Punjab

ਟਵੀਟਾਂ ‘ਚ ਲਿਪਟਿਆ ਕਾਂਗਰਸ ਦਾ ਕਲੇਸ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨਾਲ ਆਪਣੇ ਸਿਸਵਾਂ ਹਾਊਸ ਵਿੱਚ ਮੁਲਾਕਾਤ ਕੀਤੀ। ਕੈਪਟਨ ਦੇ ਸਮਰਥਕ ਸਾਂਸਦਾਂ ਨੇ ਇਸ ਮੁਲਾਕਾਤ ਨੂੰ ਲੈ ਕੇ ਕਈ ਟਵੀਟ ਵੀ ਕੀਤੇ। ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਟਵੀਟ ਕਰਕੇ ਕਿਹਾ ਕਿ ਬਾਜਵਾ ਅਤੇ ਕੈਪਟਨ ਨੂੰ ਵੇਖ ਕੇ ਚੰਗਾ ਲੱਗਾ ਹੈ। ਦੋਵੇਂ ਮਿਲ ਕੇ ਅੱਗੇ ਲਈ ਚੰਗੀ ਟੀਮ ਬਣਾਉਣਗੇ। ਉਨ੍ਹਾਂ ਕਿਹਾ ਕਿ ਉਹ ਪ੍ਰਤਾਪ ਬਾਜਵਾ ਨੂੰ 1983 ਤੋਂ ਜਾਣਦੇ ਹਨ। ਇਸ ਨਾਲ ਉਨ੍ਹਾਂ ਨੇ ਕੈਪਟਨ ਅਤੇ ਬਾਜਵਾ ਦੀ ਮੀਟਿੰਗ ਦੀ ਇੱਕ ਤਸਵੀਰ ਵੀ ਸਾਂਝੀ ਕੀਤੀ। ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਔਜਲਾ ਨੇ ਵੀ ਟਵੀਟ ਕਰਕੇ ਬਾਜਵਾ ਦੀ ਵਕਾਲਤ ਕੀਤੀ।

ਇੱਕ ਸੀਨੀਅਰ ਪੱਤਰਕਾਰ ਵੀਰ ਸਾਂਘਵੀ ਨੇ ਟਵੀਟ ਕਰਕੇ ਕਿਹਾ ਕਿ ਜੇਕਰ ਪੋਸਟਾਂ ਜੱਟ ਸਿੱਖਾਂ ਨੂੰ ਹੀ ਦੇਣੀਆਂ ਸਨ ਤੇ ਨਵਜੋਤ ਸਿੱਧੂ ਨੂੰ ਹੀ ਪ੍ਰਧਾਨ  ਬਣਾਉਣਾ ਸੀ ਤਾਂ ਫਿਰ ਪ੍ਰਤਾਪ ਸਿੰਘ ਬਾਜਵਾ ਨੂੰ ਵੀ ਅੜਨਾ ਚਾਹੀਦਾ ਸੀ, ਜਿਨ੍ਹਾਂ ਨੂੰ ਕਿਸੇ ਵੇਲੇ ਰਾਹੁਲ ਗਾਂਧੀ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਸਨ।

ਇਸੇ ਟਵੀਟ ਨੂੰ ਰਵਨੀਤ ਬਿੱਟੂ ਨੇ ਰੀਟਵੀਟ ਕਰਕੇ ਉਨ੍ਹਾਂ ਦੇ ਟਵੀਟ ਨੂੰ ਸਹੀ ਠਹਿਰਾਇਆ। ਬਿੱਟੂ ਨੇ ਕਿਹਾ ਕਿ ‘It makes Sense’, ਭਾਵ ਇਸ ਗੱਲ ਦੀ ਸਮਝ ਪੈਂਦਾ ਹੈ। ਗੁਰਜੀਤ ਸਿੰਘ ਔਜਲਾ ਨੇ ਵੀ ਸਾਂਘਵੀ ਦੇ ਟਵੀਟ ਨੂੰ ਅੰਗਰੇਜ਼ੀ ਭਾਸ਼ਾ ਵਿੱਚ ਰਿਟਵੀਟ ਕਰਕੇ ਕਿਹਾ ਕਿ ‘How insightful’ ਭਾਵ ਕਿੰਨਾ ਸਮਝਦਾਰੀ ਦੇ ਨਾਲ ਇਹ ਟਵੀਟ ਕੀਤਾ ਗਿਆ ਹੈ।