ਚੰਡੀਗੜ੍ਹ : ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੀ ਆਪ ਸਰਕਾਰ ‘ਤੇ ਆਪਣੇ ਪਰਿਵਾਰ ਮੈਂਬਰਾਂ ਤੇ ਖੁੱਦ ‘ਤੇ ਝੂਠੇ ਕੇਸ ਕਰਨ ਦਾ ਇਲਜ਼ਾਮ ਲਾਇਆ ਹੈ ਤੇ ਆਪ ਵਿਰੁਧ ਮੋਰਚਾ ਖੋਲਣ ਦਾ ਵੀ ਐਲਾਨ ਕੀਤਾ ਹੈ। ਉਹਨਾਂ ਨਾਲ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀ ਪੰਜਾਬ ਸਰਕਾਰ ‘ਤੇ ਹਮਲੇ ਕੀਤੇ ਹਨ ਤੇ ਖਹਿਰਾ ਨੂੰ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ ਹੈ।
ਪ੍ਰਤਾਪ ਸਿੰਘ ਬਾਜਵਾ
ਅੱਜ ਚੰਡੀਗੜ੍ਹ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਕੀਤਾ ਹੈ ਕਿ ਕਾਂਗਰਸ ਨੇ ਆਪ ਦੇ ਗਲਤ ਮਨਸੂਬਿਆਂ ਦਾ ਹਮੇਸ਼ਾ ਵਿਰੋਧ ਕੀਤਾ ਹੈ, ਇਸ ਲਈ ਕਾਂਗਰਸੀ ਨੇਤਾਵਾਂ ਨੂੰ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ।ਉਹਨਾਂ ਕੁਸ਼ਲਦੀਪ ਸਿੰਘ ਢਿੱਲੋਂ ਦੀ ਗ੍ਰਿਫ਼ਤਾਰੀ ਦੀ ਵੀ ਨਿੰਦਾ ਕੀਤੀ ਹੈ ਤੇ ਇਹ ਵੀ ਕਿਹਾ ਹੈ ਕਿ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਵੀ ਜਾਣ ਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ,ਕਿਉਂਕਿ ਉਹਨਾਂ ਕਿਸਾਨਾਂ ਲਈ ਭੁੱਲਥ ਵਿਖੇ ਆਵਾਜ਼ ਚੁੱਕੀ ਸੀ ਤੇ ਆਪ ਸਰਕਾਰ ਦੇ ਕੈਬਨਿਟ ਮੰਤਰੀ ਦੀਆਂ ਗਲਤ ਵੀਡੀਓ ਰਾਜਪਾਲ ਨੂੰ ਦਿਤੀਆਂ ਸੀ ,ਜਿਸ ਦੀ ਜਾਂਚ ਤੋਂ ਬਾਅਦ ਰਾਜਪਾਲ ਨੇ ਪੰਜਾਬ ਸਰਕਾਰ ਨੂੰ ਐਕਸ਼ਨ ਲੈਣ ਲਈ ਕਿਹਾ ਸੀ ਪਰ ਆਪਣੇ ਮੰਤਰੀ ‘ਤੇ ਕਾਰਵਾਈ ਕਰਨ ਦੀ ਬਜਾਇ ਉਹਨਾਂ ਬਦਲਾਖੋਰੀ ਦੀ ਨੀਤੀ ਅਪਨਾ ਕੇ ਖਹਿਰਾ ‘ਤੇ ਹੀ ਝੂਠੀ ਕਾਰਵਾਈ ਕਰ ਦਿੱਤੀ ਹੈ।
