India Punjab

ਸਰਕਾਰ ਨਾਲ ਗੱਲਬਾਤ ਲਈ ਛੋਟੀ ਕਮੇਟੀ ਬਣਾਉਣ ‘ਤੇ ਕਿਸਾਨ ਲੀਡਰਾਂ ਦੇ ਭੰਬਲਭੂਸੇ ਵਾਲੇ ਬਿਆਨ

  • ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨਾਲ ਗੱਲਬਾਤ ਲਈ ਛੋਟੀ ਕਮੇਟੀ ਬਣਾਉਣ ਦੀਆਂ ਖਬਰਾਂ ਨੂੰ ਦੱਸਿਆ ਗਲਤ
  • ਮੀਡਿਆ ਨਾਲ ਗਲਬਾਤ ਦੌਰਾਨ ਕਿਸਾਨ ਲੀਡਰ ਰੁਲਦੂ ਸਿੰਘ ਤੇ ਸੁਰਜੀਤ ਸਿੰਘ ਫੂਲ ਨੇ ਕੀਤਾ ਛੋਟੀ ਕਮੇਟੀ ਬਣਾਉਣ ਦਾ ਜ਼ਿਕਰ

‘ਦ ਖ਼ਾਲਸ ਬਿਊਰੋ (ਜਗਜੀਵਨ ਮੀਤ):- ਸੰਯੁਕਤ ਕਿਸਾਨ ਮੋਰਚਾ ਨੇ ਸਰਕਾਰ ਨਾਲ ਗੱਲਬਾਤ ਲਈ 9 ਮੈਂਬਰੀ ਕਮੇਟੀ ਬਣਾਏ ਜਾਣ ਦੀਆਂ ਖ਼ਬਰਾਂ ਨੂੰ ਗਲਤ ਕਰਾਰ ਦਿੱਤਾ ਹੈ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਅਜਿਹੀ ਕੋਈ ਕਮੇਟੀ ਨਹੀਂ ਬਣਾਈ ਗਈ ਹੈ। ਹਾਲਾਂਕਿ ਖੇਤੀ ਕਾਨੂੰਨਾਂ ‘ਤੇ ਕੇਂਦਰ ਸਰਕਾਰ ਨਾਲ ਗੱਲਬਾਤ ਲਈ ਛੋਟੀ ਕਮੇਟੀ ਦਾ ਮੀਡਿਆ ਨਾਲ ਜ਼ਿਕਰ ਕਰਦਿਆਂ ਕਿਸਾਨ ਲੀਡਰ ਰੁਲਦੂ ਸਿੰਘ ਤੇ ਸੁਰਜੀਤ ਸਿੰਘ ਫੂਲ ਨੇ ਕਿਹਾ ਕਿ ਸੀ ਛੋਟੀ ਕਮੇਟੀ ਬਣਾਉਣ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ। ਇਹ ਕਮੇਟੀ ਸਰਕਾਰ ਨਾਲ ਮੀਟਿੰਗ ਵਿੱਚ ਕੋਈ ਫੈਸਲਾ ਨਹੀਂ ਲਵੇਗੀ, ਜੇਕਰ ਸਰਕਾਰ ਕੋਈ ਪ੍ਰੋਵੋਜਲ ਰਖਦੀ ਹੈ ਤਾਂ ਮੀਟਿੰਗ ਚ ਫੈਸਲਾ ਕੀਤਾ ਜਾਵੇਗੀ ਕਿ ਉਸ ਪ੍ਰੋਪੋਜਲ ਤੇ ਕੀ ਫੈਸਲਾ ਹੋਵੇਗਾ। ਕਿਸਾਨ ਲੀਡਰਾਂ ਦੇ ਇਨ੍ਹਾਂ ਲੀਡਰਾਂ ਦੇ ਵੱਖੋ-ਵੱਖਰੇ ਬਿਆਨਾਂ ਨਾਲ ਇਕ ਵਾਰ ਫਿਰ ਭੰਬਲਭੂਸੇ ਦੀ ਸਥਿਤੀ ਪੈਦਾ ਹੋ ਗਈ ਹੈ।


