Punjab

2 ਕਰੋੜ ਦੇ ਡਰਾਈ ਫਰੂਟ ਲੁੱਟਣ ਦੇ ਮਾਮਲੇ ’ਚ ਕਾਂਗਰਸ ਨੇ ਘੇਰੀ ਮਾਨ ਸਰਕਾਰ! ‘ਹੁਣ ਸਨੈਕਸ ਦੀ ਸੁਰੱਖਿਆ ਲਈ ਵੀ ਗਾਰਡ ਰੱਖਣੇ ਪੈਣਗੇ’

ਬਿਉਰੋ ਰਿਪੋਰਟ: ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਸਰਕਾਰ ਨੂੰ ਸੂਬੇ ਵਿੱਚ ਇੱਕ ਕੋਲਡ ਸਟੋਰੇਜ ਵਿੱਚੋਂ 2 ਕਰੋੜ ਦੇ ਡਰਾਈ ਫਰੂਟ ਦੀ ਚੋਰੀ ਦੇ ਮਾਮਲੇ ਵਿੱਚ ਨਿਸ਼ਾਨੇ ’ਤੇ ਲਿਆ ਹੈ। ਉਨ੍ਹਾਂ ਸੂਬੇ ਦੀ ਅਮਨ-ਕਾਨੂੰਨ ਦੀ ਸਥਿਤੀ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਹੁਣ ਪੰਜਾਬ ਵਿੱਚ ਆਮ ਵਰਤਿਆ ਜਾਣ ਵਾਲਾ ਸਾਮਾਨ ਵੀ ਸੁਰੱਖਿਅਤ ਨਹੀਂ ਹੈ।

ਬਾਜਵਾ ਨੇ ਐਕਸ ’ਤੇ ਪੋਸਟ ਕਰਦਿਆਂ ਲਿਖਿਆ, “ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਵਿਧਾਨ ਸਭਾ ਵਿੱਚ ਕਿਹਾ ਸੀ ਕਿ ਅਮਨ-ਕਾਨੂੰਨ ਦੀ ਸਥਿਤੀ ’ਤੇ ਬਹਿਸ ਦੀ ਲੋੜ ਨਹੀਂ ਹੈ। ਪਰ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਇੰਨੀ ‘ਸੁਰੱਖਿਅਤ’ ਹੈ ਕਿ ਡਰਾਈ ਫਰੂਟ ਹੁਣ ਗਹਿਣਿਆਂ ਵਾਂਗ ਚੋਰੀ ਹੋ ਰਹੇ ਹਨ। ਕੋਲਡ ਸਟੋਰੇਜ ਤੋਂ 30 ਹਥਿਆਰਬੰਦ ਲੁਟੇਰੇ 2 ਕਰੋੜ ਰੁਪਏ ਦੇ ਡਰਾਈ ਫਰੂਟ ਲੈ ਕੇ ਫ਼ਰਾਰ ਹੋ ਗਏ।”

ਉਨ੍ਹਾਂ ਅੱਗੇ ਲਿਖਿਆ, “ਲੁਟੇਰਿਆਂ ਨੇ ਸਟੋਰੇਜ ਦੇ ਚੌਕੀਦਾਰਾਂ ਨੂੰ ਬੰਧਕ ਬਣਾ ਲਿਆ ਅਤੇ ਸੀਸੀਟੀਵੀ ਕੈਮਰੇ ਵੀ ਚੋਰੀ ਕਰ ਲਏ। ਰੋਜ਼ਾਨਾ ਵਰਤੋਂ ਦੇ ਆਮ ਸਮਾਨ ਲਈ ਵੱਡੀਆਂ ਚੋਰੀਆਂ ਹੋ ਰਹੀਆਂ ਹਨ। ਲੋਕਾਂ ਨੂੰ ਆਪਣੇ ਸਨੈਕਸ ਦੀ ਸੁਰੱਖਿਆ ਲਈ ਵੀ ਨਿੱਜੀ ਸੁਰੱਖਿਆ ਗਾਰਡ ਰੱਖਣੇ ਪੈ ਸਕਦੇ ਹਨ। ਜੇ ਖਾਣ ਵਾਲੀਆਂ ਚੀਜ਼ਾਂ ਵੀ ਖ਼ਤਰੇ ਵਿੱਚ ਹਨ, ਤਾਂ ਕੌਣ ਜਾਣਦਾ ਹੈ ਕਿ ਅੱਗੇ ਕੀ ਹੋਵੇਗਾ?”