ਬਾਜਵਾ ਨੇ ਇਹ ਵੀ ਕਿਹਾ ਹੈ ਕਿ ਰਾਜਪਾਲ ਨਾਲ ਮੁਲਾਕਾਤ ਤੋਂ ਬਾਅਦ ਖਹਿਰਾ ‘ਤੇ ਗੈਰ-ਜ਼ਮਾਨਤੀ ਕੇਸ ਲਾਇਆ ਗਿਆ ਪਰ ਜ਼ਮਾਨਤ ਹੋਣ ਤੋਂ ਬਾਅਦ ਇੱਕ ਹੋਰ 37 ਸਾਲ ਦੇ ਪੁਰਾਣੇ ਮਾਮਲੇ ਵਿੱਚ ਉਹਨਾਂ ਦਾ ,ਉਹਨਾਂ ਦੇ ਮਰਹੂਮ ਪਿਤਾ ਤੇ ਪਤਨੀ ਦਾ ਨਾਂ ਪਾ ਕੇ ਕੇਸ ਦਰਜ ਕੀਤਾ ਹੈ ਪਰ ਇਸ ਮਾਮਲੇ ‘ਚ ਹਾਈ ਕੋਰਟ ਨੇ ਰਾਹਤ ਦਿੱਤੀ ਹੈ। ਉਹਨਾਂ ਕਿਹਾ ਕਿ ਸਾਰੀ ਕਾਂਗਰਸ ਤੇ ਲੀਡਰਾਂ ਖਹਿਰਾ ਨਾਲ ਖੜੇ ਹਨ ਪਰ ਭਗਵੰਤ ਮਾਨ ਨੇ ਪੰਜਾਬ ਵਿੱਚ ਪਾਕਿਸਤਾਨ ਵਾਲੇ ਹਾਲਾਤ ਬਣਾ ਦਿੱਤੇ ਹਨ।
ਸੁਖਪਾਲ ਸਿੰਘ ਖਹਿਰਾ
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸੀਨੀਅਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ ਤੇ ਕਿੱਕੀ ਢਿਲੋਂ ਦੀ ਗ੍ਰਿਫ਼ਤਾਰੀ ਦੀ ਨਿੰਦਾ ਕੀਤੀ ਹੈ। ਉਹਨਾਂ ਆਪ ਸਰਕਾਰ ‘ਤੇ ਇਲਜ਼ਾਮ ਲਗਾਇਆ ਹੈ ਕਿ ਉਹ ਰਾਜਨੀਤੀਕ ਰੰਜਿਸ਼ ਕੱਢਣ ਲਈ ਪੁਲਿਸ ਪ੍ਰਸ਼ਾਸਨ ਨੂੰ ਹਥਿਆਰ ਦੇ ਤੌਰ ‘ਤੇ ਵਰਤ ਰਹੀ ਹੈ।ਪੰਜਾਬ ਸਰਕਾਰ ਵੱਲੋਂ ਇਹ ਕੇਸ ਇਸ ਲਈ ਉਹਨਾਂ ‘ਤੇ ਦਰਜ ਕੀਤੇ ਗਏ ਹਨ ਕਿਉਂਕਿ ਉਹ ਸਰਕਾਰ ਦੇ ਗਲਤ ਕੰਮਾਂ ਦੇ ਖਿਲਾਫ਼ ਆਵਾਜ਼ ਚੁੱਕਦੇ ਹਨ। ਜਦੋਂ ਉਹਨਾਂ ਭੁੱਲਥ ਵਿੱਚ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕੀਤੀ ਤਾਂ ਉਹਨਾਂ ਖਿਲਾਫ਼ ਇੱਕ ਹੋਰ ਕੇਸ ਭੁੱਲਥ ਵਿੱਚ ਹੀ ਦਰਜ ਕੀਤਾ ਗਿਆ,ਜਿਸ ਬਾਰੇ ਖਹਿਰਾ ਨੇ ਦਾਅਵਾ ਕੀਤਾ ਹੈ ਕਿ ਐਸਡੀਐਮ ਭੁੱਲਥ ‘ਤੇ ਦਬਾਅ ਪਾ ਕੇ ਇਹ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਉਹਨਾਂ ਕਿਹਾ ਕਿ ਉਹ ਜੇਲ੍ਹ ਜਾਣ ਤੋਂ ਡਰਦੇ ਨਹੀਂ ਹਨ।ਉਹਨਾਂ ਦੇ ਪਿਤਾ ਨੇ ਐਨਐਸਏ ਝੱਲਦਿਆਂ ਜੇਲ੍ਹ ਕੱਟੀ ਹੈ ਪਰ ਹੁਣ ਤਾਂ ਪੰਜਾਬ ਦੀਆਂ ਜੇਲਾਂ ਵੀ ਸੁਰੱਖਿਅਤ ਨਹੀਂ ਹਨ।ਇਥੇ ਨਸ਼ਾ ਸ਼ਰੇਆਮ ਚੱਲਦਾ ਹੈ ਤੇ ਜਾਨ ਦਾ ਵੀ ਖ਼ਤਰਾ ਹੈ ਕਿਉਂਕਿ ਇਥੇ ਗੈਂਗਸਟਰਾਂ ਦਾ ਰਾਜ ਹੈ। ਸਿੱਧੂ ਦੇ ਕਾਤਲਾਂ ਨੂੰ ਸਰਕਾਰ ਨੇ ਹਾਲੇ ਤੱਕ ਸਜ਼ਾ ਨਹੀਂ ਦਿੱਤੀ ਹੈ ਪਰ ਜੇਲ੍ਹ ਚੋਂ ਉਹਨਾਂ ਦੇ ਇੰਟਰਵਿਊ ਜ਼ਰੂਰ ਆ ਗਏ ਹਨ।
