Punjab Religion

ਜਥੇਦਾਰ ਤੇ ਸੀਐਮ ਵਿਚਾਲੇ Twitter War ! ਆਹਮੋ-ਸਾਹਮਣੇ ਹੋਈਆਂ ਰਾਜਨੀਤੀ ਤੇ ਧਾਰਮਿਕ ਸਰਗਰਮੀਆਂ

Conflict between Jathedar And CM Mann

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ 27 ਮਾਰਚ ਨੂੰ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਇੱਕ ਇਕੱਕਤਰਤਾ ਕੀਤੀ ਗਈ ਸੀ, ਜਿਸ ਦੇ ਸਬੰਧ ਵਿੱਚ ਉਨ੍ਹਾਂ ਨੇ ਇੱਕ ਟਵੀਟ ਕਰਕੇ ਜਾਣਕਾਰੀ ਸਾਂਝੀ ਕੀਤੀ ਸੀ। ਜਥੇਦਾਰ ਨੇ ਇਸ ਟਵੀਟ ਵਿੱਚ ਪੰਜਾਬ ਸਰਕਾਰ ਨੂੰ ਬੇਕਸੂਰ ਨੌਜਵਾਨਾਂ ਨੂੰ ਪੁਲਿਸ ਹਿਰਾਸਤ ਵਿੱਚੋਂ ਛੱਡਣ ਲ਼ਈ 24 ਘੰਟੇ ਦਾ ਸਮਾਂ ਦਿੱਤਾ ਸੀ। ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਟਵੀਟ ਨੂੰ ਹੁਣ ਟਵਿੱਟਰ ਵਲੋਂ ਹਟਾ ਦਿੱਤਾ ਗਿਆ ਹੈ। ਇਸ ਟਵੀਟ ਵਿੱਚ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਪ੍ਰਧਾਨ ਅੰਮ੍ਰਿਤਪਾਲ ਸਿੰਘ ਦੇ ਖ਼ਿਲਾਫ਼ ਚੱਲ ਰਹੀ ਪੁਲਿਸ ਕਾਰਵਾਈ ਵਿਰੁੱਧ ਭਵਿੱਖੀ ਵਿਉਂਤਬੰਦੀ ਦੀ ਗੱਲ ਕੀਤੀ ਗਈ ਸੀ।

ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇੱਕ ਟਵੀਟ ਨੂੰ ਹਟਾਏ ਜਾਣ ਦਾ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਅਕਾਊਂਟ ਬਿਨ੍ਹਾਂ ਕਿਸੇ ਨੋਟਿਸ ਦੇ ਬੰਦ ਕਰ ਦਿੱਤਾ ਗਿਆ ਹੈ। ਇਹ ਇਨਸਾਫ਼ ਦੇ ਅਧਿਕਾਰ ਦਾ ਘਾਣ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮਹਿਜ ਕਹਾਣੀ ਘੜੀ ਜਾ ਰਹੀ ਹੈ ਕਿ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਹੈ ਪਰ ਉਥੇ ਲੋਕ ਸ਼ਾਂਤੀ ਨਾਲ ਹੀ ਰਹਿ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ ਹੈ। ਸੁਖਬੀਰ ਬਾਦਲ ਨੇ ਦੋ ਟਵੀਟ ਕਰਕੇ ਪੰਜਾਬ ਸਰਕਾਰ ਨੂੰ ਝਾੜ ਪਾਉਂਦਿਆਂ ਕਿਹਾ ਕਿ ਹੁਣ ਤਾਂ ਸਰਕਾਰਾਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਜਾਰੀ ਸ਼ਬਦ ਵੀ ਬੈਨ ਕਰਨ ਤੱਕ ਉਤਰ ਆਈਆਂ ਹਨ। ਮੇਰੀ ਮੁੱਖ ਮੰਤਰੀ ਮਾਨ ਨੂੰ ਚੇਤਵਾਨੀ ਹੈ ਕਿ ਗੁਰੂ ਘਰ ਨਾਲ ਮੱਥਾ ਨਾ ਲਾਓ। ਛੇਵੇਂ ਪਾਤਸ਼ਾਹ ਵੱਲੋਂ ਸਿਰਜੇ ਮੀਰੀ ਪੀਰੀ ਦੇ ਸਰਵਉੱਚ ਅਸਥਾਨ ਉੱਤੇ ਹਮਲੇ ਬੰਦ ਕਰੋ ਨਹੀ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਨਾਲ ਮੱਥਾ ਲਾਉਣ ਵਾਲਿਆਂ ਦਾ ਹਸ਼ਰ ਯਾਦ ਰੱਖਣਾ।

