India

ਕਾਂਗਰਸ ਨੇ ਵਿਨੇਸ਼ ਫੋਗਾਟ ਨੂੰ ਦਿੱਤੀ ਟਿਕਟ, ਹਰਿਆਣਾ ਦੇ ਜੁਲਾਨਾ ਤੋਂ ਲੜੇਗੀ ਚੋਣ

 ਹਰਿਆਣਾ ਵਿਧਾਨ ਸਭਾ ਚੋਣਾਂ ਲਈ ਕਾਂਗਰਸ ਨੇ ਆਪਣੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ਵਿੱਚ 31 ਉਮੀਦਵਾਰਾਂ ਦੇ ਨਾਂ ਹਨ। ਪਾਰਟੀ ਨੇ ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾਇਆ ਹੈ। ਭੁਪਿੰਦਰ ਸਿੰਘ ਹੁੱਡਾ ਨੂੰ  ਗੜ੍ਹੀ ਸਾਂਪਲਾ-ਕਿਲੋਈ ਸੀਟ ਤੋਂ , ਰਾਵ ਦਾਨ ਸਿੰਘ ਨੂੰ ਮਹਿੰਦਰਗੜ੍ਹ ਤੋਂ , ਆਫਤਾਬ ਅਹਿਮਦ ਨੂੰ ਨੂਹ ਤੋਂ , ਉਦੈ ਭਾਨ ਨੂੰ ਹੋਡਲ ਅਤੇ ਬਾਦਲੀ ਤੋਂ ਮੌਜੂਦਾ ਵਿਧਾਇਕ ਕੁਲਦੀਪ ਵਤਸ ਨੂੰ ਟਿਕਟ ਦਿੱਤੀ ਗਈ ਹੈ।

ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਨੇ ਸ਼ੁੱਕਰਵਾਰ ਨੂੰ ਸੀਨੀਅਰ ਕਾਂਗਰਸ ਮੈਂਬਰਾਂ ਦੀ ਮੌਜੂਦਗੀ ‘ਚ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਹਾਲਾਂਕਿ ਇਸ ਤੋਂ ਪਹਿਲਾਂ ਵੀ ਇਹ ਅਟਕਲਾਂ ਲਾਈਆਂ ਜਾ ਰਹੀਆਂ ਸਨ ਕਿ ਕਾਂਗਰਸ ਹਰਿਆਣਾ ਦੀ ਕਿਸੇ ਵੀ ਵਿਧਾਨ ਸਭਾ ਸੀਟ ਤੋਂ ਵਿਨੇਸ਼ ਫੋਗਾਟ ਨੂੰ ਉਮੀਦਵਾਰ ਬਣਾ ਸਕਦੀ ਹੈ।

ਵਿਨੇਸ਼ ਫੋਗਾਟ ਪੈਰਿਸ ਓਲੰਪਿਕ ‘ਚ ਤਮਗਾ ਜਿੱਤਣ ਤੋਂ ਖੁੰਝ ਗਈ ਸੀ। ਪੰਜਾਹ ਕਿਲੋ ਭਾਰ ਵਰਗ ਵਿੱਚ ਸਿਰਫ਼ 100 ਗ੍ਰਾਮ ਤੋਂ ਵੱਧ ਭਾਰ ਹੋਣ ਕਾਰਨ ਫਾਈਨਲ ਵਿੱਚ ਪੁੱਜਣ ਤੋਂ ਬਾਅਦ ਵੀ ਉਹ ਅਯੋਗ ਕਰਾਰ ਦਿੱਤਾ ਗਿਆ।

ਇਸ ਤੋਂ ਪਹਿਲਾਂ ਬਜਰੰਗ ਪੂਨੀਆ ਅਤੇ ਵਿਨੇਸ਼ ਫੋਗਾਟ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮੁੱਦੇ ‘ਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸਿੰਘ ਦੇ ਖਿਲਾਫ ਪ੍ਰਦਰਸ਼ਨ ਕੀਤਾ ਸੀ ਅਤੇ ਲੰਬੇ ਸਮੇਂ ਤੱਕ ਦਿੱਲੀ ਦੇ ਜੰਤਰ-ਮੰਤਰ ‘ਤੇ ਧਰਨਾ ਦਿੱਤਾ ਸੀ।

ਦੱਸ ਦੇਈਏ ਕਿ ਵਿਨੇਸ਼ ਫੋਗਾਟ ਅਤੇ ਬਜਰੰਗ ਨੇ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾਂ ਦੀ ਰਿਹਾਇਸ਼ 10, ਰਾਜਾਜੀ ਮਾਰਗ ‘ਤੇ ਮੁਲਾਕਾਤ ਕੀਤੀ ਸੀ।