ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਦਿੱਲੀ ਦੇ ਐਲ ਜੀ ਵੱਲੋਂ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੂੰ ਜਾਰੀ ਕੀਤੇ ਗਏ 97 ਕਰੋੜ ਦੇ ਵਸੂਲੀ ਨੋਟਿਸ ਦੀ ਤਰਜ਼ ‘ਤੇ ਪੰਜਾਬ ਸਰਕਾਰ ਵਿਰੁਧ ਕਾਰਵਾਈ ਦੀ ਮੰਗ ਕੀਤੀ ਹੈ ।
ਖਹਿਰਾ ਨੇ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਇੱਕ ਪੱਤਰ ਲਿਖਿਆ ਹੈ,ਜਿਸ ਵਿੱਚ ਉਹਨਾਂ ਮੰਗ ਕੀਤੀ ਹੈ ਕਿ ਪੰਜਾਬ ਦੇ ਸਰਕਾਰੀ ਖਜ਼ਾਨੇ ਦੇ ਸੈਂਕੜੇ ਕਰੋੜ ਰੁਪਏ ਦੀ ਵਸੂਲੀ ਪੰਜਾਬ ਦਾ ਮਾਨ ਸਰਕਾਰ ਤੋਂ ਕੀਤੀ ਜਾਵੇ ਕਿਉਂਕਿ ਸਰਕਾਰ ਨੇ ਗੁਜਰਾਤ ਤੇ ਹਿਮਾਚਲ ਪ੍ਰਦੇਸ਼ ਰਾਜਾਂ ਵਿੱਚ ਚੋਣਾਂ ਦੇ ਦੌਰਾਨ ਰਾਜਨੀਤਿਕ ਮੰਤਵ ਨਾਲ ਵਿਗਿਆਪਨ ਮੁਹਿੰਮਾਂ ‘ਤੇ ਖਰਚ ਕੀਤਾ। ਸਰਕਾਰੀ ਨੀਤੀਆਂ ਅਤੇ ਰਾਜਨੀਤਿਕ ਮੁਹਿੰਮਾਂ ਦੇ ਪ੍ਰਚਾਰ ਵਿੱਚ ਅੰਤਰ ਹੈ।
My letter today to Governor PB to recover hundreds of crores of our public exchequer money from @BhagwantMann govt spent on politically motivated advts campaigns in states out of PB like Gujarat,Hp etc.There’s a difference between propagating govt policies & political campaigns! pic.twitter.com/2291x2bg7r
— Sukhpal Singh Khaira (@SukhpalKhaira) December 21, 2022
ਜ਼ਿਕਰਯੋਗ ਹੈ ਕਿ ਕੱਲ ਹੀ LG ਵੀਕੇ ਸਕਸੈਨਾ ਨੇ ਮੁੱਖ ਸਕੱਤਰ ਨੂੰ ਆਮ ਆਦਮੀ ਪਾਰਟੀ ਤੋਂ 97 ਕਰੋੜ ਵਸੂਲਣ ਦੇ ਨਿਰਦੇਸ਼ ਦਿੱਤੇ ਹਨ । ਇਸ ਦੇ ਲਈ ਪਾਰਟੀ ਨੂੰ 15 ਦਿਨਾਂ ਦਾ ਸਮਾਂ ਦਿੱਤਾ ਗਿਆ ਹੈ । ਮੁੱਖ ਮੰਤਰੀ ਕੇਜਰੀਵਾਲ ਤੇ ਇਲਜ਼ਾਮ ਹੈ ਕਿ ਉਨ੍ਹਾਂ ਨੇ ਸਰਕਾਰੀ ਖਰਚੇ ‘ਤੇ ਪਾਰਟੀ ਦਾ ਪ੍ਰਚਾਰ ਕੀਤਾ ਸੀ ,ਜਿਸ ਕਾਰਨ ਸੁਪਰੀਮ ਕੋਰਟ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਹੋਈ ਹੈ । LG ਦਾ ਇਲਜ਼ਾਮ ਹੈ ਕਿ ਆਪ ਸੁਪਰੀਮੋ ਨੇ ਸਿਆਸੀ ਇਸ਼ਤਿਹਾਰਾਂ ਨੂੰ ਸਰਕਾਰੀ ਇਸ਼ਤਿਹਾਰਾਂ ਵਰਗਾ ਪਬਲਿਸ਼ ਕਰਵਾਇਆ ਹੈ । LG ਨੇ ਅਗਸਤ 2016 ਦੀ ਰਿਪੋਰਟ ਦੇ ਅਧਾਰ ‘ਤੇ ਆਮ ਆਦਮੀ ਪਾਰਟੀ ਨੂੰ ਪੈਸੇ ਜਮਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ । ਦੱਸਿਆ ਜਾ ਰਿਹਾ ਹੈ ਕਿ ਸਤੰਬਰ 2016 ਤੋਂ ਲੈਕੇ ਹੁਣ ਤੱਕ ਦਿੱਲੀ ਸਰਕਾਰ ਦੇ ਸਾਰੇ ਇਸ਼ਤਿਹਾਰਾਂ ਦੀ ਜਾਂਚ ਕੀਤੀ ਜਾਵੇਗੀ ।