Punjab

ਕਾਂਗਰਸ ਨੇਤਾ ਅਨਿਲ ਜੋਸ਼ੀ ਨੇ ਤੋੜੀ ਚੁੱਪੀ, ਨਵਜੋਤ ਕੌਰ ਸਿੱਧੂ ਦੀਆਂ ਟਿੱਪਣੀਆਂ ਨੂੰ ਦੱਸਿਆ ਬੇਬੁਨਿਆਦ

ਕਾਂਗਰਸ ਨੇਤਾ ਤੇ ਸਾਬਕਾ ਕੈਬਨਿਟ ਮੰਤਰੀ ਅਨਿਲ ਜੋਸ਼ੀ ਨੇ ਨਵਜੋਤ ਕੌਰ ਸਿੱਧੂ ਵੱਲੋਂ ਆਪਣੇ ਵਿਰੁੱਧ ਕੀਤੇ ਜਾ ਰਹੇ ਬਿਆਨਾਂ ਨੂੰ ਪੂਰੀ ਤਰ੍ਹਾਂ ਬੇਬੁਨਿਆਦ, ਮਨਘੜਤ ਤੇ ਰਾਜਨੀਤਿਕ ਦੁਸ਼ਮਣੀ ਤੋਂ ਪ੍ਰੇਰਿਤ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਦੇ 500 ਕਰੋੜ ਦਾ ਮੁੱਦਾ ਉਠਾਇਆ ਜਾਂਦਾ ਹੈ, ਕਦੇ ਬਿਨਾਂ ਸਬੂਤ ਦੋਸ਼ ਲਗਾਏ ਜਾਂਦੇ ਹਨ, ਪਰ ਕੋਈ ਵੀ ਬਿਆਨ ਤੱਥਾਂ ’ਤੇ ਅਧਾਰਤ ਨਹੀਂ।

ਅਨਿਲ ਜੋਸ਼ੀ ਨੇ ਸਾਫ਼ ਕਿਹਾ ਕਿ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਤੇ ਸੀਨੀਅਰ ਨੇਤਾ ਪ੍ਰਤਾਪ ਸਿੰਘ ਬਾਜਵਾ ਵਰਗੇ ਜ਼ਿੰਮੇਵਾਰ ਆਗੂ ਕਦੇ ਵੀ ਅਜਿਹੀ ਘਟੀਆ ਤੇ ਅਸ਼ਲੀਲ ਰਾਜਨੀਤੀ ਵਿੱਚ ਸ਼ਾਮਲ ਨਹੀਂ ਹੁੰਦੇ, ਪਰ ਨਵਜੋਤ ਸਿੱਧੂ ਹਰ ਮੁੱਦੇ ’ਤੇ ਕਿਸੇ ਨਾ ਕਿਸੇ ਵਿਰੁੱਧ ਜ਼ਹਿਰ ਉਗਲਦੇ ਰਹਿੰਦੇ ਹਨ।

ਇਸ ਲਈ ਅਨਿਲ ਜੋਸ਼ੀ ਨੇ ਐਲਾਨ ਕੀਤਾ ਕਿ ਉਹ ਨਵਜੋਤ ਕੌਰ ਸਿੱਧੂ ਵਿਰੁੱਧ ਅਪਰਾਧਿਕ ਮਾਣਹਾਨੀ ਦਾ ਮੁਕੱਦਮਾ ਦਾਇਰ ਕਰਨਗੇ। ਉਨ੍ਹਾਂ ਨੂੰ ਜਲਦ ਹੀ ਕਾਨੂੰਨੀ ਨੋਟਿਸ ਭੇਜਿਆ ਜਾਵੇਗਾ ਤੇ ਮਾਮਲਾ ਅਦਾਲਤ ਵਿੱਚ ਲਿਜਾਇਆ ਜਾਵੇਗਾ। ਅਦਾਲਤ ਵਿੱਚ ਸਿੱਧੂ ਤੋਂ ਸਵਾਲ ਕੀਤੇ ਜਾਣਗੇ ਕਿ ਅਨਿਲ ਜੋਸ਼ੀ ਨਾਲ ਉਨ੍ਹਾਂ ਦੀ ਕਦੋਂ ਮੁਲਾਕਾਤ ਹੋਈ, ਕਿਹੜੀਆਂ ਮੀਟਿੰਗਾਂ ਵਿੱਚ ਦੋਵੇਂ ਸ਼ਾਮਲ ਸਨ, ਕਦੋਂ ਫ਼ੋਨ ’ਤੇ ਗੱਲ ਹੋਈ ਤੇ ਕਿਸ ਆਧਾਰ ’ਤੇ ਉਨ੍ਹਾਂ ਨੇ ਜੋਸ਼ੀ ਦਾ ਨਾਂ ਲਿਆ। ਜੋਸ਼ੀ ਨੇ ਸਪੱਸ਼ਟ ਕੀਤਾ ਕਿ ਸੱਚਾਈ ਇਹ ਹੈ ਕਿ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਕਦੇ ਮਿਲਿਆ ਹੀ ਨਹੀਂ, ਨਾ ਗੱਲ ਕੀਤੀ, ਨਾ ਫ਼ੋਨ ’ਤੇ ਬੋਲੇ, ਨਾ ਕੋਈ ਚਰਚਾ ਕੀਤੀ।

ਬਿਨਾਂ ਤੱਥ ਤੇ ਸਬੂਤ ਦੇ ਵਾਰ-ਵਾਰ ਝੂਠ ਬੋਲਣ ਨੂੰ ਉਨ੍ਹਾਂ ਨੇ ਗੰਭੀਰ ਮਾਨਸਿਕ ਵਿਕਾਰ ਦਾ ਲੱਛਣ ਦੱਸਿਆ। ਉਨ੍ਹਾਂ ਕਿਹਾ ਕਿ ਬਿਨਾਂ ਸੋਚੇ-ਸਮਝੇ ਬਕਵਾਸ ਕਰਨ ਦੀ ਆਦਤ ਮਨੋਵਿਗਿਆਨਕ ਬਿਮਾਰੀ ਬਣ ਚੁੱਕੀ ਹੈ। ਜੋਸ਼ੀ ਨੇ ਆਪਣੀ ਰਾਜਨੀਤਿਕ ਸਫ਼ਰ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਅਕਾਲੀ ਦਲ ਤੇ ਭਾਜਪਾ ਵਿੱਚ ਰਹੇ, ਪਰ ਕਦੇ ਜਾਤ ਜਾਂ ਪਾਰਟੀ ਦੇ ਨਾਂ ’ਤੇ ਵਿਤਕਰਾ ਨਹੀਂ ਕੀਤਾ।

ਭਾਜਪਾ ਨੇ ਕੱਢਿਆ ਤਾਂ ਚੁੱਪ ਰਹੇ, ਅਕਾਲੀ ਦਲ ਛੱਡਿਆ ਤਾਂ ਵੀ ਕਿਸੇ ’ਤੇ ਝੂਠੇ ਦੋਸ਼ ਨਹੀਂ ਲਗਾਏ। ਕਾਂਗਰਸ ਉਨ੍ਹਾਂ ਨੇ ਰਾਹੁਲ ਗਾਂਧੀ ਦੀ ਸਰਬ-ਸਾਂਝੀ ਵਾਲੀ ਵਿਚਾਰਧਾਰਾ ਅਤੇ ਧਰਮ-ਨਿਰਪੱਖ ਸੋਚ ਕਾਰਨ ਜੁਆਇਨ ਕੀਤੀ।