ਗੁਰਦੀਪ ਸਿੰਘ ਨੇ ਵੇਟਲਿਫਟਿੰਗ ਵਿੱਚ ਜਿੱਤਿਆ ਕਾਂਸੀ ਦਾ ਤਗਮਾ, ਵੇਟਲਿਫਟਿੰਗ ਵਿੱਚ ਭਾਰਤ ਨੇ ਹੁਣ ਤੱਕ ਜਿੱਤੇ 10 ਤਗਮੇ
‘ਦ ਖ਼ਾਲਸ ਬਿਊਰੋ : Commonwealth games 2022 ਵਿੱਚ ਭਾਰਤ ਦੇ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ । ਪੰਜਾਬ ਦੇ ਵੇਟਲਿਫਟਰ ਗੁਰਦੀਪ ਸਿੰਘ ਨੇ ਭਾਰਤ ਦੀ ਝੋਲੀ ਵੇਟਲਿਫਟਿੰਗ ਵਿੱਚ 10 ਵਾਂ ਮੈਡਲ ਪਾਇਆ ਹੈ। 3 ਦਿਨਾਂ ਦੇ ਅੰਦਰ ਗੁਰਦੀਪ ਪੰਜਾਬ ਦੇ ਚੌਥੇ ਵੇਟਲਿਫਟਰ ਬਣ ਗਏ ਹਨ। ਜਿੰਨਾਂ ਨੇ ਕਾਮਨਵੈਲਥ ਖੇਡਾਂ ਵਿੱਚ ਮੈਡਲ ਜਿੱਤਿਆ ਹੈ। 109 ਪਲੱਸ ਕਿਲੋਗ੍ਰਾਮ ਵਰਗ ਵਿੱਚ ਗੁਰਦੀਪ ਨੇ ਕਾਂਸੀ ਦਾ ਤਗਮਾ ਜਿੱਤਿਆ ਹੈ, ਇਸ ਤੋਂ ਪਹਿਲਾਂ ਵੇਟਲਿਫਟਿੰਗ ਵਿੱਚ ਭਾਰਤ ਨੇ 3 ਗੋਲਡ, 3 ਚਾਂਦੀ ਅਤੇ 4 ਕਾਂਸੀ ਦੇ ਤਗਮੇ ਜਿੱਤੇ ਹਨ।
ਇਸ ਤਰ੍ਹਾਂ ਗੁਰਦੀਪ ਨੇ ਮੈਡਲ ‘ਤੇ ਕੀਤਾ ਕਬਜ਼ਾ
26 ਸਾਲ ਦੇ ਗੁਰਦੀਪ ਨੇ ਸਨੈਚ ਰਾਊਂਡ ਵਿੱਚ 167 ਕਿਲੋਗਰਾਮ ਭਾਰ ਚੁੱਕਿਆ ਉਸ ਤੋਂ ਕਲੀਨ ਐਂਡ ਜਰਕ ਰਾਊਂਡ ਵਿੱਚ ਉਨ੍ਹਾਂ ਨੇ 223 ਕਿਲੋ ਭਾਰ ਚੁੱਕ ਕੇ ਕੁੱਲ ਸਕੋਰ 390 ਕੀਤਾ ਜਦਕਿ ਪਾਕਿਸਤਾਨ ਦੇ ਮੁਹੰਮਦ ਨੂਹ ਬੱਟ ਨੇ 405 ਕਿਲੋਗ੍ਰਾਮ ਭਾਰ ਚੁੱਕ ਕੇ ਗੋਲਡ ਮੈਡਲ ਜਿੱਤਿਆ, ਦੂਜੇ ਨੰਬਰ ‘ਤੇ ਨਿਊਜ਼ੀਲੈਂਡ ਦੇ ਡੇਵਿਡ ਰਹੇ ਜਿੰਨਾਂ ਨੇ 394 ਕਿਲੋਗ੍ਰਾਮ ਭਾਰ ਚੁੱਕਿਆ।
ਹਾਲਾਂਕਿ ਹਰਜਿੰਦਰ ਵਾਂਗ ਗੁਰਦੀਪ ਦੀ ਸ਼ੁਰੂਆਤ ਵੀ ਮੁਕਾਬਲੇ ਵਿੱਚ ਚੰਗੀ ਨਹੀਂ ਰਹੀ ਸੀ ਉਹ ਪਹਿਲੇ Attempt ਵਿੱਚ 167 ਕਿਲੋ ਭਾਰ ਚੁੱਕਣ ਵਿੱਚ ਕਾਮਯਾਬ ਨਹੀਂ ਹੋ ਸਕੇ ਸਨ। ਹਰਜਿੰਦਰ ਵੀ ਪਹਿਲੇ Attempt ਵਿੱਚ ਸਫਲ ਨਹੀਂ ਰਹੀ ਸੀ ਪਰ ਬਾਅਦ ਵਿੱਚੋਂ ਉਸ ਨੇ ਵਾਪਸੀ ਕੀਤੀ ਅਤੇ ਮੈਡਲ ਦੀ ਦਾਅਵੇਦਾਰ ਬਣੀ।
ਮੈਡਲ ਜਿੱਤਣ ਲਈ ਗੁਰਦੀਪ ਨੇ ਤਗੜੀ ਮਿਹਨਤ ਕੀਤੀ
