Punjab

ਖਹਿਰਾ ਨੂੰ ਮਿਲਣ ਪਹੁੰਚੇ ਕਾਂਗਰਸੀ ਆਗੂ, ਬਿਨਾਂ ਮਿਲੇ ਪਰਤੇ ਵਾਪਸ…

Congress leaders came to meet Khaira, returned without meeting...

ਫਾਜ਼ਿਲਕਾ : ਲੰਘੇ ਕੱਲ੍ਹ ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਚੰਡੀਗੜ੍ਹ ਤੋਂ ਗ੍ਰਿਫਤਾਰ ਕਰ ਲਿਆ ਸੀ। ਜਿਸ ਤੋਂ ਬਾਅਦ ਪੰਜਾਬ ਦੀ ਸਿਆਸਤ ਗਰਮਾ ਗਈ ਸੀ। ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਰੇ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜਲਾਲਾਬਾਦ ਥਾਣੇ ਪੁੱਜੇ। ਇਸ ਦੌਰਾਨ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੀ ਮੌਜੂਦ ਸਨ। ਪਰ ਕਿਸੇ ਵੀ ਕਾਂਗਰਸੀ ਆਗੂ ਨੂੰ ਥਾਣੇ ਅੰਦਰ ਨਹੀਂ ਜਾਣ ਦਿੱਤਾ ਗਿਆ।

ਰਾਜਾ ਵੜਿੰਗ ਨੂੰ ਦੇਖਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਥਾਣੇ ਦਾ ਗੇਟ ਬੰਦ ਕਰ ਲਿਆ।ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਥਾਣੇ ਦਾ ਗੇਟ ਖੋਲ੍ਹਣ ਦੀ ਅਪੀਲ ਕਰਦੇ ਰਹੇ। ਪਰ ਪੁਲਿਸ ਨੇ ਗੇਟ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤਾ।

ਜਿਸ ਤੋਂ ਬਾਅਦ ਕਾਂਗਰਸੀ ਆਗੂਆਂ ਨੇ ਇਸ ਗੱਲ ਨੂੰ ਲੈ ਕੇ ਸਰਕਾਰ ਦੀ ਨਿਖੇਧੀ ਕੀਤੀ ਹੈ.। ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਸੁਖਪਾਲ ਖਹਿਰਾ ਨੂੰ ਮਿਲਣ ਲਈ ਪਹਿਲਾਂ ਜਲਾਲਾਬਾਦ ਸਦਰ ਥਾਣੇ ਵਿਖੇ ਪਹੁੰਚੇ ਜਿੱਥੇ ਪੁਲਿਸ ਵਾਲਿਆਂ ਨੇ ਸਾਨੂੰ ਦੱਸਿਆ ਕਿ ਖਹਿਰਾ ਸਾਬ ਨੂੰ ਫਾਜ਼ਿਲਕਾ ਲੈ ਗਏ ਹਨ। ਵੜਿੰਗ ਨੇ ਕਿਹਾ ਕਿ ਅਸੀਂ ਉੱਥੇ ਪਹੁੰਚੇ ਪਰ ਉੱਥੇ ਵੀ ਪੁਲਿਸ ਅਧਿਕਾਰੀਆਂ ਨੇ ਮਿਲਵਾਉਣ ਤੋਂ ਆਨਾਕਾਨੀ ਕੀਤੀ। ਪਹਿਲਾਂ ਬਦਲਾਖੋਰੀ ਦੀ ਰਾਜਨੀਤੀ ਤਹਿਤ ਇੱਕ ਮੌਜੂਦਾ ਵਿਧਾਇਕ ਨੂੰ ਗ੍ਰਿਫ਼ਤਾਰ ਕੀਤਾ ਗਿਆ ਤੇ ਹੁਣ ਕਿਸੇ ਨੂੰ ਵੀ ਉਸ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ। ਪੁਲਿਸ ਪ੍ਰਸ਼ਾਸਨ ਦਾ ਇਹ ਵਤੀਰਾ ਬੇਹੱਦ ਨਿੰਦਣਯੋਗ ਹੈ। ਉਨਾਂ ਨੇ ਕਿਹਾ ਕਿ ਇਹ ਸਰਾਸਰ ਪੁਲਿਸ ਦੀ ਧੱਕੇਸ਼ਾਹੀ ਹੈ। ਇੱਕ ਮੋਜੂਦਾ ਵਿਧਾਇਕ ਨੂੰ ਹਿਰਾਸਤ ਵਿੱਚ ਕਿਸੇ ਨਾਲ ਮਿਲਣ ਨਹੀਂ ਦਿੱਤਾ ਜਾ ਰਿਹਾ ਇਹ ਸਰਾਸਰ ਗਲਤ ਹੈ।

