Punjab

ਕੀ ਹਨ ਮੋਤੀਆਂ ਵਾਲੀ ਸਰਕਾਰ ਦੇ ਹਾਲ

‘ਦ ਖ਼ਾਲਸ ਬਿਊਰੋ :- ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ ਮਾਮਲਾ ਊਠ ਦੇ ਬੁੱਲ੍ਹ ਦੀ ਤਰ੍ਹਾਂ ਲਟਕ ਗਿਆ ਲੱਗਦਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬਾਗੀ ਨੇਤਾ ਨਵਜੋਤ ਸਿੰਘ ਸਿੱਧੂ ਦੇ ਦਰਮਿਆਨ ਸ਼ੁਰੂ ਹੋਈ ਸਿਆਸੀ ਲੜਾਈ ਦਾ ਸੇਕ ਬਾਅਦ ਵਿੱਚ ਪੂਰੀ ਕਾਂਗਰਸ ਨੂੰ ਲੱਗਿਆ। ਕਾਂਗਰਸ ਅੰਦਰ ਚਾਹੇ ਸਭ ਕੁੱਝ ਸ਼ਾਂਤ ਨਜ਼ਰ ਆਉਣ ਲੱਗਾ ਹੈ ਪਰ ਧੂਣੀ ਅੰਦਰੋਂ-ਅੰਦਰੀ ਧੁਖ ਰਹੀ ਹੈ।

ਰਾਜਾ ਵੜਿੰਗ ਨੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਖਿਲਾਫ ਨਵਾਂ ਮੋਰਚਾ ਖੋਲ੍ਹ ਦਿੱਤਾ ਹੈ। ਉਨ੍ਹਾਂ ਨੇ ਇਲਜ਼ਾਮ ਲਾਇਆ ਹੈ ਕਿ ਮਨਪ੍ਰੀਤ ਬਾਦਲ ਅਕਾਲੀ ਦਲ ਦੀ ਮਿਲੀਭੁਗਤ ਨਾਲ ਕਾਂਗਰਸ ਵਿੱਚ ਆਏ ਸਨ। ਇਹੋ ਵਜ੍ਹਾ ਹੈ ਕਿ ਉਹ ਕਾਂਗਰਸ ਦੀ ਥਾਂ ਅਕਾਲੀਆਂ ਨੂੰ ਲੱਖਾਂ ਦੇ ਚੈੱਕ ਵੰਡ ਰਹੇ ਹਨ।

ਕੈਪਟਨ ਅਤੇ ਸਿੱਧੂ ਦਰਮਿਆਨ ਚੱਲੀ ਲੰਬੀ ਜੰਗ ਤੋਂ ਬਾਅਦ ਕਾਂਗਰਸ ਹਾਈਕਮਾਨ ਨੂੰ ਦਖਲ ਦੇਣਾ ਪਿਆ। ਹਾਲਾਂਕਿ, ਮੋਤੀਆਂ ਵਾਲੀ ਸਰਕਾਰ ਦੇ ਖਿਲਾਫ ਰਾਜ ਸਭਾ ਦੇ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਤੋਂ ਬਿਨਾਂ ਹੋਰ ਵੀ ਕਈ ਬਗਾਵਤ ਦਾ ਝੰਡਾ ਚੁੱਕੀ ਫਿਰਦੇ ਸਨ। ਜਦੋਂ ਕੈਪਟਨ, ਸਿੱਧੂ, ਬਾਜਵਾ ਅਤੇ ਦੂਲੋ ਇੱਕ-ਦੂਜੇ ਖਿਲਾਫ ਗਰਜਣ ਤੋਂ ਨਾ ਹਟੇ ਤਾਂ ਹਾਈਕਮਾਨ ਨੇ ਤਿੰਨ ਮੈਂਬਰੀ ਕਮੇਟੀ ਬਣਾ ਦਿੱਤੀ। ਕੈਪਟਨ ਦੇ ਖਿਲਾਫ ਹੋਰ ਵਿਰੋਧੀ ਸੁਰਾਂ ਉੱਠਣ ਦੇ ਨਾਲ-ਨਾਲ ਨਵਜੋਤ ਸਿੰਘ ਸਿੱਧੂ ਵੀ ਕੈਪਟਨ ਪੱਖੀਆਂ ਦੇ ਨਿਸ਼ਾਨੇ ‘ਤੇ ਆ ਗਏ ਅਤੇ ਉਨ੍ਹਾਂ ਨੇ ਸਿੱਧੂ ਨੂੰ ਲੰਬੇ ਹੱਥੀਂ ਲੈਣਾ ਸ਼ੁਰੂ ਕਰ ਦਿੱਤਾ। ਇੰਝ ਲੱਗਣ ਲੱਗਾ ਜਿਵੇਂ ਪੰਜਾਬ ਕਾਂਗਰਸ ਦੋ ਧੜਿਆਂ ਵਿੱਚ ਵੰਡੀ ਗਈ ਹੋਵੇ ਤਿੰਨ ਮੈਂਬਰੀ ਕਮੇਟੀ ਨੇ ਕੈਪਟਨ ਅਤੇ ਸਿੱਧੂ ਦੇ ਅਲੱਗ-ਅਲੱਗ ਤੌਰ ‘ਤੇ ਦੁੱਖੜੇ ਸੁਣੇ ਅਤੇ ਨਾਲ ਹੀ ਸਾਰੇ ਵਿਧਾਇਕਾਂ ਅਤੇ ਮੈਂਬਰ ਪਾਰਲੀਮੈਂਟ ਦੀ ਗੱਲ ਵੀ ਸੁਣੀ।

ਚੱਲ ਰਹੇ ਕਾਟੋ-ਕਲੇਸ਼ ਦੌਰਾਨ ਨਵਜੋਤ ਸਿੰਘ ਸਿੱਧੂ ਵੀ ਕਈ ਤਰ੍ਹਾਂ ਦੀਆਂ ਤੋਹਮਤਾਂ ਵਿੱਚ ਲਪੇਟੇ ਗਏ। ਸਿੱਧੂ ਨੂੰ ਫਾਲਤੂ ਬੋਲਣ ਕਰਕੇ ਅਵਾਮ ਦੇ ਮਿਹਣੇ ਵੀ ਸੁਣਨੇ ਪਏ। ਹੁਣ ਵੀ ਬਿਜਲੀ ਸੰਕਟ ਨੂੰ ਲੈ ਕੇ ਸਿੱਧੂ ਕੈਪਟਨ ਨੂੰ ਰਗੜੇ ਜਾਣ ਦਾ ਕੋਈ ਮੌਕਾ ਖੁੰਝਣ ਨਹੀਂ ਦਿੰਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਨੂੰ ਲੈ ਕੇ ਸਿੱਧੂ ਦੇ ਟਵੀਟ ‘ਤੇ ਟਵੀਟ ਡਿੱਗ ਰਹੇ ਹਨ ਪਰ ਲੋਕਾਂ ਨੇ ਵੀ ਸਿੱਧੂ ਨੂੰ ਬਿਜਲੀ ਮਹਿਕਮਾ ਲੈਣ ਤੋਂ ਨਾਂਹ ਕਰਨ ਕਰਕੇ ਮਿਹਣੇ ਮਾਰਨੇ ਸ਼ੁਰੂ ਕਰ ਦਿੱਤੇ ਹਨ। ਲੋਕ ਹਨ ਵੀ ਸੱਚੇ, ਜੇ ਸਿੱਧੂ ਮੰਚ ਛੱਡਣ ਦੀ ਥਾਂ ਛੋਟਾ ਮਹਿਕਮਾ ਲੈ ਲੈਂਦਾ ਤਾਂ ਲੋਕਾਂ ਦੇ ਮਿਹਣਿਆਂ ਤੋਂ ਬਚ ਹੀ ਜਾਣਾ ਸੀ, ਖੌਰੇ ਬਿਜਲੀ ਸੰਕਟ ਦੀ ਨੌਬਤ ਵੀ ਨਾ ਆਉਂਦੀ। ਪੰਜਾਬ ਪਿਆਰਾ ਲੱਗਣ ਦੀ ਰਟ ਲਾਉਣ ਵਾਲੇ ਸਿੱਧੂ ਨੂੰ ਉਦੋਂ ਪੰਜਾਬੀਆਂ ਦੇ ਭਲੇ ਨਾਲੋਂ ਆਪਣੀ ਵੱਡੀ ਕੁਰਸੀ ਦਾ ਮੋਹ ਵਧੇਰੇ ਆਇਆ।

ਪਾਰਟੀ ਹਾਈਕਮਾਂਡ ਦੀ ਘੁਰਕੀ ਤੋਂ ਬਾਅਦ ਪੰਜਾਬ ਕਾਂਗਰਸੀਆਂ ਦੀ ਜ਼ੁਬਾਨ ਤਾਂ ਇੱਕ ਵਾਰ ਸੰਘ ਤੋਂ ਹੇਠਾਂ ਉੱਤਰ ਗਈ ਹੈ ਪਰ ਦਿੱਲੀ ਤੋਂ ਆ ਰਹੀਆਂ ਸ਼ੁਰਲੀਆਂ ਨੇ ਪਾਣੀ ਚੜ੍ਹਦੇ ਵੱਲ ਨੂੰ ਵਹਿਣ ਲਾ ਦਿੱਤਾ ਹੈ। ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਦੀ ਸੂਹ ਪੈਂਦਿਆਂ ਹੀ ਕੈਪਟਨ ਤੋਂ ਪਾਸਾ ਵੱਟ ਕੇ ਲੰਘਣ ਵਾਲੇ ਨੇਤਾ ਹੁਣ ਉਨਾਂ ਦੇ ਦਰਬਾਰ ਵਿੱਚ ਹਾਜ਼ਰੀ ਭਰਨ ਲੱਗੇ ਹਨ। ਕੋਈ ਝੰਡੀ ਵਾਲੀ ਕਾਰ ਲੈਣ ਲਈ ਤਰਲਾ ਪਾਉਣ ਲੱਗਾ ਹੈ ਅਤੇ ਦੂਜੇ ਕੁਰਸੀ ਨਾ ਖੋਹਣ ਦਾ ਵਾਸਤਾ ਪਾ ਰਿਹਾ ਹੈ।

ਕੁੱਲ ਮਿਲਾ ਕੇ ਸਿੱਧੂ ਨੇ ਮੋਤੀਆਂ ਵਾਲੀ ਸਰਕਾਰ ਖਿਲਾਫ ਭੜਾਸ ਕੱਢ ਕੇ ਖੱਟਿਆ ਘੱਟ ਅਥੇ ਗਵਾਇਆ ਵਧੇਰੇ ਹੈ। ਕੈਪਟਨ ਤੋਂ ਤਾਂ ਪਾਰਟੀ ਦਾ ਇੱਕ ਧੜਾ ਅਤੇ ਲੋਕ ਪਹਿਲਾਂ ਹੀ ਨਰਾਜ਼ ਸਨ ਪਰ ਉਹ ਪਿੰਡੇ ‘ਤੇ ਪਾਣੀ ਹਾਲੇ ਵੀ ਨਹੀਂ ਪੈਣ ਦਿੰਦਾ। ਸੋਨੀਆ ਭਾਬੀ ਦਾ ਥਾਪੜਾ ਨਾਲ ਹੈ। ਮਰਹੂਮ ਰਾਜੀਵ ਗਾਂਧੀ ਦਾ ਛੋਟਾ ਭਰਾ ਸੋਨੀਆ ਦਾ ਲਾਡਲਾ ਹੈ। ਪ੍ਰਿਅੰਕਾ ਅਤੇ ਰਾਹੁਲ ਨੂੰ ਚਾਚੇ ਨਾਲੋਂ ਗੁਰੂ (ਸਿੱਧੂ) ਦੀ ਤਾਲ ਨਾਲ ਤਾਲ ਮਿਲਾ ਕੇ ਤਾੜੀ ਠੋਕਣੀ ਵਧੇਰੇ ਚੰਗੀ ਲੱਗਦੀ ਹੈ। ਭਾਈ, ਇਹ ਸਿਆਸਤ ਹੈ। ਇੱਥੇ ਕੋਈ ਕਿਸੇ ਦਾ ਨਾ ਸਕਾ ਹੁੰਦਾ ਹੈ ਨਾ ਮਾਈ-ਬਾਪ। ਰਾਜਨੀਤੀ ਵਿੱਚ ਤਾਂ ਭੈਣ ਭਰਾ ਨੂੰ ਤੇ ਪੁੱਤ ਮਾਂ ਨੂੰ ਨਹੀਂ ਪਛਾਣਦੇ। ਫਿਰ ਪੰਜਾਬ ਦੇ ਕਾਂਗਰਸੀਏ ਕਿਹਦੇ ਪਾਣੀ ਹਾਰ।