Punjab

ਵਿਧਾਇਕ ਖਹਿਰਾ ਨੂੰ ਹਾਈ ਕੋਰਟ ਦੀ ਵੱਡੀ ਰਾਹਤ,ਲਾਈਵ ਹੋ ਕੇ ਘੇਰਿਆ ਸਰਕਾਰ ਨੂੰ,ਕਹਿ ਦਿੱਤੀਆਂ ਆਹ ਗੱਲਾਂ

ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਆਪਣੇ ਖਿਲਾਫ਼ ਦਰਜ ਕੀਤੇ ਕੇਸਾਂ ਦੇ ਸੰਬੰਧ ਵਿੱਚ ਹਾਈ ਕੋਰਟ ਤੋਂ ਰਾਹਤ ਮਿਲਣ ‘ਤੇ ਪ੍ਰਮਾਤਮਾ ਤੇ ਆਪਣੇ ਸ਼ੁਭਚਿੰਤਕਾਂ ਦਾ ਧੰਨਵਾਦ ਕੀਤਾ ਹੈ। ਪੰਜਾਬ ਸਰਕਾਰ ‘ਤੇ ਸਿੱਧਾ ਹਮਲਾ ਕਰਦਿਆਂ ਉਹਨਾਂ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਤੇ ਪਾਏ ਗਏ ਕੇਸਾਂ ਚ ਹਾਈ ਕੋਰਟ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਹੈ ਹਾਲਾਂਕਿ ਉਹਨਾਂ ਦਾਅਵਾ ਕੀਤਾ ਹੈ ਕਿ ਇਸ ਵਾਰ ਉਹਨਾਂ ਦੇ ਧਰਮ ਪਤਨੀ ਨੂੰ ਵੀ ਝੂਠੇ ਕੇਸ ਵਿੱਚ ਫਸਾਇਆ ਗਿਆ ਸੀ।

ਆਪਣੇ ਵੀਡੀਓ ਸੰਦੇਸ਼ ਵਿੱਚ ਉਹਨਾਂ ਦਾਅਵਾ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ  ਇਹ ਕੇਸ ਇਸ ਲਈ ਉਹਨਾਂ ਤੇ ਦਰਜ ਕੀਤੇ ਗਏ ਹਨ ਕਿਉਂਕਿ ਉਹ ਸਰਕਾਰ ਦੇ ਗਲਤ ਕੰਮਾਂ ਦੇ ਖਿਲਾਫ਼ ਆਵਾਜ਼ ਚੁੱਕਦੇ ਹਨ। ਪੰਜਾਬ ਦੇ ਕਈ ਨੌਜਵਾਨਾਂ ਤੇ ਐਨਐਸਏ ਦਾ ਪਰਚਾ ਦਰਜ ਕਰ ਕੇ ਉਹਨਾਂ ਨੂੰ ਅਸਾਮ ਭੇਜਣ ਦੀ ਗੱਲ ਵੀ ਉਹਨਾਂ ਕੀਤੀ ਤੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਧੱਕੇ ਦੇ ਵਿਰੁਧ ਉਹਨਾਂ ਸਣੇ ਕਈ ਲੋਕਾਂ ਨੇ ਆਵਾਜ਼ ਉਠਾਈ ਸੀ। ਇਸ ਤੋਂ ਇਲਾਵਾ 4-5 ਮਹੀਨੇ ਪਹਿਲਾਂ ਹੀ ਉਹਨਾਂ ਇੱਕ ਟਵੀਟ ਸਰਕਾਰ ਦੇ ਖਿਲਾਫ਼ ਕੀਤਾ ਸੀ,ਜਿਸ ਕਾਰਨ ਉਹਨਾਂ ਖਿਲਾਫ਼ ਇਹ ਕਾਰਵਾਈਆਂ ਸ਼ੁਰੂ ਹੋਈਆਂ ਹਨ ਤੇ ਉਹਨਾਂ ਤੇ ਕੇਸ ਦਰਜ ਕੀਤੇ ਗਏ ਹਨ। ਬਾਅਦ ਵਿੱਚ ਜਦੋਂ ਉਹਨਾਂ ਭੁੱਲਥ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਖਿਲਾਫ਼ ਇੱਕ ਹੋਰ ਕੇਸ ਭੁੱਲਥ ਵਿੱਚ ਹੀ ਦਰਜ ਕੀਤਾ ਗਿਆ ਤੇ ਬਾਅਦ ਵਿੱਚ  ਇਸ ਵਿੱਚ ਧਾਰਾ 353 ਜੋੜ ਕੇ ਇਸ ਨੂੰ ਗੈਰ-ਜ਼ਮਾਨਤੀ ਬਣਾ ਦਿੱਤਾ ਗਿਆ। ਉਹਨਾਂ ਇਹ ਵੀ ਦਾਅਵਾ ਕੀਤਾ ਹੈ ਕਿ ਐਸਡੀਐਮ ਭੁੱਲਥ ਤੇ ਦਬਾਅ ਪਾ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਉਹਨਾਂ ਕਿਹਾ ਕਿ ਭਾਵੇਂ ਜੇਲ੍ਹ ਜਾਣ ਤੋਂ ਡਰਦੇ ਨਹੀਂ ਹਨ ਪਰ ਨਾਲ ਦੇ ਕੁੱਝ ਸਾਥੀਆਂ ਦੀ ਸਲਾਹ ਲੈਣ ਤੋਂ ਬਾਅਦ ਕਪੂਰਥਲਾ ਸੈਸ਼ਨ ਕੋਰਟ ਤੋਂ ਉਹਨਾਂ ਨੂੰ 12 ਮਈ ਨੂੰ ਜ਼ਮਾਨਤ ਮਿਲ ਗਈ ਪਰ ਉਸ ਤੋਂ ਪਹਿਲਾਂ 11 ਮਈ ਨੂੰ 30 ਨੰਬਰ ਐਫਆਈਆਰ ਉਹਨਾਂ ਦੇ ਨਾਲ-ਨਾਲ ਉਹਨਾਂ ਦੀ ਪਤਨੀ ਤੇ ਮਰਹੂਮ ਪਿਤਾ ਦੇ ਖਿਲਾਫ਼ ਦਰਜ ਕੀਤੀ ਗਈ ਹੈ,ਜਿਸ ਦਾ ਸੰਬੰਧ ਉਹਨਾਂ ਦਾ ਪੂਸ਼ਤੈਨੀ ਜ਼ਮੀਨ ਦੇ ਨਾਲ ਹੈ। ਹਾਲਾਂਕਿ ਪੁਲਿਸ ਨੂੰ ਐਫਆਈਆਰ ਨੂੰ ਵੈਬ ਤੇ ਅਪਲੋਡ ਕਰਨੀ ਪੈਂਦੀ ਹੈ ਪਰ ਇਸ ਨੂੰ ਨਹੀਂ ਕੀਤਾ ਗਿਆ।

ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਵਿੱਚ ਉਹਨਾਂ ਖਿਲਾਫ਼ ਵਿਜੀਲੈਂਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।  ਉਹਨਾਂ ਮੁੱਖ ਮੰਤਰੀ ਮਾਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਹੈ ਕਿ ਉਹਨਾਂ ਦੇ ਪਰਿਵਾਰ ਦੀਆਂ ਔਰਤਾਂ ਦੇ ਖਿਲਾਫ਼ ਇਹ ਕਾਰਵਾਈ ਕਿਉਂ ਕੀਤੀ ਜਾ ਰਹੀ ਹੈ । ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਇਹ ਵੀ ਕਹਿ ਦਿੱਤਾ ਹੈ ਕਿ 25 ਸਾਲਾਂ ਦੇ ਅਰਸੇ ਦੇ ਦੌਰਾਨ ਉਹਨਾਂ ਦੇ ਖਿਲਾਫ਼ ਇਹ 13 ਵੀਂ ਐਫਆਈਆਰ ਹੈ ਪਰ ਜਦ ਉਹ ਭਾਜਪਾ ਤੇ ਈਡੀ ਤੋਂ ਨਹੀਂ ਡਰੇ ਤਾਂ ਇਹ ਸ਼ਿਕਾਇਤਾਂ ਕੀ ਚੀਜ਼ ਹਨ।

ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੰਵਿਧਾਨ ਨੂੰ ਜਵਾਬਦੇਹ ਹੋਣ ਨਾਂ ਕਿ ਕਿਸੇ ਹੋਰ ਨੂੰ। ਸਮਾਂ ਬਦਲਦਾ ਹੈ ਤੇ ਹਮੇਸ਼ਾ ਇਹਨਾਂ ਨੇ ਸੱਤਾ ਵਿੱਚ ਨਹੀਂ ਰਹਿਣਾ ਹੈ।

ਉਹਨਾਂ ਕੱਲ ਆਪਣੇ ਜੱਦੀ ਪਿੰਡ ਰਾਮਪੁਰਾ,ਜ਼ਿਲ੍ਹਾ ਕਪੂਰਥਲਾ  ਵਿਖੇ ਕੱਲ ਸਵੇਰੇ 10 ਵਜੇ ਜਾਣ ਦੀ ਗੱਲ ਕਰਦਿਆਂ ਮੀਡੀਆ ਨੂੰ ਵੀ ਉਥੇ ਪਹੁੰਚਣ ਦੀ ਅਪੀਲ ਕੀਤੀ ਹੈ।