India

ਹਰਿਆਣਾ ’ਚ ਕਾਂਗਰਸ ਦਾ ਮੈਨੀਫੈਸਟੋ ਜਾਰੀ! ‘ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲੈ ਕੇ ਰਹਾਂਗੇ!’

ਬਿਉਰੋ ਰਿਪੋਰਟ: ਕਾਂਗਰਸ (Congress) ਨੇ ਹਰਿਆਣਾ ਵਿੱਚ ਵਿਧਾਨ ਸਭਾ ਚੋਣਾਂ (Haryana Assembly Election) ਲਈ 40 ਪੰਨਿਆਂ ਦਾ ਚੋਣ ਮਨੋਰਥ ਪੱਤਰ ਜਾਰੀ ਕੀਤਾ ਹੈ। ਇਸ ਵਿੱਚ ਕਾਂਗਰਸ ਨੇ ਹਰਿਆਣਾ ਵਾਸੀਆਂ ਨਾਲ ਵਾਅਦਾ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਦਰਮਿਆਨ ਵਿਵਾਦਤ ਸਤਲੁਜ-ਯਮੁਨਾ ਲਿੰਕ (ਐਸਵਾਈਐਲ) ਨਹਿਰ ਲੈ ਕੇ ਰਹਾਂਗੇ। ਮੈਨੀਫੈਸਟੋ ਨੂੰ ਚੰਡੀਗੜ੍ਹ ਵਿੱਚ ਚੋਣ ਅਬਜ਼ਰਵਰ ਅਸ਼ੋਕ ਗਹਿਲੋਤ, ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਅਤੇ ਸੂਬਾ ਪ੍ਰਧਾਨ ਉਦੈ ਭਾਨ ਨੇ ਜਾਰੀ ਕੀਤਾ। ਹਾਲਾਂਕਿ ਇਸ ਦੌਰਾਨ ਸਿਰਸਾ ਤੋਂ ਸੰਸਦ ਮੈਂਬਰ ਕੁਮਾਰੀ ਸ਼ੈਲਜਾ ਅਤੇ ਰਾਜ ਸਭਾ ਮੈਂਬਰ ਰਣਦੀਪ ਸੁਰਜੇਵਾਲਾ ਗੈਰ-ਹਾਜ਼ਰ ਰਹੇ।

ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਹੇਠ ਲਿਖੇ ਵਾਅਦੇ ਕੀਤੇ ਹਨ-

18 ਤੋਂ 60 ਸਾਲ ਦੀ ਉਮਰ ਦੀਆਂ ਔਰਤਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਹਰ ਮਹੀਨੇ 2,000 ਰੁਪਏ ਮਿਲਣਗੇ।
ਲੋਕਾਂ ਦਾ 25 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਹੋਵੇਗਾ।
ਸਰਕਾਰੀ ਨੌਕਰੀਆਂ ਵਿੱਚ ਔਰਤਾਂ ਨੂੰ 33% ਰਾਖਵਾਂਕਰਨ ਦਿੱਤਾ ਜਾਵੇਗਾ।
ਕਿਸਾਨਾਂ ਦੀ ਹਰ ਉਪਜ ਘੱਟੋ-ਘੱਟ ਸਮਰਥਨ ਮੁੱਲ ’ਤੇ ਵਿਕੇਗੀ। ਕਿਸਾਨਾਂ ਨਾਲ ਸਬੰਧਿਤ ਪੋਰਟਲ ਬੰਦ ਕਰਾਂਗੇ।
ਕਾਂਗਰਸ ਸਰਕਾਰੀ ਮੁਲਾਜ਼ਮਾਂ ਲਈ ਪੁਰਾਣੀ ਪੈਨਸ਼ਨ ਸਕੀਮ (OPS) ਬਹਾਲ ਕਰੇਗੀ।
ਸਰਕਾਰੀ ਵਿਭਾਗਾਂ ਵਿੱਚ 2 ਲੱਖ ਸਰਕਾਰੀ ਨੌਕਰੀਆਂ ਅਤੇ ਠੇਕਾ ਭਰਤੀ ਬੰਦ ਕੀਤੀ ਜਾਵੇਗੀ। ਹਰਿਆਣਾ ਹੁਨਰ ਰੋਜ਼ਗਾਰ ਨਿਗਮ ਬੰਦ ਕਰਾਂਗੇ।
ਪਰਿਵਾਰ ਪਛਾਣ ਪੱਤਰ ਪੋਰਟਲ ਦੀ ਸਮੀਖਿਆ ਕੀਤੀ ਜਾਵੇਗੀ।
ਸਰਕਾਰੀ ਨੌਕਰੀਆਂ ਵਿੱਚ ਖੇਡ ਕੋਟਾ ਬਹਾਲ ਕੀਤਾ ਜਾਵੇਗਾ।
ਸ਼ਹੀਦ ਪਰਿਵਾਰਾਂ ਨੂੰ 2 ਕਰੋੜ ਰੁਪਏ ਦੀ ਰਾਸ਼ੀ ਦਿੱਤੀ ਜਾਵੇਗੀ।

ਹਾਲਾਂਕਿ ਸਭ ਤੋਂ ਅਹਿਮ ਗੱਲ ਇਹ ਹੈ ਕਿ ਕਾਂਗਰਸ ਦੇ ਚੋਣ ਮਨੋਰਥ ਪੱਤਰ ਵਿੱਚ ਅਗਨੀਵੀਰ ਬਾਰੇ ਕੋਈ ਜ਼ਿਕਰ ਨਹੀਂ ਹੈ। ਕਾਂਗਰਸ ਵੱਲੋਂ ਚੋਣਾਂ ਵਿੱਚ ਅਗਨੀਵੀਰ ਨੂੰ ਸ਼ਹੀਦ ਦਾ ਦਰਜਾ ਨਾ ਦੇਣ ਅਤੇ ਉਸ ਦੀ ਪੈਨਸ਼ਨ ਖੋਹਣ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ।

7 ਦਿਨ ਪਹਿਲਾਂ ਦਿੱਲੀ ’ਚ ਕਾਂਗਰਸ ਨੇ ਸੂਬੇ ਦੇ ਲੋਕਾਂ ਲਈ 7 ਗਾਰੰਟੀਆਂ ਦਿੱਤੀਆਂ ਸਨ। ਇਹ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਦੀ ਅਗਵਾਈ ਹੇਠ 7 ਵਾਅਦਿਆਂ ਅਤੇ ਦ੍ਰਿੜ ਇਰਾਦਿਆਂ ਦੇ ਨਾਂ ’ਤੇ ਜਾਰੀ ਕੀਤਾ ਗਿਆ ਸੀ।

ਇਹ ਵੀ ਪੜ੍ਹੋ –  SGPC ਵੱਲੋਂ ਸਰਕਾਰ ਖਿਲਾਫ ਨਿੰਦਾ ਮਤਾ ਪਾਸ! ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਕੀਤੀ ਵੱਡੀ ਅਪੀਲ