ਇੱਕ ਹੋਰ ਟਵੀਟ ਕਰਕੇ ਬਾਦਲ ਨੇ ਕਿਹਾ ਕਿ ਛੇਵੇਂ ਪਾਤਸ਼ਾਹ ਵੱਲੋਂ ਸਿਰਜੇ ਸਰਵਉੱਚ ਸ੍ਰੀ ਅਕਾਲ ਤਖਤ ਸਾਹਿਬ ਖਾਲਸਾ ਪੰਥ ਦੇ ਨਾਮ ਸੰਦੇਸ਼ ਕੀ ਹੁਣ ਸਰਕਾਰਾਂ ਤੋਂ ਮਨਜੂਰ ਕਰਵਾ ਕੇ ਦਿਆ ਕਰਨ? ਇਹ ਤਾਂ ਮੁਗਲ ਵੀ ਨਾ ਕਰਵਾ ਸਕੇ। ਜਥੇਦਾਰ ਸਾਹਿਬ ਦੇ ਸਰਕਾਰ ਵੱਲੋਂ ਬਲਾਕ ਕੀਤੇ ਟਵੀਟ (ਪੋਸਟਰ) ਨੂੰ ਕੌਮ ਨਾਲ ਸਾਂਝਾ ਕਰਨ ਵਿੱਚ ਮੈਂ ਫ਼ਖ਼ਰ ਮਹਿਸੂਸ ਕਰਦਾ ਹਾਂ। ਸਰਕਾਰ ਨੇ ਜੋ ਕਰਨਾ ਕਰ ਲਵੇ।

ਪੰਜਾਬੀ ਗਾਇਕ ਬੱਬੂਮਾਨ ਦੇ ਟਵਿੱਟਰ ਹੈਂਡਲ ਉੱਤੇ ਵੀ ਅੱਜ ਰੋਕ ਲਾ ਦਿੱਤੀ ਗਈ ਹੈ। ਭਾਵੇਂ ਕਿ ਇਹ ਸਪੱਸ਼ਟ ਨਹੀਂ ਹੈ ਕਿ ਉਨ੍ਹਾਂ ਦੇ ਕਿਹੜੇ ਟਵੀਟ ਕਾਰਨ ਟਵਿੱਟਰ ਵਲੋਂ ਇਹ ਕਾਰਵਾਈ ਕੀਤੀ ਗਈ ਹੈ।

ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਤੋਂ ਬਾਅਦ ਪੰਜਾਬ ਨਾਲ ਸਬੰਧਤ ਬਹੁਤ ਸਾਰੇ ਪੱਤਰਕਾਰਾਂ, ਲੇਖਕਾਂ, ਟਿੱਪਣੀਕਾਰਾਂ, ਸਮਾਜਿਕ ਤੇ ਸਿਆਸੀ ਕਾਰਕੁਨਾਂ ਦੇ ਟਵਿੱਟਰ ਅਕਾਊਂਟਸ ਉੱਤੇ ਭਾਰਤ ਵਿੱਚ ਰੋਕ ਲਗਾਈ ਜਾਣ ਲੱਗੀ ਹੈ। ਬੀਬੀਸੀ ਨਿਊਜ਼ ਪੰਜਾਬੀ ਦਾ ਟਵਿੱਟਰ ਅਕਾਊਂਟ ਵੀ ਮੰਗਲਵਾਰ ਨੂੰ ਕੁਝ ਸਮੇਂ ਲਈ ਵਿਦਹੈੱਡਲ ਕਰ ਦਿੱਤਾ ਗਿਆ ਸੀ, ਜਿਸ ਨੂੰ ਬਾਅਦ ਵਿੱਚ ਬਹਾਲ ਕਰ ਦਿੱਤਾ ਗਿਆ ਸੀ।