ਪ੍ਰਤਾਪ ਬਾਜਵੇ ਨੇ ਕਿਹਾ ਕਿ ਅੱਜ ਸੀ.ਆਈ.ਏ. ਸਟਾਫ ਫਾਜ਼ਿਲਕਾ ਵਿਖੇ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਨਾਲ ਸੁਖਪਾਲ ਖਹਿਰਾ ਨੂੰ ਮਿਲਣ ਲਈ ਪਹੁੰਚੇ ਸੀ, ਪਰ ਪੁਲਿਸ ਵੱਲੋਂ ਲੋਕਤੰਤਰ ਦਾ ਘਾਣ ਕਰਦਿਆਂ ਇੱਕ ਮੌਜ਼ੂਦਾ ਵਿਧਾਇਕ ਨਾਲ ਮਿਲਣ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਅਸੀਂ ‘ਆਪ’ ਪਾਰਟੀ ਦੀ ਇਸ ਬਦਲਾਖ਼ੋਰੀ ਨੀਤੀ ਦੇ ਖਿਲਾਫ਼ ਕਾਨੂੰਨੀ ਤੌਰ ‘ਤੇ ਪੁਰਜ਼ੋਰ ਲੜਾਈ ਲੜਾਂਗੇ ਅਤੇ ਅਜਿਹੀਆਂ ਦਬਾਅ ਦੀਆਂ ਚਾਲਾਂ ਤੋਂ ਨਿਰਾਸ਼ ਨਹੀਂ ਹੋਵਾਂਗੇ।

ਕਾਂਗਰਸੀ ਆਗੂ ਸੁਖਜਿੰਦਰ ਰੰਧਾਵਾ ਨੇ ਕਿਹਾ ਕਿ ਸਿਆਸੀ ਬਦਲਾਖੋਰੀ ਦੀਆਂ ਹੱਦਾਂ ਟੱਪ ਗਈ ਹੈ ਇਹ ਸਰਕਾਰ। ਟਵੀਟ ਕਰਦਿਆਂ ਉਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੀ ਅਜਿਹੀ ਕਾਰਵਾਈ ਪਹਿਲੀ ਵਾਰ ਵੇਖਣ ਨੂੰ ਮਿਲੀ ਹੈ। ਸਿਆਸੀ ਬਦਲਾਖੋਰੀ ਦੀਆਂ ਹੱਦਾਂ ਟੱਪ ਗਈ ਹੈ ਇਹ ਸਰਕਾਰ। ਸ. ਸੁਖਪਾਲ ਸਿੰਘ ਖਹਿਰਾ ਜੀ ਨੂੰ ਮਿਲਣ ਲਈ ਫਾਜ਼ਿਲਕਾ ਵਿਖੇ ਪਹੁੰਚੇ ਸੀ ਪਰ ਸਾਨੂੰ ਉਹਨਾਂ ਨਾਲ ਮੁਲਾਕਾਤ ਨਹੀਂ ਕਰਨ ਦਿੱਤੀ ਗਈ। ਇੱਕ ਮੌਜੂਦਾ ਵਿਧਾਇਕ ਨਾਲ ਮੁਲਾਕਾਤ ਕਰਨੀ ਇੰਨੀ ਮੁਸ਼ਕਿਲ ਹੈ ਤਾਂ ਆਮ ਜਨਤਾ ਦਾ ਕੀ ਹਾਲ ਹੋਵੇਗਾ। ਸੂਬੇ ਦੀ ਕਾਨੂੰਨ ਵਿਵਸਥਾ ਤੇ ਧਿਆਨ ਦੇਣ ਦੀ ਬਜਾਇ ਭਗਵੰਤ ਮਾਨ ਸਾਬ ਪੁਲਿਸ ਦਾ ਇਸਤੇਮਾਲ ਵਿਰੋਧੀਆਂ ਨੂੰ ਡਰਾਉਣ ਲਈ ਤੇ ਸੱਚ ਦੀ ਅਵਾਜ਼ ਨੂੰ ਦਬਾਉਣ ਲਈ ਕਰ ਰਹੇ ਹਨ। ਪਰ ਕਾਂਗਰਸ ਪਾਰਟੀ ਡਰੇਗੀ ਨਹੀਂ, ਜੰਗ ਜਾਰੀ ਰਹੇਗੀ।

ਦਰਅਸਲ ਕਾਂਗਰਸ ਲੀਡਰ ਸੁਖਪਾਲ ਸਿੰਘ ਖਹਿਰਾ ਨੂੰ ਵੀਰਵਾਰ ਨੂੰ ਸਵੇਰੇ ਉਨ੍ਹਾਂ ਦੇ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਦੀ ਗ੍ਰਿਫ਼ਤਾਰੀ 2015 ਦੇ ਐਨਡੀਪੀਐਸ ਮਾਮਲੇ ‘ਚ ਹੋਈ ਸੀ।