The Khalas Tv Blog India ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਜੇਵਾਲ ਦੇ ਬਿਆਨ ‘ਤੇ ਸਾਧਿਆ ਨਿਸ਼ਾਨਾ
India Punjab

ਕਾਂਗਰਸ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਰਾਜੇਵਾਲ ਦੇ ਬਿਆਨ ‘ਤੇ ਸਾਧਿਆ ਨਿਸ਼ਾਨਾ

‘ਦ ਖ਼ਾਲਸ ਬਿਊਰੋ :- ਦਿੱਲੀ ਦੀ ਸਰਹੱਦ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਹਰ ਵਰਗ ਅਤੇ ਧਾਰਮਿਕ ਜਥੇਬੰਦੀਆਂ ਦੀ ਇਸ ਅੰਦੋਲਨ ਨੂੰ ਹਿਮਾਇਤ ਮਿਲ ਰਹੀ ਹੈ। ਇਸ ਵਿਚਾਲੇ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਵੱਲੋਂ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਦਿੱਤੇ ਗਏ ਬਿਆਨ ਨੇ ਵੱਡਾ ਵਿਵਾਦ ਖੜਾ ਕਰ ਦਿੱਤਾ ਹੈ।

ਰਾਜੇਵਾਲ ਨੇ ਮੋਰਚੇ ਵਿੱਚ ਸ਼ਾਮਲ ਨਿਹੰਗ ਜਥੇਬੰਦੀਆਂ ਵੱਲੋਂ ਲਗਾਏ ਗਏ ਨਿਸ਼ਾਨ ਸਾਹਿਬ ਨੂੰ ਹਟਾਉਣ ਦੀ ਮੰਗ ਕਰਦੇ ਹੋਏ ਉਨ੍ਹਾਂ ਨੂੰ ਵਾਪਸ ਜਾਣ ਲਈ ਕਿਹਾ ਸੀ। ਉਨ੍ਹਾਂ ਨੇ ਸਟੇਜ ਤੋਂ ਗਾਇਕਾਂ ਦੀਆਂ ਤਕਰੀਰਾਂ ‘ਤੇ ਵੀ ਸਵਾਲ ਚੁੱਕੇ। ਰਾਜੇਵਾਲ ਦੇ ਇਸ ਬਿਆਨ ਦੀ ਸੋਸ਼ਲ ਮੀਡੀਆ ‘ਤੇ ਆਲੋਚਨਾ ਹੋ ਰਹੀ ਹੈ।

ਲੁਧਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਕਿਹਾ ਕਿ ਇਹ ਕਿਸਾਨ ਅੰਦੋਲਨ ਸਿਰਫ਼ ਹੁਣ ਕਿਸਾਨਾਂ ਦਾ ਨਹੀਂ ਹੈ ਬਲਕਿ ਪੂਰੇ ਪੰਜਾਬ ਦਾ ਹੈ। ਨਿਹੰਗ ਸਿੰਘਾਂ ਅਤੇ ਨੌਜਵਾਨਾਂ ਦੀ ਵਜ੍ਹਾ ਕਰਕੇ ਹੀ ਮੋਰਚਾ ਦਿੱਲੀ ਪਹੁੰਚਿਆ ਹੈ। ਹੁਣ ਬਲਬੀਰ ਸਿੰਘ ਰਾਜੇਵਾਲ ਇਨ੍ਹਾਂ ਨੂੰ ਸਟੇਜ ਤੋਂ ਹਟਾਉਣਾ ਚਾਹੁੰਦੇ ਹਨ।

ਉਨ੍ਹਾਂ ਨੇ ਰਾਜੇਵਾਲ ‘ਤੇ ਵੱਡਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਨੇ ਪਹਿਲਾਂ ਹੀ ਕਿਹਾ ਸੀ ਕਿ ਮੋਰਚੇ ਵਿੱਚ ਡਟਣ ਦੇ ਨਾਲ ਕਿਸਾਨ ਲੀਡਰਾਂ ‘ਤੇ ਵੀ ਪੂਰੀ ਤਰ੍ਹਾਂ ਨਜ਼ਰ ਰੱਖੀ ਜਾਵੇ। ਬਿੱਟੂ ਨੇ ਕਿਹਾ ਕਿ ਕੁੱਝ ਲੀਡਰਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਨ ਦਾ ਸੁਪਨਾ ਵਿਖਾਇਆ ਹੈ ਕਿ ਪਿੰਡਾਂ ਵਿੱਚ ਤੁਸੀਂ ਪਾਰਟੀ ਬਣਾ ਕੇ ਚੋਣ ਲੜੋ ਅਤੇ ਸ਼ਹਿਰਾਂ ਵਿੱਚ ਅਸੀਂ ਸੰਭਾਲਾਂਗੇ। ਕੁੱਝ ਲੀਡਰਾਂ ਨੇ ਪੰਜਾਬ ਵਿੱਚ ਆਪਣੀ ਪਾਰਟੀ ਬਣਾ ਕੇ ਚੋਣ ਲੜਨ ਦਾ ਵੀ ਫ਼ੈਸਲਾ ਕੀਤਾ ਹੈ।

ਕੁੱਲ ਮਿਲਾ ਕੇ ਜਦੋਂ ਕਿਸਾਨਾਂ ਦਾ ਇਹ ਅੰਦੋਲਨ ਸਿਰਫ਼ ਪੰਜਾਬ ਦਾ ਹੀ ਨਹੀਂ ਬਲਕਿ ਪੂਰੀ ਦੁਨੀਆ ਦੀ ਆਵਾਜ਼ ਬਣ ਗਿਆ ਹੈ, ਇਸ ਵਿੱਚ ਕੋਈ ਬਿਆਨ ਪੂਰੇ ਅੰਦੋਲਨ ਦੀ ਦਿਸ਼ਾ ਅਤੇ ਦਸ਼ਾ ਨੂੰ ਬਦਲ ਸਕਦਾ ਹੈ,ਅੰਨਾ ਅੰਦੋਲਨ ਵੀ ਇਸੇ ਦੀ ਭੇਟ ਚੜਿਆ ਸੀ।

Exit mobile version