ਰਾਏ ਰੱਖੀ ਹੈ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਰੰਧਾਵਾ ਨੇ ਕੈਪਟਨ ਦੀ ਸ਼ਖ਼ਸੀਅਤ ਅਤੇ ਸਿਆਸੀ ਅੰਦਾਜ਼ ਦੀ ਸਿਫ਼ਤ ਕੀਤੀ।

ਰੰਧਾਵਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਧਰਮ ਨਿਰਪੱਖ ਸੋਚ ਰੱਖਣ ਵਾਲੇ, ਮਜ਼ਬੂਤ ਪ੍ਰਸ਼ਾਸਕ ਅਤੇ ਸਪੱਸ਼ਟ ਰੁਖ ਵਾਲੇ ਨੇਤਾ ਹਨ। ਉਨ੍ਹਾਂ ਅਨੁਸਾਰ ਕੈਪਟਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਉਹ ਜੋ ਸੋਚਦੇ ਹਨ, ਉਹੀ ਬੇਝਿਝਕ ਬੋਲਦੇ ਹਨ। ਉਨ੍ਹਾਂ ਕਿਹਾ, “ਮੈਂ ਅੱਜ ਵੀ ਉਨ੍ਹਾਂ ਦੀ ਇੱਜ਼ਤ ਕਰਦਾ ਹਾਂ। ਉਹ ਵਾਅਦੇ ਦੇ ਪੱਕੇ ਹਨ, ਦੋਸਤਾਂ ਨਾਲ ਨਿਭਾਉਂਦੇ ਹਨ ਅਤੇ ਵਿਰੋਧੀਆਂ ਨਾਲ ਵੀ ਸਪੱਸ਼ਟ ਰਹਿੰਦੇ ਹਨ।” 

ਉਨ੍ਹਾਂ ਨੇ ਯਾਦ ਕਰਵਾਇਆ ਕਿ 2017 ਦੀਆਂ ਚੋਣਾਂ ਦੌਰਾਨ ਉਹ ਆਪਣੇ ਸਮੂਹ ਸਮੇਤ ਕੈਪਟਨ ਅਮਰਿੰਦਰ ਸਿੰਘ ਲਈ ਸਰਗਰਮ ਤੌਰ ‘ਤੇ ਪ੍ਰਚਾਰ ਕਰਦੇ ਰਹੇ। ਹਾਲਾਂਕਿ ਬਾਅਦ ਵਿੱਚ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਕਾਂਗਰਸ ਦੀ ਕਮਾਨ ਮਿਲੀ, ਤਾਂ ਰੰਧਾਵਾ ਸਿੱਧੂ ਦੇ ਪੱਖ ਵਿੱਚ ਖੜ੍ਹ ਗਏ। ਇਸ ਤੋਂ ਬਾਅਦ ਪਾਰਟੀ ਅੰਦਰ ਹਾਲਾਤ ਅਜਿਹੇ ਬਣੇ ਕਿ ਕੈਪਟਨ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ। ਉਸ ਸਮੇਂ ਰੰਧਾਵਾ ਦਾ ਨਾਂ ਵੀ ਮੁੱਖ ਮੰਤਰੀ ਦੀ ਦੌੜ ਵਿੱਚ ਅੱਗੇ ਸੀ, ਪਰ ਆਖ਼ਿਰਕਾਰ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੇ।

ਕੈਪਟਨ ਦੇ ਗੁਣਾਂ ਬਾਰੇ ਗੱਲ ਕਰਦਿਆਂ ਰੰਧਾਵਾ ਨੇ ਕਿਹਾ ਕਿ ਹਰ ਇਨਸਾਨ ਵਿੱਚ ਕੁਝ ਨਾ ਕੁਝ ਕਮੀ ਹੁੰਦੀ ਹੈ, ਪਰ ਕੈਪਟਨ ਅਮਰਿੰਦਰ ਸਿੰਘ ਦੇ ਪਲੱਸ ਪੌਇੰਟ ਕਾਫ਼ੀ ਰਹੇ ਹਨ। ਉਨ੍ਹਾਂ ਦੀ ਸਾਫ਼ਗੋਈ ਅਤੇ ਸਿੱਧਾ ਸੁਭਾਅ ਉਨ੍ਹਾਂ ਨੂੰ ਹੋਰਾਂ ਤੋਂ ਵੱਖਰਾ ਬਣਾਉਂਦਾ ਹੈ।

