‘ਦ ਖ਼ਾਲਸ ਬਿਊਰੋ : ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੀਆਂ ਅਨਾਜ ਮੰਡੀਆਂ ਵਿੱਚ ਹੋਏ ਲੇਬਰ ਟਰਾਂਸਪੋਰਟੇਸ਼ਨ ਟੈਂਡਰ ਘੁਟਾਲੇ ਵਿੱਚ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਦਾ ਨਾਂ ਵੀ ਆ ਰਿਹਾ ਹੈ। ਮਾਮਲੇ ਵਿੱਚ ਆਸ਼ੂ ਨੂੰ ਨਾਮਜ਼ਦ ਕੀਤੇ ਜਾਣ ਦੀ ਚਰਚਾ ਪਿਛਲੇ 2 ਦਿਨਾਂ ਤੋਂ ਚੱਲ ਰਹੀ ਹੈ, ਜਦਕਿ ਕਿਸੇ ਵੀ ਵਿਜੀਲੈਂਸ ਅਧਿਕਾਰੀ ਨੇ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ।ਇਸ ਦੇ ਨਾਲ ਹੀ ਸੂਬਾ ਕਾਂਗਰਸ ਸਾਬਕਾ ਮੰਤਰੀ ਦੇ ਸਮਰਥਨ ਵਿੱਚ ਆ ਗਈ ਹੈ। ਪੰਜਾਬ ਪ੍ਰਦੇਸ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਹਨ। ਆਸ਼ੂ ਵੀ ਸਾਡੇ ਨਾਲ ਹੋਵੇਗਾ। ਜਿਨ੍ਹਾਂ-ਜਿਨ੍ਹਾਂ ਆਗੂਆਂ ਦੀ ਵਿਜੀਲੈਂਸ ਨੂੰ ਲੋੜ ਹੈ, ਉਨ੍ਹਾਂ ਨੂੰ ਹੱਥਕੜੀਆਂ ਲਗਾ ਲੈਣ।
ਚੰਡੀਗੜ੍ਹ ‘ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਵਿਜੀਲੈਂਸ ਆਮ ਆਦਮੀ ਪਾਰਟੀ ਦੇ ਇਸ਼ਾਰੇ ‘ਤੇ ਕੰਮ ਨਾ ਕਰੇ। ਆਸ਼ੂ ਭੱਜਣ ਵਾਲਿਆਂ ਵਿੱਚੋਂ ਨਹੀਂ ਹੈ ਅਤੇ ਨਾ ਹੀ ਕੋਈ ਕਾਂਗਰਸ ਦਾ ਕੋਈ ਮੰਤਰੀ ਜਾਂ ਵਿਧਾਇਕ ਕਿਸੇ ਘੁਟਾਲੇ ਵਿੱਚ ਸ਼ਾਮਲ ਹੈ।ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਵਾਹਨਾਂ ਦੀ ਗਿਣਤੀ ਦੀ ਜਾਂਚ ਕਰਨਾ ਮੰਤਰੀ ਦਾ ਕੰਮ ਨਹੀਂ ਹੈ।
ਜਿਨ੍ਹਾਂ ਨੇ ਗੇਟ ਪਾਸ ਦਿੱਤੇ ਹਨ, ਉਨ੍ਹਾਂ ਤੋਂ ਵਿਜੀਲੈਂਸ ਪੁੱਛਗਿੱਛ ਕਰ ਸਕਦੀ ਹੈ। ਜੇਕਰ ਅੰਕੜਿਆਂ ਵਿੱਚ ਕੋਈ ਉਲਟਫੇਰ ਹੋਇਆ ਹੈ, ਤਾਂ ਮੈਨੂੰ ਨਹੀਂ ਲੱਗਦਾ ਕਿ ਇਸ ਨਾਲ ਸਰਕਾਰ ਦੇ ਮਾਲੀਏ ਨੂੰ ਕੋਈ ਨੁਕਸਾਨ ਹੋਇਆ ਹੈ। ਰਾਜਾ ਵੜਿੰਗ ਨੇ ਵਿਜੀਲੈਂਸ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸੋਮਵਾਰ ਨੂੰ ਸਵੇਰੇ 11 ਵਜੇ ਤਿਆਰ ਰਹਿਣ। ਬੱਸਾਂ ਆਦਿ ਦਾ ਪ੍ਰਬੰਧ ਕਰਕੇ ਰੱਖਣ। ਪੰਜਾਬ ਭਰ ਤੋਂ ਕਾਂਗਰਸੀ ਆਗੂ ਵਿਜੀਲੈਂਸ ਦਫ਼ਤਰ ਪਹੁੰਚ ਰਹੇ ਹਨ। ਸਰਕਾਰ ਬਦਲੇ ਦੀ ਭਾਵਨਾ ਤੋਂ ਗੁਰੇਜ਼ ਕਰੇ। ਕਾਂਗਰਸੀਆਂ ਨੇ ਆਪਣੇ ਮਨ ਵਿੱਚ ਧਾਰ ਲਿਆ ਹੈ ਕਿ ਜੇ ਉਨ੍ਹਾਂ ਨੂੰ ਝੂਠੇ ਕੇਸ ਵਿੱਚ ਫਸਾ ਦਿੱਤਾ ਜਾਵੇਗਾ ਤਾਂ ਵੀ ਕੋਈ ਗੱਲ ਨਹੀਂ। ਜਿਸ ਤਰ੍ਹਾਂ ਸਰਕਾਰ ਚੱਲ ਰਹੀ ਹੈ, ਉਸੇ ਤਰ੍ਹਾਂ ਕਾਂਗਰਸ ਦੀ ਸਰਕਾਰ ਬਣਨ ‘ਤੇ ਮੁੜ ਜਵਾਬ ਦੇਵਾਂਗੇ।