ਇਕ ਪ੍ਰੈਸ ਬਿਆਨ ਰਾਹੀਂ ਸੰਯੁਕਤ ਕਿਸਾਨ ਮੋਰਚੇ ਦੇ ਲੀਡਰਾਂ ਨੇ ਦੱਸਿਆ ਕਿ ਮੋਰਚੇ ਦਾ ਇੱਕ ਵਫ਼ਦ ਪੱਛਮੀ ਬੰਗਾਲ ਅਤੇ ਅਸਾਮ ਜਾ ਕੇ ਉਥੇ ਵੋਟਰਾਂ ਨੂੰ ਕਿਸਾਨ ਵਿਰੋਧੀ ਨੀਤੀਆਂ ਕਾਰਨ ਭਾਜਪਾ ਨੂੰ ਵੋਟ ਨਾ ਦੇਣ ਦੀ ਅਪੀਲ ਕਰੇਗਾ। ਤਿੰਨ ਦਿਨਾਂ ਦਾ ਇਹ ਪ੍ਰੋਗਰਾਮ 12 ਮਾਰਚ ਤੋਂ ਸ਼ੁਰੂ ਕੀਤਾ ਜਾਵੇਗਾ।
ਜਾਣਕਾਰੀ ਦਿੰਦਿਆਂ ਕਿਸਾਨ ਲੀਡਰਾਂ ਨੇ ਦੱਸਿਆ ਕਿ ਕਿਸਾਨ-ਅੰਦੋਲਨ ‘ਚ ਹੁਣ ਤੱਕ ਆਪਣੀਆਂ ਸ਼ਹਾਦਤਾਂ ਦੇਣ ਵਾਲੇ ਕਿਸਾਨਾਂ ਦੀ ਗਿਣਤੀ 280 ਹੋ ਗਈ ਹੈ। ਅੱਜ ਹਰਿਆਣੇ ਦੇ ਜੀਂਦ ਜ਼ਿਲ੍ਹੇ ਦੇ 50 ਸਾਲਾ ਕਿਸਾਨ ਰਾਧੇਸ਼ਿਆਮ ਦੀ ਟਿਕਰੀ- ਕਿਸਾਨ ਮੋਰਚੇ ‘ਤੇ ਮੌਤ ਹੋ ਗਈ।
ਉੱਤਰ ਪ੍ਰਦੇਸ਼ ਦੇ ਬਿਜ਼ਨੌਰ ਤੋਂ ਬਾਅਦ, ਕਿਸਾਨ ਮਜ਼ਦੂਰ ਚੇਤਨਾ ਮੁਹਿੰਮ ਕੱਲ੍ਹ ਉਤਰਾਖੰਡ ਦੇ ਜਸਪੁਰ ਵਿੱਚ ਦਾਖ਼ਲ ਹੋਈ। ਇਸ ਯਾਤਰਾ ਤਹਿਤ ਕਿਸਾਨ ਲੀਡਰਾਂ ਨੇ 300 ਕਿਲੋਮੀਟਰ ਤੋਂ ਵੱਧ ਦੀ ਦੂਰੀ ਤੱਕ ਪ੍ਰਚਾਰ ਕੀਤਾ ਹੈ ਅਤੇ ਹੁਣ ਤੱਕ 200 ਤੋਂ ਵੱਧ ਪਿੰਡਾਂ ਅਤੇ ਕਸਬਿਆਂ ਨੂੰ ਨਾਲ ਜੋੜਿਆ ਹੈ। ਅੱਜ ਇਹ ਕਾਫ਼ਲਾ ਦਿਨੇਸ਼ਪੁਰ ਪਹੁੰਚ ਜਾਵੇਗਾ।
ਸੰਯੁਕਤ ਕਿਸਾਨ ਮੋਰਚਾ ਨੌਦੀਪ ਕੌਰ ਅਤੇ ਉਸਦੇ ਸਾਥੀਆਂ ਤੇ ਏਬੀਵੀਪੀ ਵੱਲੋਂ ਕੀਤੇ ਹਮਲੇ ਦੀ ਵੀ ਸਖ਼ਤ ਨਿਖੇਧੀ ਕੀਤੀ ਗਈ ਹੈ। ਕੱਲ੍ਹ ਕੌਮਾਂਤਰੀ ਔਰਤ ਦਿਵਸ ਮੌਕੇ ਦਿੱਲੀ ਯੂਨੀਵਰਸਿਟੀ ਵਿਖੇ ਇੱਕ ਸਮਾਗਮ ਦੌਰਾਨ ਕੱਲ ਨੌਦੀਪ ਕੌਰ ਅਤੇ ਸਾਥੀਆਂ ‘ਤੇ ਹਮਲਾ ਕੀਤਾ ਗਿਆ ਸੀ।