ਬਿਉਰੋ ਰਿਪੋਰਟ : ਹਿਮਾਚਲ ਵਿੱਚ ਰਾਜਸਭਾ ਚੋਣਾਂ ਵਿੱਚ ਵੱਡਾ ਸਿਆਸੀ ਉਲਟ ਫੇਰ ਹੋ ਗਿਆ ਹੈ ਅਤੇ ਦੂਜੇ ਉਲਟਫੇਰ ਵਿੱਚ ਕਾਂਗਰਸ ਦੀ ਸੁੱਖੂ ਸਰਕਾਰ ਵੀ ਕਿਸੇ ਵੇਲੇ ਡਿੱਗ ਸਕਦੀ ਹੈ । ਬਹੁਮਤ ਹੋਣ ਦੇ ਬਾਵਜੂਦ ਕਾਂਗਰਸ ਦੇ ਰਾਜਸਭਾ ਉਮੀਦਵਾਰ ਅਭਿਸ਼ੇਕ ਮਨੂੰ ਸਿੰਘਵੀਂ ਹਾਰ ਗਏ ਹਨ ਜਦਕਿ ਬੀਜੇਪੀ ਦੇ ਉਮੀਦਵਾਰ ਹਰਸ਼ ਮਹਾਜਨ ਜਿੱਤ ਗਏ ਹਨ । ਕਾਂਗਰਸ ਦੇ 6 ਅਤੇ 3 ਅਜ਼ਾਦ ਵਿਧਾਇਕਾਂ ਨੇ ਬੀਜੇਪੀ ਦੇ ਉਮੀਦਵਾਰ ਹਰਸ਼ ਮਹਾਜਨ ਦੇ ਹੱਕ ਵਿੱਚ ਕ੍ਰਾਸ ਵੋਟਿੰਗ ਕੀਤੀ । ਵੋਟਿੰਗ ਤੋਂ ਬਾਅਦ ਇੰਨਾਂ 9 ਵਿਧਾਇਕਾਂ ਨੂੰ CRPF ਦੀ ਸੁਰੱਖਿਆ ਵਿੱਚ ਪੰਚਕੂਲਾ ਲਿਆਇਆ ਗਿਆ ਹੈ। ਹਿਮਾਚਲ ਵਿੱਚ ਕੁੱਲ 68 ਵਿਧਾਇਕ ਹਨ । ਬੀਜੇਪੀ ਅਤੇ ਕਾਂਗਰਸ ਦੇ ਉਮੀਦਵਰਾਂ ਨੂੰ 34-34 ਵੋਟ ਮਿਲੇ,ਫਿਰ ਲਾਟਰੀ ਦੇ ਜ਼ਰੀਏ ਬੀਜੇਪੀ ਦੇ ਉਮੀਦਵਰ ਨੂੰ ਜੇਤੂ ਐਲਾਨ ਕਰ ਦਿੱਤਾ ਗਿਆ । ਹਿਮਾਚਲ ਦਾ ਕੱਲ ਬਜਟ ਪੇਸ਼ ਹੋਣ ਵਾਲਾ ਹੈ,ਬੀਜੇਪੀ ਨੇ ਇਸ ਤੋਂ ਪਹਿਲਾਂ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਦਾ ਅਸਤੀਫਾ ਮੰਗ ਲਿਆ ਹੈ ।
