‘ਦ ਖ਼ਾਲਸ ਬਿਊਰੋ ( ਪਠਾਨਕੋਟ ) :
ਪੰਜਾਬ ਵਿੱਚ ਕੋਰੋਨਾ ਟੈਸਟ ਰਿਪੋਰਟ ਨੂੰ ਲੈ ਕੇ ਕਈ ਵਾਰ ਸਵਾਲ ਉੱਠਦੇ ਰਹੇ ਹਨ। ਵਿਧਾਨਸਭਾ ਸੈਸ਼ਨ ਤੋਂ ਪਹਿਲਾਂ ਕਾਂਗਰਸ ਦੇ ਪਠਾਨਕੋਟ ਤੋਂ ਵਿਧਾਇਕ ਜੋਗਿੰਦਰ ਪਾਲ ਨੇ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਕੋਰੋਨਾ ਟੈਸਟ ਕਰਵਾਇਆ ਸੀ ਤਾਂ ਉਨ੍ਹਾਂ ਦੀ ਰਿਪੋਰਟ ਪਾਜ਼ੀਟਿਵ ਆਈ ਸੀ ਪਰ ਜਦੋਂ ਉਨ੍ਹਾਂ ਨੇ ਪ੍ਰਾਈਵੇਟ ਲੈਬ ਤੋਂ ਟੈਸਟ ਕਰਵਾਇਆ ਤਾਂ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਹੈ।
ਵਿਧਾਇਕ ਜੋਗਿੰਦਰ ਪਾਲ ਵੱਲੋਂ ਦੋਵੇਂ ਰਿਪੋਰਟਾਂ ਮੀਡੀਆ ਦੇ ਸਾਹਮਣੇ ਰੱਖਿਆ ਗਈਆਂ ਹਨ। ਉਨ੍ਹਾਂ ਨੇ ਸਿਵਲ ਹਸਪਤਾਲ ਪਠਾਨਕੋਟ ‘ਤੇ ਇਲਜ਼ਾਮ ਲਗਾਇਆ ਹੈ ਕਿ ਉਨ੍ਹਾਂ ਨਾਲ ਕੋਰੋਨਾ ਟੈਸਟ ਨਾਲ ਗੜਬੜੀ ਕੀਤੀ ਗਈ ਹੈ ਅਤੇ ਹਸਪਤਾਲ ਵਿੱਚ ਸਹੀ ਤਰ੍ਹਾਂ ਨਾਲ ਟੈਸਟ ਨਹੀਂ ਕੀਤੇ ਜਾ ਰਹੇ ਹਨ। ਇਸ ਮਾਮਲੇ ਵਿੱਚ ਜੋਗਿੰਦਰ ਪਾਲ ਨੇ ਕਿਹਾ ਕਿ ਉਹ ਸਿਹਤ ਮੰਤਰੀ ਬਲਬੀਰ ਸਿੱਧੂ ਨੂੰ ਵੀ ਚਿੱਠੀ ਲਿਖਣਗੇ। ਸਿਵਲ ਸਰਜਨ ਦਾ ਕਹਿਣਾ ਹੈ ਕਿ ਰਿਪੋਰਟ ਬਿਲਕੁਲ ਠੀਕ ਸੀ, ਹੋ ਸਕਦਾ ਹੈ ਵਾਇਰਸ ਦਾ ਲੋਡ ਘੱਟ ਹੋਵੇ, ਇਸ ਲਈ ਪ੍ਰਾਈਵੇਟ ਲੈਬ ਵਿੱਚ ਰਿਪੋਰਟ ਨੈਗੇਟਿਵ ਆਈ ਹੋਵੇ।
ਪਹਿਲਾਂ ਵੀ ਫ਼ਰਜ਼ੀ ਟੈਸਟ ਦਾ ਸਾਹਮਣੇ ਆਇਆ ਸੀ ਮਾਮਲਾ
ਜੂਨ ਮਹੀਨੇ ਵਿੱਚ ਅੰਮ੍ਰਿਤਸਰ ਵਿੱਚ ਇੱਕ ਲੈਬ ਵੱਲੋਂ ਕੋਰੋਨਾ ਦਾ ਟੈਸਟ ਫ਼ਰਜ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਜਿਸ ਤੋਂ ਬਾਅਦ ਵਿਜੀਲੈਂਸ ਵੱਲੋਂ ਕੇਸ ਵੀ ਦਰਜ ਕੀਤਾ ਗਿਆ ਸੀ। ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਫ਼ਰਜ਼ੀ ਰਿਪੋਰਟ ਦੇ ਬਾਅਦ ਫਰਜ਼ੀ ਇਲਾਜ ਦੇ ਜ਼ਰੀਏ ਲੋਕਾਂ ਤੋਂ ਪੈਸੇ ਠੱਗੇ ਜਾ ਰਹੇ ਸਨ। ਵਿਜੀਲੈਂਸ ਨੇ ਇਸ ਮਾਮਲੇ ਵਿੱਚ ਤਿੰਨ ਡਾਕਟਰਾਂ ਦੇ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਵਿਜੀਲੈਂਸ ਮੁਤਾਬਿਕ ਤੁਲੀ ਲੈਬ ਦੇ ਮਾਲਿਕ ਟੈਸਟ ਕਰਵਾਉਣ ਵਾਲੇ ਅਮੀਰ ਲੋਕਾਂ ਦੀ ਕੋਰੋਨਾ ਟੈਸਟ ਪਾਜ਼ੀਟਿਵ ਰਿਪੋਰਟ ਬਣਾਉਂਦੇ ਸਨ ਅਤੇ ਇਲਾਜ ਦੇ ਬਹਾਨੇ ਉਨ੍ਹਾਂ ਦਾ ਇਲਾਜ ਕਰਦੇ ਸਨ। 7 ਦਿਨਾਂ ਤੱਕ ਫ਼ਰਜ਼ੀ ਇਲਾਜ ਕਰਕੇ ਮੁੜ ਤੋਂ ਟੈਸਟ ਕਰਵਾਕੇ ਰਿਪੋਰਟ ਨੈਗੇਟਿਵ ਦੇ ਦਿੱਤੀ ਜਾਂਦੀ ਸੀ।