ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਅਦਾਲਤ ਤੋਂ ਰਾਹਤ ਮਿਲੀ ਹੈ।ਵਿਧਾਇਕ ਨੂੰ ASJ ਕਪੂਰਥਲਾ ਦੀ ਅਦਾਲਤ ਨੇ ਉਹਨਾਂ ਵਿਰੁਧ ਦਰਜ ਇੱਕ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ।ਇਹ ਜਾਣਕਾਰੀ ਉਹਨਾਂ ਦੇ ਪੁੱਤਰ ਐਡਵੋਕੇਟ ਮਹਿਤਾਬ ਸਿੰਘ ਖਹਿਰਾ ਨੇ ਦਿੱਤੀ ਹੈ।
ਆਪਣੇ ਟਵੀਟ ਵਿੱਚ ਉਹਨਾਂ ਇਹ ਖ਼ਬਰ ਸਾਰਿਆਂ ਨਾਲ ਸਾਂਝਈ ਕੀਤੀ ਹੈ ਤੇ ਲਿਖਿਆ ਹੈ ਕਿ ਉਹਨਾਂ ਦੇ ਪਿਤਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ASJ ਕਪੂਰਥਲਾ ਦੀ ਅਦਾਲਤ ਨੇ ਮੰਤਰੀ ਕਟਾਰੂਚਕ ਨਾਲ ਸੰਬੰਧਿਤ ਮਾਮਲੇ ਲਈ ਦਰਜ ਕੀਤੇ ਕੇਸ ਵਿੱਚ ਅਗਾਊਂ ਜ਼ਮਾਨਤ ਦੇ ਦਿੱਤੀ ਹੈ।
ਇਸ ਕਾਰਵਾਈ ਨੂੰ ਮੁੱਖ ਮੰਤਰੀ ਮਾਨ ਲਈ ਸ਼ਰਮਨਾਕ ਦੱਸਦੇ ਹੋਏ ਉਹਨਾਂ ਇਹ ਵੀ ਇਲਜ਼ਾਮ ਲਗਾਇਆ ਹੈ ਕਿ ਉਹ ਆਪਣੇ ਦੋਸ਼ੀ ਮੰਤਰੀ ਨੂੰ ਗ੍ਰਿਫਤਾਰ ਕਰਨ ਦੀ ਬਜਾਏ ਆਪਣੇ ਸਿਆਸੀ ਵਿਰੋਧੀਆਂ ਦਾ ਖੂਨ ਵਹਾ ਰਹੇ ਹਨ। ਸੱਚ ਨੂੰ ਦਬਾਇਆ ਜਾ ਸਕਦਾ ਹੈ ਪਰ ਹਰਾਇਆ ਨਹੀਂ ਜਾ ਸਕਦਾ।
ਖਹਿਰਾ ਨੂੰ ਜ਼ਮਾਨਤ ਮਿਲਣ ਤੇ ਵਿਰੋਧੀ ਧਿਰ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਖੁਸ਼ੀ ਜ਼ਾਹਿਰ ਕਰਦੇ ਹੋਏ ਟਵੀਟ ਕੀਤਾ ਹੈ ਤੇ ਲਿਖਿਆ ਹੈ ਕਿ ਮੇਰੇ ਸਾਥੀ ਸੁਖਪਾਲ ਸਿੰਘ ਖਹਿਰਾ ‘ਤੇ ਆਪ ਵੱਲੋਂ ਦਾਇਰ ਕੀਤੇ ਝੂਠੇ ਕੇਸ ਵਿੱਚ ਅਦਾਲਤ ਵੱਲੋਂ ਅਗਾਊਂ ਜ਼ਮਾਨਤ ਦੇ ਦਿੱਤੀ ਗਈ ਹੈ। ਉਹਨਾਂ ਅੱਗੇ ਇਹ ਵੀ ਲਿਖਿਆ ਹੈ ਕਿ ਖਹਿਰਾ ਦਾ ਇੱਕੋ ਇੱਕ ਗੁਨਾਹ ਮੰਤਰੀ ਕਟਾਰੂਚਕ ਨੂੰ ਉਸਦੇ ਜਿਨਸੀ ਦੁਰਵਿਹਾਰ ਲਈ ਬੇਨਕਾਬ ਕਰਨਾ ਹੈ।ਇਹ ਸ਼ਰਮਨਾਕ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਹੀ ਮੰਤਰੀ ਖਿਲਾਫ ਗੰਭੀਰ ਦੋਸ਼ ਲਗਾ ਕੇ ਗ੍ਰਿਫਤਾਰ ਕਰਨ ਦੀ ਬਜਾਏ ਆਪਣੇ ਸਿਆਸੀ ਵਿਰੋਧੀਆਂ ਦੇ ਮਗਰ ਲੱਗ ਰਿਹਾ ਹੈ। ਸੱਚ ਦੀ ਹਮੇਸ਼ਾ ਜਿੱਤ ਰਹੇਗੀ।
ਖਹਿਰਾ ਨੇ ਟਵੀਟ ਕਰ ਕੇ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਵੀ ਕੀਤਾ ਹੈ।