India

ਕਾਂਗਰਸ ਹਾਈਕਮਾਂਡ ਨੇ ਟਾਸਕ ਫੋਰਸ 2024 ਗਰੁੱਪ ਦਾ ਕੀਤਾ ਗਠਨ

ਦ ਖ਼ਾਲਸ ਬਿਊਰੋ : ਕਾਂਗਰਸ ਨੇ ਉਦੈਪੁਰ ਚਿੰਤਨ ਕੈਂਪ ਵਿੱਚ ਕੀਤੇ ਫੈਸਲਿਆਂ ਨੂੰ ਲਾਗੂ ਕਰਨ ਲਈ ਅੱਠ ਮੈਂਬਰੀ ‘ਟਾਸਕ ਫੋਰਸ-2024’ ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਕਾਂਗਰਸ ਦੀ ਸੁਪਰੀਮੋ ਪ੍ਰਧਾਨ ਸੋਨੀਆ ਗਾਂਧੀ ਦੀ ਅਗਵਾਈ ਹੇਠ ਸਿਆਸੀ ਮਾਮਲਿਆਂ ਦਾ ਗਰੁੱਪ ਵੀ ਬਣਾਇਆ ਗਿਆ। ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਵੱਲੋਂ ਜਾਰੀ ਬਿਆਨ ਅਨੁਸਾਰ 2 ਅਕਤੂਬਰ ਤੋਂ ਕਾਂਗਰਸ ਦੀ ਪ੍ਰਸਤਾਵਿਤ ‘ਭਾਰਤ ਜੋੜੋ ਯਾਤਰਾ’ ਦੇ ਤਾਲਮੇਲ ਲਈ ਨੌਂ ਮੈਂਬਰੀ ਕੇਂਦਰੀ ਯੋਜਨਾ ਗਰੁੱਪ ਕਾਇਮ ਕੀਤਾ ਗਿਆ ਹੈ।

ਟਾਸਕ ਫੋਰਸ-2024 ਵਿੱਚ ਪਾਰਟੀ ਦੇ ਸੀਨੀਅਰ ਆਗੂ ਪੀ. ਚਿਦੰਬਰਮ, ਮੁਕੁਲ ਵਾਸਨਿਕ, ਜੈਰਾਮ ਰਮੇਸ਼, ਪ੍ਰਿਯੰਕਾ ਗਾਂਧੀ ਵਾਡਰਾ, ਕੇਸੀ ਵੇਣੂਗੋਪਾਲ, ਅਜੈ ਮਾਕਨ, ਰਣਦੀਪ ਸੁਰਜੇਵਾਲਾ ਅਤੇ ਚੋਣ ਰਣਨੀਤੀਕਾਰ ਸੁਨੀਲ ਕਾਨਗੋਲੂ ਸ਼ਾਮਲ ਹਨ। ਸਿਆਸੀ ਮਾਮਲਿਆਂ ਦੇ ਗਰੁੱਪ ਵਿਚ ਰਾਹੁਲ ਗਾਂਧੀ ਅਤੇ ਕੁਝ ਹੋਰ ਸੀਨੀਅਰ ਨੇਤਾਵਾਂ ਦੇ ਨਾਲ-ਨਾਲ ਕਾਂਗਰਸ ਦੇ ”ਜੀ-23” ਦੇ ਦੋ ਅਹਿਮ ਮੈਂਬਰਾਂ ਗੁਲਾਮ ਨਬੀ ਆਜ਼ਾਦ ਅਤੇ ਆਨੰਦ ਸ਼ਰਮਾ ਨੂੰ ਜਗ੍ਹਾ ਮਿਲੀ ਹੈ। ਕੇਂਦਰੀ ਯੋਜਨਾ ਗਰੁੱਪ ’ਚ ਦਿਗਵਿਜੈ ਸਿੰਘ, ਸਚਨ ਪਾਇਲਟ, ਸ਼ਸ਼ੀ ਥਰੂਰ ਤੇ ਹੋਰ ਕੁੱਝ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ।