ਬਿਉਰੋ ਰਿਪੋਰਟ – ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਦੇ ਮੈਂਬਰ ਪਾਰਲੀਮੈਂਟ ਵਜੋਂ ਸਹੁੰ ਚੁੱਕਣ ਦੇ ਲਈ ਜਿਹੜੀ 4 ਦਿਨ ਦੀ ਪੈਰੋਲ ਮਿਲੀ ਹੈ। ਉਸ ਨੂੰ ਲੈ ਕੇ ਸ਼ਰਤਾਂ ਸਾਹਮਣੇ ਆਈਆਂ ਹਨ। 5 ਜੁਲਾਈ ਨੂੰ ਪਾਰਲੀਮੈਂਟ ਵਿੱਚ ਸਹੁੰ ਚੁੱਕਣ ਦੇ ਲਈ ਅੰਮ੍ਰਿਤਸਰ ਦੇ DM ਵੱਲੋਂ ਜਾਰੀ ਨਿਰਦੇਸ਼ ਡਿਬਰੂਗੜ੍ਹ ਜੇਲ੍ਹ ਨੂੰ ਭੇਜੇ ਗਏ ਹਨ। ਜਿਸ ਵਿੱਚ ਦੱਸਿਆ ਗਿਆ ਹੈ ਕਿ SSP ਅੰਮ੍ਰਿਤਸਰ ਰੂਰਲ ਦੀ ਅਗਵਾਈ ਵਿੱਚ ਪੂਰੀ ਸੁਰੱਖਿਆ ਅਧੀਨ ਅੰਮ੍ਰਿਤਪਾਲ ਸਿੰਘ ਨੂੰ ਦਿੱਲੀ ਸਹੁੰ ਚੁੱਕਣ ਲਈ ਲਿਜਾਇਆ ਜਾਵੇ ਫਿਰ ਵਾਪਸ ਡਿਬਰੂਗੜ੍ਹ ਜੇਲ੍ਹ ਪਹੁੰਚਾਇਆ ਜਾਵੇ।
DM ਵੱਲੋਂ ਜਾਰੀ ਨਿਰਦੇਸ਼ ਦੇ ਮੁਤਾਬਿਕ ਅੰਮ੍ਰਿਤਪਾਲ ਸਿੰਘ ਨੂੰ ਸਿਰਫ਼ ਨਵੀਂ ਦਿੱਲੀ ਵਿੱਚ ਰਹਿਣ ਦੀ ਇਜਾਜ਼ਤ ਹੋਵੇਗੀ ਉਹ ਕਿਸੇ ਹੋਰ ਥਾਂ ਨਹੀਂ ਜਾ ਸਕਦਾ ਹੈ। ਇਸ ਦੇ ਨਾਲ ਹੀ ਸੈਕਸ਼ਨ 2(C) ਪੰਜਾਬ ਡੀਟੈਨਸ਼ਨ ਰੂਲ 1981 ਮੁਤਾਬਿਕ ਉਸ ਨੂੰ ਪਰਿਵਾਰ ਨਾਲ ਮਿਲਣ ਦੀ ਇਜਾਜ਼ਤ ਹੋਵੇਗੀ। ਇਹ ਵੀ ਨਿਰਦੇਸ਼ ਦਿੱਤੇ ਗਏ ਹਨ ਕਿ ਅੰਮ੍ਰਿਤਪਾਲ ਸਿੰਘ ਇਸ ਦੌਰਾਨ ਕੋਈ ਅਜਿਹਾ ਐਕਸ਼ਨ ਜਾਂ ਫਿਰ ਬਿਆਨ ਨਹੀਂ ਦੇਵੇਗਾ ਜਿਸ ਨਾਲ ਕੌਮੀ ਸੁਰੱਖਿਆ ਨੂੰ ਖ਼ਤਰਾ ਹੋਵੇ। ਇਸ ਦੇ ਨਾਲ ਪਰਿਵਾਰ ਨੂੰ ਨਾ ਤਾਂ ਫੋਟੋ ਖਿੱਚਣ ਦੀ ਇਜਾਜ਼ਤ ਹੋਵੇਗੀ ਨਾ ਹੀ ਫੋਨ ਰਿਕਾਰਡਿੰਗ ਕਰਕੇ ਉਸ ਦੇ ਬਿਆਨ ਨੂੰ ਲੋਕਾਂ ਤੱਕ ਪਹੁੰਚਾਉਣ ਦੀ ਇਜਾਜ਼ਤ ਹੋਵੇਗੀ।
ਅੰਮ੍ਰਿਤਪਾਲ ਸਿੰਘ ਨੂੰ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਉਣ ਅਤੇ ਵਾਪਸ ਛੱਡਣ ਦਾ ਸਾਰਾ ਖ਼ਰਚਾ ਪੰਜਾਬ ਪੁਲਿਸ ਦੇ ਬਜਟ ਤੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ SSP ਅੰਮ੍ਰਿਤਸਰ ਰੂਰਲ ਸਕੱਤਰ ਜਨਰਲ ਲੋਕਸਭਾ ਦੇ ਨਾਲ ਤਾਲਮੇਲ ਕਰਕੇ ਇਸ ਪ੍ਰਕਿਆ ਨੂੰ ਪੂਰੀ ਕਰੇਗਾ।
ਇਹ ਵੀ ਪੜ੍ਹੋ – ਕੈਨੇਡਾ ’ਚ ਪਹਿਲੀ ਵਾਰ ਲੇਡੀ ਜਨਰਲ ਫੌਜ ਦੀ ਮੁਖੀ ਨਿਯੁਕਤ