ਜਾਣੋ ਪੂਰਾ ਮਾਮਲਾ

ਕਰੀਬ 30 ਹਥਿਆਰਬੰਦ ਵਿਅਕਤੀਆਂ ਨੇ 3 ਸਤੰਬਰ ਨੂੰ ਦੇਰ ਰਾਤ ਪਿੰਡ ਇੱਬਨ ਕਲਾਂ ਵਿੱਚ ਕੋਲਡ ਸਟੋਰ ਤੋਂ ਦੋ ਕਰੋੜ ਰੁਪਏ ਦੇ ਡਰਾਈ ਫਰੂਟ ਲੁੱਟ ਲਏ। ਮੁਲਜ਼ਮ ਉਥੋਂ ਸੀਸੀਟੀਵੀ ਕੈਮਰੇ ਅਤੇ ਡੀਵੀਆਰ ਵੀ ਲੈ ਗਏ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੇ ਕੇਸ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਪਛਾਣ ਕਰਨ ਅਤੇ ਗ੍ਰਿਫ਼ਤਾਰ ਕਰਨ ਲਈ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਸੀਸੀਟੀਵੀ ਕੈਮਰਿਆਂ ਦੀ ਜਾਂਚ ਕਰ ਰਹੀ ਹੈ।

ਇਹ ਕੋਲਡ ਸਟੋਰ ਹੈਪੀ ਅਰੋੜਾ ਦਾ ਸੀ, ਜਿਸ ਨੇ ਦੱਸਿਆ ਕਿ ਕੋਲਡ ਸਟੋਰ ਵਿੱਚ 100 ਤੋਂ ਵੱਧ ਕਰਿਆਨੇ ਦੀਆਂ ਦੁਕਾਨਾਂ ਦੇ ਮਾਲਕਾਂ ਦਾ ਸਾਮਾਨ ਰੱਖਿਆ ਹੋਇਆ ਸੀ। ਇੱਥੇ ਵਧੇਰੇ ਸ਼ਹਿਰ ਦੀ ਮਜੀਠਾ ਮੰਡੀ ਖੇਤਰ ਦੇ ਕਰਿਆਨੇ ਅਤੇ ਡਰਾਈ ਫਰੂਟ ਦੇ ਵਪਾਰੀਆਂ ਨੇ ਆਪਣਾ ਮਾਲ ਸਟੋਰ ਕੀਤਾ ਹੋਇਆ ਸੀ।

ਮਾਲਕ ਨੇ ਦੱਸਿਆ ਕਿ ਕੋਲਡ ਸਟੋਰ ਦੀ ਰਾਖੀ ਲਈ ਚਾਰ ਚੌਕੀਦਾਰ ਤਾਇਨਾਤ ਕੀਤੇ ਹੋਏ ਹਨ। ਪਰ ਅੱਧੀ ਰਾਤ ਨੂੰ 30 ਤੋਂ ਵੱਧ ਵਿਅਕਤੀ ਦੋ ਟਰੱਕਾਂ ’ਤੇ ਆਏ ਅਤੇ ਸੁਰੱਖਿਆ ਗਾਰਡਾਂ ਨੂੰ ਬੰਧਕ ਬਣਾ ਲਿਆ। ਉਨ੍ਹਾਂ ਸਾਮਾਨ ਦੀਆਂ ਬੋਰੀਆਂ ਭਰ ਕੇ ਟਰੱਕਾਂ ਵਿੱਚ ਲੱਦੀਆਂ ਤੇ ਸਵੇਰੇ ਤੜਕੇ ਫ਼ਰਾਰ ਹੋ ਗਏ।