ਕਾਂਗਰਸ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਹਰਕ ਸਿੰਘ ਰਾਵਤ ਨੇ ਹਿਮਾਚਲ ਪ੍ਰਦੇਸ਼ ਦੇ ਪ੍ਰਸਿੱਧ ਗੁਰਦੁਆਰਾ ਸ੍ਰੀ ਪਾਉਂਟਾ ਸਾਹਿਬ ਵਿਖੇ ਮੱਥਾ ਟੇਕਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਆਪਣੀ ਗਲਤੀ ਲਈ ਪੂਰਨ ਪਸ਼ਚਾਤਾਪ ਕੀਤਾ। ਉਨ੍ਹਾਂ ਨੇ ਲੰਗਰ ਵਿੱਚ ਸੇਵਾ ਕੀਤੀ, ਜੋੜੇ ਘਰ ਜੋੜੇ ਝਾੜੇ ਅਤੇ ਝਾੜੂ ਲਾਇਆ।
ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਅਰਦਾਸ ਕਰਕੇ ਜਨਤਕ ਤੌਰ ਤੇ ਮੁਆਫ਼ੀ ਮੰਗੀ।ਤਿੰਨ ਦਿਨ ਪਹਿਲਾਂ ਦੇਹਰਾਦੂਨ ਵਿੱਚ ਵਕੀਲਾਂ ਦੇ ਵਿਰੋਧ ਪ੍ਰਦਰਸ਼ਨ ਨੂੰ ਸਮਰਥਨ ਦਿੰਦਿਆਂ ਰਾਵਤ ਨੇ ਇੱਕ ਸਿੱਖ ਵਕੀਲ ਬਾਰੇ ਅਸ਼ਲੀਲ ਟਿੱਪਣੀ ਕਰ ਦਿੱਤੀ ਸੀ।
ਇਸ ਦੇ ਵਿਰੋਧ ਹੋਣ ਤੋਂ ਬਾਅਦ ਉਨ੍ਹਾਂ ਨੂੰ ਤੁਰੰਤ ਗਲਤੀ ਦਾ ਅਹਿਸਾਸ ਹੋਇਆ। ਉਸੇ ਦਿਨ ਉਹ ਉਕਤ ਵਕੀਲ ਤੋਂ ਮੁਆਫ਼ੀ ਮੰਗੀ, ਫਿਰ ਬਾਰ ਐਸੋਸੀਏਸ਼ਨ ਦਫ਼ਤਰ ਜਾ ਕੇ ਸਾਰੇ ਵਕੀਲਾਂ ਅੱਗੇ ਆਪਣੀ ਭਾਵਨਾ ਪ੍ਰਗਟ ਕੀਤੀ।
ਹਰਕ ਸਿੰਘ ਰਾਵਤ ਨੇ ਕਿਹਾ ਕਿ ਸਿੱਖ ਭਾਈਚਾਰੇ ਪ੍ਰਤੀ ਉਨ੍ਹਾਂ ਦੇ ਦਿਲ ਵਿੱਚ ਬਹੁਤ ਸਤਿਕਾਰ ਹੈ। ਸਿੱਖਾਂ ਨੇ ਹਮੇਸ਼ਾ ਔਖੇ ਵੇਲਿਆਂ ਵਿੱਚ ਉਤਰਾਖੰਡ ਤੇ ਦੇਸ਼ ਦੀ ਸੇਵਾ ਕੀਤੀ ਹੈ ਅਤੇ ਆਪਣੇ ਸਮਰਪਣ ਨਾਲ ਦੁਨੀਆ ਦੇ ਦਿਲ ਜਿੱਤੇ ਹਨ। ਪਾਉਂਟਾ ਸਾਹਿਬ ਵਿੱਚ ਸੇਵਾ ਤੇ ਅਰਦਾਸ ਰਾਹੀਂ ਉਨ੍ਹਾਂ ਨੇ ਆਪਣੀ ਗਲਤੀ ਦਾ ਪ੍ਰਾਯਸ਼ਚਿਤ ਕੀਤਾ।