ਦਰਅਸਲ, ਸੋਮਵਾਰ ਨੂੰ ਪੰਥਕ ਇਕੱਤਰਤਾ ਦੌਰਾਨ ਜਥੇਦਾਰ ਸ਼੍ਰੀ ਅਕਾਲ ਤਖਤ ਵੱਲੋਂ ਸਿੱਖਾਂ ਦੀ ਰਿਹਾਈ ਦੇ ਲਈ ਸਰਕਾਰ ਨੂੰ 24 ਘੰਟੇ ਦਾ ਅਲਟੀਮੇਟਮ ਖਤਮ ਹੋਣ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਅਤੇ ਜਥੇਦਾਰ ਵਿਚਾਲੇ ਸਿੱਧਾ ਟਕਰਾਅ ਹੋ ਗਿਆ ਹੈ। ਜਵਾਬ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ‘ਤੇ ਤਿੱਖੇ ਸਵਾਲ ਚੁੱਕੇ ਤਾਂ ਜਥੇਦਾਰ ਸਾਹਿਬ ਨੇ ਜਵਾਬ ਦੇਣ ਵਿੱਚ ਜ਼ਿਆਦਾ ਦੇਰ ਨਹੀਂ ਕੀਤੀ।

ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ‘ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਜੀ, ਸਭ ਨੂੰ ਪਤਾ ਹੈ ਕਿ ਤੁਸੀਂ ਤੇ SGPC ਬਾਦਲਾਂ ਦਾ ਪੱਖ ਪੂਰਦੇ ਰਹੇ ਹੋ, ਇਤਿਹਾਸ ਦੇਖੋ, ਕਈ ਜਥੇਦਾਰਾਂ ਨੂੰ ਬਾਦਲਾਂ ਨੇ ਆਪਣੇ ਸੁਆਰਥ ਲਈ ਵਰਤਿਆ। ਚੰਗਾ ਹੁੰਦਾ ਜੇ ਤੁਸੀਂ ਅਲਟੀਮੇਟਮ ਬੇਅਦਬੀ ਅਤੇ ਗਾਇਬ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪਾਂ ਲਈ ਜਾਰੀ ਕਰਦੇ ਨਾ ਕਿ ਹੱਸਦੇ-ਵੱਸਦੇ ਲੋਕਾਂ ਨੂੰ ਭੜਕਾਉਣ ਲਈ’।

ਇਸ ਦਾ ਜਵਾਬ ਵੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਉਸੇ ਅੰਦਾਜ਼ ਵਿੱਚ ਦਿੱਤਾ। ਜਥੇਦਾਰ ਹਰਪ੍ਰੀਤ ਸਿੰਘ ਨੇ ਕਿਹਾ ਭਗਵੰਤ ਮਾਨ ਜੀ ਜਿਵੇਂ ਤੁਸੀਂ ਪੰਜਾਬ ਦੀ ਨੁਮਾਇੰਦਗੀ ਕਰਦੇ ਹੋ, ਉਸੇ ਤਰ੍ਹਾਂ ਮੈਂ ਵੀ ਆਪਣੀ ਕੌਮ ਦਾ ਨਿਮਾਣਾ ਜਿਹਾ ਨੁਮਾਇੰਦਾ ਹਾਂ, ਮੈਨੂੰ ਵੀ ਆਪਣੀ ਕੌਮ ਦੇ ਨਿਰਦੋਸ਼ ਨੌਜਵਾਨਾਂ ਦੇ ਹੱਕਾਂ ਦੀ ਗੱਲ ਕਰਨ ਦਾ ਅਧਿਕਾਰ ਹੈ ਤੇ ਮੇਰਾ ਫਰਜ ਵੀ ਹੈ। ਤੁਸੀਂ ਠੀਕ ਕਿਹਾ ਹੈ ਕਿ ਅਕਸਰ ਹੀ ਭੋਲੇ ਭਾਲੇ ਧਾਰਮਿਕ ਲੋਕਾਂ ਨੂੰ ਰਾਜਨੀਤਿਕ ਲੋਕ ਵਰਤ ਜਾਂਦੇ ਹਨ ਪਰ ਮੈਂ ਇਸ ਪੱਖੋਂ ਪੂਰੀ ਤਰ੍ਹਾਂ ਨਾਲ ਸੁਚੇਤ ਹਾਂ, ਪੁਰ ਤੁਸੀਂ ਧਿਆਨ ਰੱਖੋ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਪੰਜਾਬ ਨੂੰ ਤੰਦੂਰ ਵਾਂਗ ਮਘਦਾ ਰੱਖਣ ਲਈ ਆਪ ਜੀ ਵਰਗੇ ਰਾਜਨੀਤਕ ਲੋਕਾਂ ਨੂੰ ਰਾਜਨੀਤਿਕ ਲੋਕ ਨਾ ਵਰਤ ਜਾਣ । ਰਾਜਨੀਤੀ ਲਈ ਸੰਵਾਦ ਬਾਅਦ ਵਿੱਚ ਕਰਾਂਗੇ। ਪਹਿਲਾਂ ਆਓ ਰਲ ਕੇ ਪੰਜਾਬ ਬਚਾਈਏ ਤੇ ਘਰ ਉਡੀਕ ਰਹੀਆਂ ਮਾਵਾਂ ਨੂੰ ਉਨ੍ਹਾਂ ਦੇ ਜੇਲਾਂ ਵਿੱਚ ਡੱਕੇ ਨਿਰਦੋਸ਼ ਪੁੱਤਰਾਂ ਨਾਲ ਮਿਲਾਈਏ ਤੇ ਅਸੀਸ ਲਈਏ,ਵਾਹਿਗੁਰੂ ਭਲੀ ਕਰੇ।

