Punjab

ਨਾਮਜ਼ਦਗੀਆਂ ਭਰਨ ਨੂੰ ਲੈ ਕੇ ਪਟਿਆਲਾ ‘ਚ ਹੰਗਾਮਾ, ਬੀਜੇਪੀ ਦੇ 2 ਉਮੀਦਵਾਰਾਂ ਦੇ ਖੋਹੇ ਕਾਗਜ਼

ਪਟਿਆਲਾ : ਨਗਰ ਨਿਗਮ ਚੋਣਾਂ ਲਈ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ। ਪੰਜਾਬ ਪੁਲਿਸ ਵਲੋਂ ਪਟਿਆਲਾ ਦੇ ਐਮ.ਸੀ. ਦਫ਼ਤਰ ਦੇ ਬਾਹਰ ਗੇਟ ਬੰਦ ਕਰਕੇ ਭਾਜਪਾ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਰੋਕਿਆ ਜਾ ਰਿਹਾ ਹੈ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਮਹਾਰਾਣੀ ਪ੍ਰਨੀਤ ਕੌਰ, ਸਾਬਕਾ ਮੰਤਰੀ ਰਾਣਾ ਸੋਢੀ, ਭਾਜਪਾ ਪੰਜਾਬ ਮਹਿਲਾ ਮੋਰਚਾ ਦੀ ਪ੍ਰਧਾਨ ਬੀਬੀ ਜੈ ਇੰਦਰ ਕੌਰ ਸਮੇਤ ਸੀਨੀਅਰ ਆਗੂਆਂ ਨੂੰ ਵੀ ਗੇਟ ’ਤੇ ਹੀ ਰੋਕ ਲਿਆ ਗਿਆ।

ਇਸੇ ਦੌਰਾਨ ਨਾਮਜ਼ਦਗੀਆਂ ਭਰਨ ਨੂੰ ਲੈ ਕੇ ਜ਼ਬਰਦਸਤ ਹੰਗਾਮਾ ਹੋਇਆ ਹੈ। ਜਦੋਂ ਇੱਕ ਵਿਅਕਤੀ ਦੇ ਵਲੋਂ ਦੋ ਭਾਜਪਾਈ ਉਮੀਦਵਾਰਾਂ ਦੀਆਂ ਨਾਮਜ਼ਦਗੀ ਵਾਲੀਆਂ ਫ਼ਾਈਲਾਂ ਹੀ ਖੋਹ ਲਈਆਂ ਗਈਆਂ ਅਤੇ ਉਕਤ ਵਿਅਕਤੀ ਮੌਕੇ ਤੋਂ ਭੱਜ ਗਿਆ। ਇਹ ਸਾਰੀ ਵਾਰਦਾਤ ਪੁਲਿਸ ਦੀ ਮੌਜ਼ੂਦਗੀ ਵਿੱਚ ਵਾਪਰੀ। ਦੱਸਿਆ ਜਾ ਰਿਹਾ ਹੈ ਕਿ, ਖ਼ਬਰਾਂ ਇਹ ਵੀ ਹਨ ਕਿ, ਵਿਰੋਧ ਪ੍ਰਦਰਸ਼ਨ ਦੇ ਦੌਰਾਨ ਇਕ ਉਮੀਦਵਾਰ ਨੇ ਆਪਣੇ ਹੀ ਕਾਗਜ਼ ਖੁਦ ਪਾੜ ਦਿੱਤੇ।

ਇਸ ਦੇ ਨਾਲ ਹੀ ਕਾਂਗਰਸੀ ਆਗੂਆਂ ਨੇ ਇਹ ਵੀ ਦੋਸ਼ ਲਾਇਆ ਹੈ ਕਿ ਉਨ੍ਹਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਗਿਆ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚ ਗਈ। ਪੁਲਿਸ ਨੇ ਸਾਰੇ ਗੇਟ ਬੰਦ ਕਰ ਦਿੱਤੇ ਹਨ। ਹੁਣ ਲੋਕਾਂ ਨੂੰ ਸਿਰਫ਼ ਇੱਕ ਗੇਟ ਰਾਹੀਂ ਹੀ ਅੰਦਰ ਜਾਣ ਦੀ ਇਜਾਜ਼ਤ ਹੈ।

ਆਮ ਆਦਮੀ ਪਾਰਟੀ ਦੇ ਆਗੂ ਜੌਨੀ ਕੋਹਲੀ ਨੇ ਮੀਡੀਆ ਨੂੰ ਦੱਸਿਆ ਕਿ ਇਹ ਸਭ ਡਰਾਮਾ ਹੈ। ਉਨ੍ਹਾਂ ਕਿਹਾ ਕਿ ਅੰਦਰ ਸਿਰਫ਼ ਉਮੀਦਵਾਰ ਅਤੇ ਪ੍ਰਸਤਾਵਕ ਹੀ ਜਾ ਰਹੇ ਹਨ। ਕੰਮ ਬਹੁਤ ਹੀ ਸੁਚੱਜੇ ਢੰਗ ਨਾਲ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਚੋਣ ਨਹੀਂ ਲੜਨਾ ਚਾਹੁੰਦੇ। ਉਸ ਦੀ ਪਤਨੀ ਵੀ ਨਾਮਜ਼ਦਗੀ ਭਰਨ ਲਈ ਅੰਦਰ ਗਈ ਹੈ।