ਖੰਨਾ ਦੇ ਪਿੰਡ ਮਾਜਰੀ ਰਸੂਲੜਾ ਦੇ ਰਹਿਣ ਵਾਲੇ ਗੁਰਦੀਪ ਦੀ ਇਸ ਕਾਮਯਾਬੀ ਤੋਂ ਪਰਿਵਾਰ ਬੁਹਤ ਖੁਸ਼ ਹੈ, ਪਰਿਵਾਰ ਮੁਤਾਬਿਕ ਗੁਰਦੀਪ ਪੂਰਾ ਦਿਨ ਪਿੰਡ ਦੇ ਗਰਾਉਂਡ ਵਿੱਚ ਪ੍ਰੈਕਟਿਸ ਕਰਦਾ ਸੀ ਜਦੋਂ ਘਰ ਆਉਂਦਾ ਸੀ ਤਾਂ ਵੀ ਉਸ ਦੇ ਸਿਰ ‘ਤੇ ਪ੍ਰੈਕਟਿਸ
ਕਰਨ ਦਾ ਜਨੂੰਨ ਸਵਾਰ ਹੁੰਦਾ ਸੀ, ਜਦੋਂ ਘਰ ਦੇ ਸਾਰੇ ਲੋਕ ਨੀਂਦ ਵਿੱਚ ਹੁੰਦੇ ਸਨ ਤਾਂ ਉਹ ਮੁੜ ਤੋਂ ਪ੍ਰੈਕਟਿਸ ਸ਼ੁਰੂ ਕਰ ਦਿੰਦਾ ਸੀ, ਪਿਤਾ ਮੁਤਾਬਿਕ ਗੁਰਦੀਪ ਨੇ 2010 ਤੋਂ ਵੇਟਲਿਫਟਿੰਗ ਸ਼ੁਰੂ ਕੀਤੀ ਅਤੇ ਅੱਜ 12 ਸਾਲ ਬਾਅਦ ਉਸ ਨੇ ਮੈਡਲ ਜਿੱਤਿਆ ਹੈ। ਉਸ ਦੀ ਭੈਣ ਮਨਬੀਰ ਨੇ ਕਿਹਾ ਰੱਖਣੀ ਤੋਂ ਪਹਿਲਾਂ ਉਸ ਦੇ ਭਰਾ ਨੇ ਸਭ ਤੋਂ ਵੱਡਾ ਗਿਫਟ ਦਿੱਤਾ ਹੈ। ਭੈਣ ਮਨਵੀਰ ਨੇ ਦੱਸਿਆ ਕਿ ਮੇਰੇ ਭਰਾ ਨੇ ਕਿਹਾ ਸੀ ਕਿ ਉਸ ਦੀ ਕੋਸ਼ਿਸ਼ ਗੋਲਡ ਮੈਡਲ ਦੀ ਰਹੇਗੀ ਪਰ ਉਸ ਨੇ ਵਾਅਦਾ ਕੀਤਾ ਸੀ ਕਿ ਉਹ ਕੋਈ ਨਾ ਕੋਈ ਮੈਡਲ ਜ਼ਰੂਰ ਜਿੱਤ ਕੇ ਲਿਆਏਗਾ ਅਤੇ ਉਸ ਨੇ ਆਪਣਾ ਵਾਅਦਾ ਪੂਰਾ ਕਰ ਦਿੱਤਾ ਹੈ ਭੈਣ ਮੁਤਾਬਿਕ 109 ਕਿਲੋ ਗਰਾਮ ਕੈਟਾਗਰੀ ਵਿੱਚ ਇਹ ਭਾਰਤ ਦਾ ਪਹਿਲਾ ਮੈਡਲ ਹੈ।
ਪੰਜਾਬ ਦੇ 4 ਵੇਟਲਿਫਟਰ ਨੇ ਮੈਡਲ ਜਿੱਤਿਆ
ਪੰਜਾਬ ਦੇ ਹੁਣ ਤੱਕ ਚਾਰ ਵੇਟਲਿਫਟਰ ਨੇ ਮੈਡਲ ਜਿੱਤਿਆ ਹੈ । ਸ਼ੁਰੁਆਤ ਹਰਜਿੰਦਰ ਕੌਰ ਨੇ ਕੀਤੀ ਸੀ ਉਨ੍ਹਾਂ ਨੇ 71 ਕਿਲੋ ਦੇ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ, ਇਸ ਤੋਂ ਬਾਅਦ ਵਿਕਾਸ ਠਾਕੁਰ ਨੇ ਚਾਂਦੀ ਦੀ ਤਗਮਾ ਜਿੱਤਿਆ ਕਾਮਨਵੈਲਥ ਖੇਡਾਂ ਵਿੱਚ ਇਹ ਉਨ੍ਹਾਂ ਦਾ ਲਗਾਤਾਰ ਤੀਜਾ ਮੈਡਲ ਸੀ, ਇਸ ਤੋਂ ਬਾਅਦ ਲਵਪ੍ਰੀਤ ਨੇ ਕਾਂਸੀ ਦਾ ਮੈਡਲ ਲੈ ਕੇ ਪੰਜਾਬੀਆਂ ਨੂੰ ਇੱਕ ਹੋਰ ਚੰਗੀ ਖ਼ਬਰ ਸੁਣਾਈ ਅਤੇ ਹੁਣ ਗੁਰਦੀਪ ਸਿੰਘ ਨੇ ਸ਼ਾਨਦਾਰ ਖੇਡ ਵਿਖਾਉਂਦੇ ਹੋਏ ਕਾਂਸ਼ੀ ਦਾ ਤਗਮਾ ਜਿੱਤਿਆ ਹੈ ।