SGPC ਦਾ ਜਵਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕੱਲ੍ਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਦਿੱਤੇ ਜਵਾਬ ਲਈ ਸਮੁੱਚੀ ਸਿੱਖ ਕੌਮ ਤੋਂ ਮੁਆਫ਼ੀ ਮੰਗਣ ਲਈ ਕਿਹਾ ਹੈ। ਇਸਦੇ ਨਾਲ ਹੀ ਧਾਮੀ ਨੇ ਜਥੇਦਾਰ ਦੇ ਟਵੀਟ ਨੂੰ ਡਿਲੀਟ ਕਰਨ ਦੀ ਵੀ ਸਖ਼ਤ ਨਿੰਦਾ ਕੀਤੀ ਹੈ।

ਧਾਮੀ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੀ ਮਰਿਆਦਾ ਵਿੱਚ ਰਹਿਣ। ਕੱਲ੍ਹ ਮੁੱਖ ਮੰਤਰੀ ਮਾਨ ਨੇ ਜਿਵੇਂ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਨੂੰ ਤੰਜ ਭਰਿਆ ਟਵੀਟ ਕਰਕੇ ਜਵਾਬ ਦਿੱਤਾ ਹੈ, ਉਹ ਮਰਿਆਦਾ ਦੀ ਬਹੁਤ ਵੱਡੀ ਉਲੰਘਣਾ ਕੀਤੀ ਗਈ ਹੈ ਕਿਉਂਕਿ ਆਮ ਤਖ਼ਤ ਪੰਜ ਸਾਲ ਬਾਅਦ ਬਦਲ ਜਾਂਦੇ ਹਨ ਪਰ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਰਚਨਾ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਕੀਤੀ ਹੈ। ਇਹ ਉਹ ਤਖ਼ਤ ਹੈ ਜਿੱਥੇ ਕੌਮ ਦੇ ਮਸਲੇ ਵਿਚਾਰੇ ਜਾਂਦੇ ਹਨ। ਜਥੇਦਾਰ ਨੇ ਆਪਣੇ ਟਵਿੱਟਰ ਦੇ ਜ਼ਰੀਏ ਕੌਮ ਦੇ ਨਾਂ ਜੋ ਸੱਦੇ ਪੱਤਰ ਭੇਜੇ ਸਨ, ਉਨ੍ਹਾਂ ਨੂੰ ਵੀ ਡਿਲੀਟ ਕੀਤਾ ਗਿਆ। ਮੁੱਖ ਮੰਤਰੀ ਮਾਨ ਨੂੰ ਲੱਗਦਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਉਨ੍ਹਾਂ ਅੱਗੇ ਝੁਕ ਜਾਵੇਗਾ ਪਰ ਇਹ ਦੁਨਿਆਵੀ ਤਖ਼ਤ ਨਹੀਂ ਹੈ।