‘ਦ ਖ਼ਾਲਸ ਬਿਊਰੋ : ਦਿੱਲੀ ਵਿੱਚ ਕਾਂਗਰਸ ਦੀ ਅਨੁਸ਼ਾਸ਼ਨੀ ਕਮੇਟੀ ਦੀ ਬੈਠਕ ਹੋਣ ਜਾ ਰਹੀ ਹੈ। ਜਿਸ ਵਿੱਚ ਅਨੁਸ਼ਾਸਨੀ ਕਮੇਟੀ ਸੁਨੀਲ ਜਾਖੜ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਹੋ ਸਕਦੀ ਹੈ ਅਤੇ ਕੋਈ ਫੈਸਲਾ ਲੈ ਸਕਦੀ ਹੈ । ਕਾਂਗਰਸ ਅਨੁਸ਼ਾਸ਼ਨ ਕਮੇਟੀ ਵੱਲੋਂ ਸੁਨੀਲ ਜਾਖੜ ਨੂੰ ਉਹਨਾਂ ਵੱਲੋਂ ਪਿਛਲੇ ਦਿਨੀਂ ਦਿੱਤੇ ਗਏ ਬਿਆਨ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਸੀ।ਜਿਸ ਦਾ ਜਾਖੜ ਵੱਲੋਂ ਕੋਈ ਵੀ ਜਵਾਬ ਨਹੀਂ ਸੀ ਦਿੱਤਾ ਗਿਆ। ਜਾਖੜ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਨੇ ਪਾਰਟੀ ਦੀ ਅਨੁਸ਼ਾਸਨੀ ਕਾਰਵਾਈ ਕਮੇਟੀ ਵੱਲੋਂ ਦਿੱਤੇ ਕਾਰਨ ਦੱਸੋ ਨੋਟਿਸ ਦਾ ਕੋਈ ਜਵਾਬ ਨਹੀਂ ਦਿੱਤਾ। ਸੁਨੀਲ ਜਾਖੜ ਨੇ ਇਹ ਵੀ ਕਿਹਾ ਸੀ ਕਿ ਕਮੇਟੀ ਨੇ ਜੋ ਵੀ ਫੈਸਲਾ ਕਰਨਾ ਹੈ, ਉਹ ਕਰ ਲਵੇ।
ਦੂਜੇ ਪਾਸੇ ਕਾਂਗਰਸ ਦੀ ਅਨੁਸ਼ਾਸ਼ਨ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਸੁਨੀਲ ਜਾਖੜ ਨੇ ਟਵੀਟ ਕਰਕੇ ਕਿਹਾ ਕਿ ਅੱਜ ਸਿਰ ਕਲਮ ਹੋਣਗੇ ਉਨ੍ਹਾਂ ਦੇ ਜਿਨ੍ਹਾਂ ਵਿਚ ਅਜੇ ਜ਼ਮੀਰ ਬਾਕੀ ਹੈ।
ਦੱਸ ਦਈਏ ਕਿ ਸੁਨੀਲ ਜਾਖੜ ਨੇ ਜੀ-23 ਦੇ ਆਗੂਆਂ ਬਾਰੇ ਟਿੱਪਣੀ ਕਰਦਿਆਂ ਕਿਹਾ ਸੀ ਕਿ ਹਾਈਕਮਾਨ ਉਨ੍ਹਾਂ ਆਗੂਆਂ ਨੂੰ ਐਨਾ ਸਿਰ ’ਤੇ ਨਾ ਬਿਠਾਏ ਜਿਹੜੇ ਪਾਰਟੀ ਦੇ ਰੁਤਬੇ ਨੂੰ ਢਾਹ ਲਗਾ ਰਹੇ ਹਨ। ਉਨ੍ਹਾਂ ਦੇ ਇਸ ਬਿਆਨ ਨੂੰ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ ਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਜਾਖੜ ਨੇ ਇਹ ਇਸ਼ਾਰਾ ਚੰਨੀ ਵੱਲ ਕਰ ਕੇ ਇੱਕ ਦਲਿਤ ਆਗੂ ਦੀ ਬੇਇੱਜ਼ਤੀ ਕੀਤੀ ਹੈ।