Punjab

ਚਰਨਜੀਤ ਚੰਨੀ ਦੇ ਘਰ ਕਾਂਗਰਸ ਦੀ ਮੀਟਿੰਗ ਖ਼ਤਮ

ਪੰਜਾਬ ਕਾਂਗਰਸ ਵਿੱਚ ਹਾਈਕਮਾਂਡ ਦੇ ਫੈਸਲੇ ਖਿਲਾਫ ਨਾਰਾਜ਼ਗੀ ਖੁੱਲ੍ਹ ਕੇ ਉਭਰੀ ਹੈ। ਚਰਨਜੀਤ ਸਿੰਘ ਚੰਨੀ ਦੇ ਘਰ ਹੋਈ ਅਹਿਮ ਮੀਟਿੰਗ ਤੋਂ ਬਾਅਦ ਸੀਨੀਅਰ ਆਗੂਆਂ ਨੇ ਵੱਡੇ ਬਿਆਨ ਜਾਰੀ ਕੀਤੇ ਹਨ। ਆਗੂਆਂ ਨੇ ਸਾਫ਼ ਕਿਹਾ ਕਿ ਉਨ੍ਹਾਂ ਦੀ ਲੜਾਈ ਹਾਈਕਮਾਂਡ ਨਾਲ ਨਹੀਂ, ਸਗੋਂ ਹਾਈਕਮਾਂਡ ਦੇ ਫੈਸਲੇ ਖਿਲਾਫ ਹੈ। ਉਨ੍ਹਾਂ ਮੁਤਾਬਕ ਪੰਜਾਬ ਕਾਂਗਰਸ ਦਾ ਪ੍ਰਧਾਨ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਜਾਣਾ ਚਾਹੀਦਾ ਸੀ ਅਤੇ ਹਾਈਕਮਾਂਡ ਨੂੰ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ।

ਸਾਡੀ ਹਾਈ ਕਮਾਂਡ ਨਾਲ ਕੋਈ ਲੜਾਈ ਨਹੀਂ

ਮੀਟਿੰਗ ਖਤਮ ਹੋਣ ਤੋਂ ਬਾਅਦ ਸੀਨੀਅਰ ਕਾਂਗਰਸੀ ਆਗੂ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ, “ਸਾਡੀ ਹਾਈਕਮਾਂਡ ਨਾਲ ਕੋਈ ਲੜਾਈ ਨਹੀਂ। ਅਸੀਂ ਪਾਰਟੀ ਦੇ ਵਫਾਦਾਰ ਸਿਪਾਹੀ ਹਾਂ, ਪਰ ਲਿਆ ਗਿਆ ਫੈਸਲਾ ਵਰਕਰਾਂ ਅਤੇ ਲੋਕਾਂ ਵਿੱਚ ਮਾਯੂਸੀ ਫੈਲਾ ਰਿਹਾ ਹੈ।” ਬਾਜਵਾ ਨੇ ਦੱਸਿਆ ਕਿ ਮੀਟਿੰਗ ਵਿੱਚ ਸਾਰੇ ਆਗੂਆਂ ਨੇ ਇੱਕੋ ਰਾਏ ਜਤਾਈ ਕਿ ਚੰਨੀ ਨੂੰ ਪੰਜਾਬ ਕਾਂਗਰਸ ਦੀ ਕਮਾਨ ਸੌਂਪੀ ਜਾਣੀ ਚਾਹੀਦੀ ਸੀ। ਇਸ ਲਈ ਚੰਨੀ ਨੂੰ ਹਾਈਕਮਾਂਡ ਤੋਂ ਸਮਾਂ ਲੈਣ ਲਈ ਕਿਹਾ ਗਿਆ ਹੈ ਤਾਂ ਜੋ ਸਭ ਆਗੂ ਮਿਲ ਕੇ ਆਪਣਾ ਪੱਖ ਰੱਖ ਸਕਣ।