11 ਮਈ ਨੂੰ 30 ਨੰਬਰ ਐਫਆਈਆਰ ਉਹਨਾਂ ਦੇ ਨਾਲ-ਨਾਲ ਉਹਨਾਂ ਦੀ ਪਤਨੀ ਤੇ ਮਰਹੂਮ ਪਿਤਾ ਦੇ ਖਿਲਾਫ਼ ਦਰਜ ਕੀਤੀ ਗਈ ਹੈ,ਜਿਸ ਦਾ ਸੰਬੰਧ ਉਹਨਾਂ ਦਾ ਪੂਸ਼ਤੈਨੀ ਜ਼ਮੀਨ ਦੇ ਨਾਲ ਹੈ। ਹਾਲਾਂਕਿ ਪੁਲਿਸ ਨੂੰ ਐਫਆਈਆਰ ਨੂੰ ਵੈਬ ਤੇ ਅਪਲੋਡ ਕਰਨੀ ਪੈਂਦੀ ਹੈ ਪਰ ਇਸ ਨੂੰ ਨਹੀਂ ਕੀਤਾ ਗਿਆ। ਇਹ 30 ਨੰਬਰ ਵਾਲੀ ਐਫਆਈਆਰ ਨੂੰ ਗੁਪਤ ਰੱਖਿਆ ਗਿਆ ,ਜਿਸ ਵਿੱਚ 5 ਧਾਰਾਵਾਂ ਲਾਈਆਂ ਗਈਆਂ ਹਨ।ਜਿਸ ਬਾਰੇ ਅੱਜ ਹਾਈ ਕੋਰਟ ਨੇ ਸਵਾਲ ਕੀਤੇ ਤੇ ਰਾਹਤ ਦਿੱਤੀ। ਖਹਿਰਾ ਨੇ ਸਿੱਧਾ ਹੀ ਮੁੱਖ ਮੰਤਰੀ ਮਾਨ ‘ਤੇ ਇਲਜ਼ਾਮ ਲਾਇਆ ਹੈ ਕਿ ਉਹ ਸਾਡੇ ਖੂਨ ਦੇ ਪਿਆਸੇ ਹਨ ।
ਖਹਿਰਾ ਨੇ ਮੁੱਖ ਮੰਤਰੀ ਮਾਨ ਨੂੰ ਸਿੱਧਾ ਸੰਬੋਧਨ ਕਰਦੇ ਹੋਏ ਇਹ ਵੀ ਕਹਿ ਦਿੱਤਾ ਕਿ 25 ਸਾਲਾਂ ਦੇ ਅਰਸੇ ਦੇ ਦੌਰਾਨ ਉਹਨਾਂ ਦੇ ਖਿਲਾਫ਼ ਇਹ 13 ਵੀਂ ਐਫਆਈਆਰ ਹੈ ਪਰ ਜਦ ਉਹ ਭਾਜਪਾ ਤੇ ਈਡੀ ਤੋਂ ਨਹੀਂ ਡਰੇ ਤਾਂ ਹੁਣ ਵੀ ਨਹੀਂ ਡਰਨਗੇ। ਖ ਮੰਤਰੀ ਮਾਨ ਦਾ ਵਰਤਾਵ ਨਫ਼ਰਤ ਭਰਿਆ ਸੀ ਜਦੋਂ ਉਹਨਾਂ ਪ੍ਰਤਾਪ ਸਿੰਘ ਬਾਜਵਾ ਦੇ ਸਵਾਲਾਂ ਦਾ ਜਵਾਬ ਵੀ ਨਹੀਂ ਦਿੱਤਾ ਹੈ। ਖਹਿਰਾ ਨੇ ਮੰਤਰੀ ਖਿਲਾਫ਼ ਮੁਹਿੰਮ ਚਲਾਉਣ ਦਾ ਵੀ ਐਲਾਨ ਕੀਤਾ ਹੈ ਤੇ ਕਿਹਾ ਹੈ ਕਿ ਹੁਣ ਉਹ ਕਿਸੇ ਵੀ ਕਾਰਵਾਈ ਤੋਂ ਡਰਨਗੇ ਨਹੀਂ।
ਉਹਨਾਂ ਪੁਲਿਸ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਸੰਵਿਧਾਨ ਨੂੰ ਜਵਾਬਦੇਹ ਹੋਣ ਨਾਂ ਕਿ ਕਿਸੇ ਹੋਰ ਨੂੰ। ਸਮਾਂ ਬਦਲਦਾ ਹੈ ਤੇ ਹਮੇਸ਼ਾ ਇਹਨਾਂ ਨੇ ਸੱਤਾ ਵਿੱਚ ਨਹੀਂ ਰਹਿਣਾ ਹੈ।ਉਹਨਾਂ ਕੱਲ ਆਪਣੇ ਜੱਦੀ ਪਿੰਡ ਰਾਮਪੁਰਾ,ਜ਼ਿਲ੍ਹਾ ਕਪੂਰਥਲਾ ਵਿਖੇ ਕੱਲ ਸਵੇਰੇ 10 ਵਜੇ ਜਾਣ ਦੀ ਗੱਲ ਕਰਦਿਆਂ ਮੀਡੀਆ ਨੂੰ ਵੀ ਉਥੇ ਪਹੁੰਚਣ ਦੀ ਅਪੀਲ ਕੀਤੀ ਹੈ।