ਬੀਜੇਪੀ ਨੇ ਦਾਅਵਾ ਕੀਤਾ ਹੈ ਕਿ ਜੇਕਰ ਸੁੱਖੂ ਆਪ ਅਸਤੀਫਾ ਨਹੀਂ ਦੇਣਗੇ ਤਾਂ ਉਹ ਰਾਜਪਾਲ ਨੂੰ ਮਿਲ ਕੇ ਸੁੱਖੂ ਸਰਕਾਰ ਦੇ ਖਿਲਾਫ ਬੇਭਰੋਸਗੀ ਮਤੇ ਦੀ ਮੰਗ ਕਰਨਗੇ । ਜੇਕਰ ਰਾਜਪਾਲ ਮੁੱਖ ਮੰਤਰੀ ਸੁੱਖੂ ਨੂੰ ਬੇਭਰੋਸਗੀ ਮਤਾ ਪੇਸ਼ ਕਰਨ ਦੇ ਹੁਕਮ ਦਿੰਦੇ ਹਨ ਤਾਂ ਇੱਕ ਸਾਲ ਪੁਰਾਣੀ ਹਿਮਾਚਲ ਵਿੱਚ ਕਾਂਗਰਸ ਦੀ ਸਰਕਾਰ ਡਿੱਗ ਸਕਦੀ ਹੈ । ਬਹੁਮਤ ਦੇ ਲਈ 35 ਵੋਟਾਂ ਦੀ ਜ਼ਰੂਰਤ ਹੁੰਦੀ ਹੈ,ਕਾਂਗਰਸ ਕੋਲ 34 ਵੋਟ ਹਨ। ਜੇਕਰ ਰਾਜਪਾਲ ਬਹੁਮਤ ਵੇਲੇ ਸੀਕਰੇਟ ਵੋਟਿੰਗ ਦੇ ਹੁਕਮ ਦਿੰਦਾ ਹੈ ਤਾਂ ਸੁੱਖੂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ । ਇਸ ਵੋਟਿੰਗ ਵਿੱਚ ਸਪੀਕਰ ਦਾ ਵੱਡਾ ਰੋਲ ਹੋਵੇਗਾ । ਮੁੱਖ ਮੰਤਰੀ ਸੁੱਖੂ ਦਾ ਇਲਜ਼ਾਮ ਹੈ ਕਿ ਬੀਜੇਪੀ ਨੇ ਸਾਡੇ ਵਿਧਾਇਕਾਂ ਨੂੰ ਡਰਾ ਕੇ ਆਪਣੇ ਵੱਲ ਕੀਤਾ ਹੈ ।
ਕਾਂਗਰਸ ਦੇ ਜਿੰਨਾਂ ਵਿਧਾਇਕਾਂ ਕਰਾਸ ਵੋਟਿੰਗ ਕੀਤੀ ਹੈ ਉਨ੍ਹਾਂ ਦਾ ਨਾਂ ਹੈ ਸੁਜਾਨਪੁਰ ਤੋਂ ਰਾਜੇਂਦਰ ਰਾਣਾ,ਧਮਰਸ਼ਾਲਾ ਤੋਂ ਸੁਧੀਰ ਸ਼ਰਮਾ,ਕੁਟਲੈਹੜੀ ਤੋਂ ਦੇਵੇਂਦਰ ਭੁੱਟੋ,ਬੜਸਰ ਤੋਂ ਆਈਡੀ ਲਖਨਪਾਲ,ਲਾਹੌਲ ਸਪੀਤੀ ਤੋਂ ਰਵੀ ਠਾਕੁਰ,ਗਗਰੇਟ ਤੋਂ ਚੈਤਨਿਆ ਸ਼ਰਮਾ । ਇਹ ਸਾਰੇ ਵਿਧਾਇਕ ਵੋਟਿੰਗ ਤੋਂ ਪਹਿਲਾਂ ਇੱਕ ਹੀ ਗੱਡੀ ਵਿੱਚ ਬੈਠ ਕੇ ਵਿਧਾਨਸਭਾ ਪਹੁੰਚੇ ਸਨ । ਵਿਧਾਨਸਭਾ ਦੇ ਬਾਹਰ ਗੱਡੀ ਤੋਂ ਉਤਰ ਦੇ ਹੀ ਬੀਜੇਪੀ ਦੇ ਵਿਧਾਇਕ ਬਿਕਰਮ ਠਾਕੁਰ ਅਤੇ ਰਾਕੇਸ਼ ਜਮਵਾਲ ਦੇ ਨਾਲ ਮਿਲੇ ।