ਹਾਈਕਮਾਂਡ ਨੂੰ ਜਾ ਕੇ ਮਿਲਣਗੇ ਕਾਂਗਰਸੀ ਲੀਡਰ

ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਇੱਕ ਵੱਡੀ ਟੀਮ ਦਿੱਲੀ ਜਾ ਕੇ ਹਾਈਕਮਾਂਡ ਨਾਲ ਮੁਲਾਕਾਤ ਕਰੇਗੀ ਅਤੇ ਅਪੀਲ ਕਰੇਗੀ ਕਿ ਪੰਜਾਬ ਦੀ ਵਰਤਮਾਨ ਸਥਿਤੀ ਨੂੰ ਦੇਖਦੇ ਹੋਏ ਫੈਸਲੇ ‘ਤੇ ਫਿਰ ਤੋਂ ਵਿਚਾਰ ਕੀਤਾ ਜਾਵੇ। ਬਾਜਵਾ ਨੇ ਭਰੋਸਾ ਜਤਾਇਆ ਕਿ ਹਾਈਕਮਾਂਡ ਅਜਿਹਾ ਫੈਸਲਾ ਲਵੇ ਜੋ ਪਾਰਟੀ ਦੇ ਸਾਰੇ ਆਗੂਆਂ ਅਤੇ ਵਰਕਰਾਂ ਨੂੰ ਮਨਜ਼ੂਰ ਹੋਵੇ। ਇਕਜੁੱਟ ਕਾਂਗਰਸ ਹੀ ਪੰਜਾਬ ਵਿੱਚ ਮਜ਼ਬੂਤ ਵਿਰੋਧੀ ਧਿਰ ਬਣ ਸਕਦੀ ਹੈ।

ਚੰਨੀ ਦੇ ਸੱਦੇ ‘ਤੇ ਮੀਟਿੰਗ ਵਿੱਚ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ, ਕਪੂਰਥਲਾ ਦੇ ਰਾਣਾ ਗੁਰਜੀਤ ਸਿੰਘ, ਸਾਬਕਾ ਡਿਪਟੀ ਸੀ.ਐੱਮ ਓ.ਪੀ. ਸੋਨੀ, ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਲਹਿੰਬਰ, ਲਵਬੀਰ ਸਿੰਘ, ਡੀਸੀ ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਕਮਲਜੀਤ ਕੜਵਲ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ, ਜੋਗਿੰਦਰ ਪਾਲ, ਦਿਨੇਸ਼ ਬੱਸੀ, ਦਲਬੀਰ ਗੋਲਡੀ, ਪਿਰਮਲ ਸਿੰਘ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਮੇਤ ਕਈ ਵੱਡੇ ਆਗੂ ਹਾਜ਼ਰ ਸਨ।

ਮੀਟਿੰਗ ਤੋਂ ਬਾਅਦ ਬਰਿੰਦਰ ਢਿੱਲੋਂ ਨੇ ਕਿਹਾ ਕਿ ਸੀਨੀਅਰ ਆਗੂਆਂ ਦੀ ਕਮੇਟੀ ਬਣਾਈ ਗਈ ਹੈ ਅਤੇ ਫੈਸਲਿਆਂ ਵਿੱਚ ਜਨਤਾ ਦੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਹੈ। ਸਾਬਕਾ ਵਿਧਾਇਕ ਦਰਸ਼ਨ ਬਰਾੜ ਨੇ ਚਿਤਾਵਨੀ ਦਿੱਤੀ ਕਿ ਜੇ ਚੰਨੀ ਨੂੰ ਸੂਬਾ ਪ੍ਰਧਾਨ ਨਾ ਬਣਾਇਆ ਗਿਆ ਤਾਂ ਪੰਜਾਬ ਵਿੱਚ ਕਾਂਗਰਸ ਸਰਕਾਰ ਨਹੀਂ ਬਣ ਸਕਦੀ। ਉਨ੍ਹਾਂ ਯਾਦ ਕਰਵਾਇਆ ਕਿ ਚੋਣਾਂ ਤੋਂ ਪਹਿਲਾਂ ਚੰਨੀ ਦਾ ਨਾਮ ਫਾਈਨਲ ਸੀ, ਪਰ ਅਚਾਨਕ ਤਬਦੀਲੀ ਕਰਕੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਬਰਕਰਾਰ ਰੱਖਿਆ ਗਿਆ। ਚੰਨੀ ਨੂੰ ਸਿਰਫ ਪ੍ਰਚਾਰ ਕਮੇਟੀ ਦਾ ਚੇਅਰਮੈਨ ਬਣਾਇਆ ਗਿਆ, ਜਿਸ ਤੋਂ ਉਹ ਨਾਰਾਜ਼ ਹਨ।