‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੇ ਆਰਥਿਕ ਹਾਲਾਤਾਂ ਨੂੰ ਲੈ ਕੇ ਵੱਡਾ ਦਾਅਵਾ ਕਰਦਿਆਂ ਕਿਹਾ ਕਿ ਜੇਕਰ ਪੰਜਾਬ ਦੇ ਸਿਰ ਚੜ੍ਹਿਆ ਕਰਜ਼ਾ ਨਾ ਲਾਹਿਆ ਗਿਆ ਤਾਂ ਸੂਬੇ ਵਿੱਚ ਸਿਵਲ ਵਾਰ ਵਰਗੇ ਹਾਲਾਤ ਪੈਦਾ ਹੋ ਸਕਦੇ ਹਨ। ਸਿੱਧੂ ਨੇ ਕੱਲ੍ਹ ਪ੍ਰੈਸ ਕਾਨਫਰੰਸ ਕਰਦਿਆਂ ਇਹ ਬਿਆਨ ਦਿੱਤਾ ਸੀ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਆਮਦਨੀ ਦੇ ਸਰੋਤ ਖਤਮ ਹੋ ਰਹੇ ਹਨ ਅਤੇ ਅਸੀਂ ਕਰਜ਼ਾ ਲੈ ਕੇ ਕਰਜ਼ਾ ਮੋੜ ਰਹੇ ਹਾਂ, ਜੇ ਇਹੀ ਸਥਿਤੀ ਰਹੀ ਤਾਂ ਪੰਜਾਬ ਰਹਿਣ ਲਾਇਕ ਨਹੀਂ ਰਹੇਗਾ।
ਸਿੱਧੂ ਨੇ ਕਿਹਾ ਕਿ 24 ਫੀਸਦੀ ਸੂਬੇ ਦੀ ਕੁੱਲ ਇਨਕਮ ਵਿਆਜ਼ ਵਿੱਚ ਜਾ ਰਹੀ ਹੈ। ਅਸੀਂ ਕਰਜ਼ਾ ਲੈ ਕੇ ਕਰਜ਼ਾ ਖ਼ਤਮ ਕਰ ਰਹੇ ਹਾਂ। ਸਿੱਧੂ ਨੇ ਕਿਹਾ ਕਿ ਸੂਬੇ ਦੇ ਨਿੱਜੀ ਸਰੋਤਾਂ ਦਾ ਲਾਭ ਕਿਸੇ ਨਿੱਜੀ ਜੇਬ੍ਹਾਂ ‘ਚ ਜਾ ਰਿਹਾ ਹੈ ਤੇ ਕਰਜ਼ਾ ਲੈ ਕੇ ਕਰਜ਼ਾ ਮੋੜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ, “ਇਹ ਬੜੇ ਖ਼ਤਰਨਾਕ ਹਾਲਾਤ ਹਨ, ਇਸ ‘ਤੇ ਠੱਲ੍ਹ ਨਾ ਪਾਈ ਗਈ ਤਾਂ ਪੰਜਾਬ ਸਿਵਲ ਵਾਰ ਵੱਲ ਵੱਧ ਜਾਵੇਗਾ। ਇਹ ਸੂਬਾ ਰਹਿਣ ਜੋਗਾ ਨਹੀਂ ਰਹੇਗਾ।”
ਬੀਜੇਪੀ ਲੀਡਰ ਅਨੀਲ ਸਰੀਨ ਨੇ ਕਿਹਾ ਕਿ ਨਵਜੋਤ ਸਿੱਧੂ ਦੇ ਬਿਆਨ ‘ਤੇ ਕਿਹਾ ਕਿ ਜੋ ਅੱਜ ਹਲਾਤ ਪੈਦਾ ਹੋਏ ਹਨ, ਉਹ ਕਾਂਗਰਸ ਦੀ ਆਪਣੀ ਵਜ੍ਹਾ ਕਰਕੇ ਹੋਏ ਹਨ। ਕਾਂਗਰਸ ਨੇ ਦੇਸ਼ ਦਾ ਕਰਜ਼ਾ 2 ਲੱਖ ਕਰੋੜ ਤੋਂ ਵੱਧਾ ਕੇ 3 ਲੱਖ ਕਰੋੜ ਰੁਪਏ ਕਰ ਦਿੱਤਾ ਹੈ। ਸਰੀਨ ਨੇ ਕਿਹਾ ਕਿ ਸਿੱਧੂ ਹੁਣ ਆਰਥਿਕ ਤੰਗੀ ਦੀ ਗੱਲ ਕਰ ਰਹੇ ਹਨ। ਪਿਛਲੇ 5 ਸਾਲ ਉਹ ਕਿੱਥੇ ਸੀ। ਜਿਹੜਾ ਸਰਕਾਰੀ ਪੈਸਾ ਸਰਕਾਰ ਕੋਲ ਆਉਣਾ ਸੀ, ਉਹ ਕਾਂਗਰਸ ਦੇ ਮੰਤਰੀ ਆਪਣੇ ਨਿੱਜੀ ਸਵਾਰਥਾਂ ਲਈ ਵਰਤਦੇ ਰਹੇ ਅਤੇ ਕਾਂਗਰਸ ਦੇ ਮੰਤਰੀਆਂ ਨੇ ਆਪ ਖਜ਼ਾਨਾ ਲੁੱਟਿਆ ਹੈ ਤੇ ਹੁਣ ਖਜ਼ਾਨਾ ਕਿੱਥੋ ਭਰਨਗੇ।