ਰੰਧਾਵਾ ਨੇ ਇਹ ਵੀ ਕਿਹਾ ਕਿ ਕੈਪਟਨ ਨਾਲ ਕਦੇ ਉਨ੍ਹਾਂ ਦੇ ਰਿਸ਼ਤੇ ਕਾਫ਼ੀ ਮਜ਼ਬੂਤ ਸਨ, ਪਰ ਕਿਸ ਗੱਲ ‘ਤੇ ਦੂਰੀ ਬਣ ਗਈ, ਇਹ ਅਜੇ ਵੀ ਸਮਝ ਤੋਂ ਬਾਹਰ ਹੈ। ਭਾਵੇਂ ਸਮੇਂ ਨਾਲ ਫਾਸਲੇ ਵਧ ਗਏ, ਪਰ ਆਦਰ ਅਜੇ ਵੀ ਕਾਇਮ ਹੈ। “ਉਹ ਜਿਸ ਦੇ ਨਾਲ ਖੜ੍ਹਦੇ ਹਨ, ਪੂਰੀ ਤਰ੍ਹਾਂ ਖੜ੍ਹਦੇ ਹਨ,” ਉਨ੍ਹਾਂ ਨੇ ਕਿਹਾ।

ਕਾਂਗਰਸ ਪਾਰਟੀ ਬਾਰੇ ਕੈਪਟਨ ਦੇ ਬਿਆਨਾਂ ‘ਤੇ ਰੰਧਾਵਾ ਨੇ ਕਿਹਾ ਕਿ ਕੈਪਟਨ ਦੀ ਇਹ ਗੱਲ ਸਹੀ ਹੈ ਕਿ ਕਾਂਗਰਸ ਵਿੱਚ ਅੰਦਰੂਨੀ ਚਰਚਾ ਅਤੇ ਆਵਾਜ਼ ਨੂੰ ਥਾਂ ਮਿਲਦੀ ਹੈ। ਹਾਲਾਂਕਿ ਉਨ੍ਹਾਂ ਮੰਨਿਆ ਕਿ ਕਈ ਵਾਰ ਅੰਦਰੂਨੀ ਲੋਕਤੰਤਰ ਦੀ ਹੱਦ ਤੋਂ ਵੱਧ ਛੂਟ ਪਾਰਟੀ ਲਈ ਨੁਕਸਾਨਦਾਇਕ ਵੀ ਸਾਬਤ ਹੁੰਦੀ ਹੈ। ਨਾਲ ਹੀ ਉਨ੍ਹਾਂ ਨੇ ਭਾਜਪਾ ਦੇ ਕੰਮਕਾਜ ਦੇ ਢੰਗ ਨੂੰ ਦੇਸ਼ ਲਈ ਖ਼ਤਰਨਾਕ ਕਰਾਰ ਦਿੱਤਾ।

ਪੰਜਾਬ ਦੀ ਰਾਜਨੀਤੀ ‘ਤੇ ਗੱਲ ਕਰਦਿਆਂ ਰੰਧਾਵਾ ਨੇ ਕਿਹਾ ਕਿ ਇੱਥੇ ਲੋਕ ਚਿਹਰਿਆਂ ਅਤੇ ਨੇਤ੍ਰਤਵ ਨੂੰ ਤਰਜੀਹ ਦਿੰਦੇ ਹਨ। ਉਨ੍ਹਾਂ ਅਨੁਸਾਰ ਇਕ ਸਮੇਂ ਪੰਜਾਬ ਵਿੱਚ ਦੋ ਵੱਡੇ ਨੇਤਾ ਸਨ, ਪ੍ਰਕਾਸ਼ ਸਿੰਘ ਬਾਦਲ ਅਤੇ ਕੈਪਟਨ ਅਮਰਿੰਦਰ ਸਿੰਘ। ਰੰਧਾਵਾ ਨੇ ਕਿਹਾ ਕਿ ਕੈਪਟਨ ਵੱਲੋਂ ਕਾਂਗਰਸ ਛੱਡਣ ਦਾ ਫੈਸਲਾ ਗਲਤ ਸੀ, ਕਿਉਂਕਿ ਕਾਂਗਰਸ ਨੇ ਹੀ ਉਨ੍ਹਾਂ ਨੂੰ ਸਿਆਸੀ ਪਛਾਣ ਦਿੱਤੀ। ਉਨ੍ਹਾਂ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਵੀ ਕਾਂਗਰਸ ਦੀ ਟਿਕਟ ‘ਤੇ ਸੰਸਦ ਮੈਂਬਰ ਬਣੀ ਰਹੀ ਹੈ।